OAT ਸੈਂਟਰ ਡੱਬਵਾਲਾ ਕਲਾਂ ਵਿਖੇ ਚੋਰੀ, ਸਿਵਲ ਸਰਜਨ ਨੇ ਐੱਸ. ਐੱਸ. ਪੀ. ਕੋਲ ਚੁੱਕਿਆ ਮੁੱਦਾ

Tuesday, Jan 20, 2026 - 07:10 PM (IST)

OAT ਸੈਂਟਰ ਡੱਬਵਾਲਾ ਕਲਾਂ ਵਿਖੇ ਚੋਰੀ, ਸਿਵਲ ਸਰਜਨ ਨੇ ਐੱਸ. ਐੱਸ. ਪੀ. ਕੋਲ ਚੁੱਕਿਆ ਮੁੱਦਾ

ਫਾਜ਼ਿਲਕਾ (ਸੁਖਵਿੰਦਰ ਥਿੰਦ): ਫਾਜ਼ਿਲਕਾ ਜ਼ਿਲ੍ਹੇ ਦੇ OAT ਸੈਂਟਰ ਡੱਬਵਾਲਾ ਕਲਾਂ ਵਿਖੇ ਹਾਲ ਹੀ ਵਿੱਚ ਵਾਪਰੀ ਚੋਰੀ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਵੱਲੋਂ ਤੁਰੰਤ ਕਦਮ ਚੁੱਕੇ ਗਏ। ਇਸ ਸੰਬੰਧੀ ਉਨ੍ਹਾਂ ਨੇ ਜ਼ਿਲ੍ਹਾ ਪੁਲਸ ਮੁਖੀ (SSP) ਫਾਜ਼ਿਲਕਾ ਨਾਲ ਵਿਸਥਾਰਪੂਰਵਕ ਮੀਟਿੰਗ ਕਰਕੇ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਨਾ ਸਿਰਫ਼ ਡੱਬਵਾਲਾ ਕਲਾਂ, ਸਗੋਂ ਜ਼ਿਲ੍ਹੇ ਦੇ ਹੋਰ ਸਾਰੇ OAT ਸੈਂਟਰਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਮੰਗ ਕੀਤੀ। ਇਸ ਸੰਬਧੀ ਉਹਨਾਂ ਨਾਲ਼ ਮੀਟਿੰਗ ਦੋਰਾਨ ਸੀਨੀਅਰ ਮੈਡੀਕਲ ਅਫਸਰ ਡਾਕਟਰ ਏਰਿਕ ਨਾਲ ਸੀ।

ਸਿਵਲ ਸਰਜਨ ਨੇ ਐੱਸ ਐੱਸ ਪੀ ਗੁਰਮੀਤ ਸਿੰਘ ਸਿੰਘ ਨੂੰ ਦੱਸਿਆ ਕਿ OAT (Opioid Assisted Treatment) ਸੈਂਟਰ ਨਸ਼ਾ ਮੁਕਤੀ ਲਈ ਬਹੁਤ ਹੀ ਅਹਿਮ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਇਨ੍ਹਾਂ ਸੈਂਟਰਾਂ ਦੀ ਸੁਰੱਖਿਆ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਨ ਸਿਹਤ ਲਈ ਖਤਰਾ ਬਣ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸੈਂਟਰਾਂ ਵਿੱਚ ਮੌਜੂਦ ਦਵਾਈਆਂ, ਰਿਕਾਰਡ ਅਤੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਨਸ਼ਾ ਛੱਡਣ ਆਏ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ। ਮੀਟਿੰਗ ਦੌਰਾਨ ਐੱਸ ਐੱਸ ਪੀ ਫਾਜ਼ਿਲਕਾ ਵੱਲੋਂ ਭਰੋਸਾ ਦਿੱਤਾ ਗਿਆ ਕਿ ਚੋਰੀ ਦੀ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ OAT ਸੈਂਟਰਾਂ ਦੀ ਸੁਰੱਖਿਆ ਲਈ ਜ਼ਰੂਰੀ ਪੁਲਿਸ ਸਹਿਯੋਗ ਦਿੱਤਾ ਜਾਵੇਗਾ। ਇਸ ਵਿੱਚ ਰਾਤ ਦੇ ਸਮੇਂ ਗਸ਼ਤ ਵਧਾਉਣਾ, ਸੰਵੇਦਨਸ਼ੀਲ ਸੈਂਟਰਾਂ ’ਤੇ ਵਿਸ਼ੇਸ਼ ਨਿਗਰਾਨੀ ਅਤੇ ਸਥਾਨਕ ਪੁਲਿਸ ਨਾਲ ਤਾਲਮੇਲ ਸ਼ਾਮਲ ਹੈ।

ਮੀਟਿੰਗ ਤੋਂ ਬਾਅਦ ਸਿਵਲ ਸਰਜਨ ਡਾ. ਕਵਿਤਾ ਸਿੰਘ ਵੱਲੋਂ ਖੁਦ OAT ਸੈਂਟਰ ਡੱਬਵਾਲਾ ਕਲਾਂ ਦਾ ਦੌਰਾ ਵੀ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਸੈਂਟਰ ਦੇ ਸਟਾਫ ਨਾਲ ਗੱਲਬਾਤ ਕਰਕੇ ਚੋਰੀ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਲਈ ਅਤੇ ਸੁਰੱਖਿਆ ਸੰਬੰਧੀ ਕਮੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਟਾਫ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਸੈਂਟਰ ਦੀਆਂ ਸੇਵਾਵਾਂ ਕਿਸੇ ਵੀ ਕੀਮਤ ’ਤੇ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ ਜਾਣਗੀਆਂ।

ਸਿਵਲ ਸਰਜਨ ਨੇ ਦੌਰੇ ਦੌਰਾਨ ਸਪਸ਼ਟ ਹਦਾਇਤਾਂ ਦਿੱਤੀਆਂ ਕਿ ਸੈਂਟਰਾਂ ਵਿੱਚ CCTV ਕੈਮਰੇ, ਰਾਤ ਦੀ ਲਾਈਟਿੰਗ, ਦਰਵਾਜ਼ਿਆਂ ਅਤੇ ਖਿੜਕੀਆਂ ਦੀ ਮਜ਼ਬੂਤੀ ਅਤੇ ਰਿਕਾਰਡ ਦੀ ਸੁਰੱਖਿਅਤ ਸੰਭਾਲ ਯਕੀਨੀ ਬਣਾਈ ਜਾਵੇ। ਨਾਲ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਹੋਰ OAT ਸੈਂਟਰਾਂ ਦੀ ਸੁਰੱਖਿਆ ਦਾ ਮੁੜ ਅੰਕਲਨ ਕਰਨ ਅਤੇ ਜ਼ਰੂਰਤ ਅਨੁਸਾਰ ਵਾਧੂ ਸੁਰੱਖਿਆ ਉਪਕਰਣ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ। ਡਾ. ਕਵਿਤਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਮੁਕਤੀ ਅਤੇ ਸਿਹਤ ਸੇਵਾਵਾਂ ਨੂੰ ਲੈ ਕੇ ਗੰਭੀਰ ਹੈ ਅਤੇ OAT ਸੈਂਟਰਾਂ ਰਾਹੀਂ ਹਜ਼ਾਰਾਂ ਨੌਜਵਾਨ ਮੁੜ ਸਿਹਤਮੰਦ ਜੀਵਨ ਵੱਲ ਵਾਪਸ ਆ ਰਹੇ ਹਨ। ਇਸ ਲਈ ਇਨ੍ਹਾਂ ਸੈਂਟਰਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਨੇ ਜਨਤਾ ਨੂੰ ਵੀ ਅਪੀਲ ਕੀਤੀ ਕਿ ਸਿਹਤ ਸੰਸਥਾਵਾਂ ਦੀ ਰੱਖਿਆ ਵਿਚ ਸਹਿਯੋਗ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਇਸ ਦੌਰਾਨ ਡਾਕਟਰ ਦੁਸ਼ਯੰਤ ਯਾਦਵ ਸੁਭਾਸ਼ ਚੰਦਰ ਪ੍ਰਕਾਸ਼ ਸਿੰਘ ਵਿਨੋਦ ਹਾਜਰ ਸੀ।
 


author

Anmol Tagra

Content Editor

Related News