ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਆਇਆ ਹਵਾਲਾਤੀ ਹਿਰਾਸਤ ’ਚੋਂ ਫ਼ਰਾਰ, ਪੁਲਸ ਦੇ ਫੁੱਲੇ ਹੱਥ-ਪੈਰ
Tuesday, Jan 20, 2026 - 10:11 AM (IST)
ਲੁਧਿਆਣਾ (ਰਾਜ) : ਮਹਾਨਗਰ ਦੇ ਸਿਵਲ ਹਸਪਤਾਲ ’ਚ ਅੱਜ ਉਸ ਸਮੇਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਪੁਲਸ ਹਿਰਾਸਤ ’ਚੋਂ ਇਕ ਸ਼ਾਤਰ ਨਸ਼ਾ ਸਮੱਗਲਰ ਫਰਾਰ ਹੋ ਗਿਆ। ਮੁਲਜ਼ਮ ਦੇ ਫਰਾਰ ਹੁੰਦੇ ਹੀ ਹਸਪਤਾਲ ਕੰਪਲੈਕਸ ’ਚ ਭੱਜ-ਦੌੜ ਮੱਚ ਗਈ ਅਤੇ ਪੁਲਸ ਮੁਲਾਜ਼ਮਾਂ ਦੇ ਹੱਥ-ਪੈਰ ਫੁੱਲ ਗਏ। ਹਾਲਾਂਕਿ ਭਾਰੀ ਮੁਸ਼ੱਕਤ ਅਤੇ ਸਰਚ ਆਪ੍ਰੇਸ਼ਨ ਤੋਂ ਬਾਅਦ ਮੁਲਜ਼ਮ ਨੂੰ ਮੁੜ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਪੁਲਸ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਮੁਤਾਬਕ ਥਾਣਾ ਟਿੱਬਾ ਦੀ ਪੁਲਸ ਨਸ਼ੀਲੀਆਂ ਗੋਲੀਆਂ ਦੇ ਮਾਮਲੇ ’ਚ ਗ੍ਰਿਫਤਾਰ ਮੁਲਜ਼ਮ ਸੌਰਵ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਈ ਸੀ।
ਇਹ ਵੀ ਪੜ੍ਹੋ : ਮੀਡੀਆ ਦੀ ਆਵਾਜ਼ ਦਬਾਉਣ ਲਈ ਤਾਨਾਸ਼ਾਹੀ 'ਤੇ ਉਤਰੀ ਮਾਨ ਸਰਕਾਰ : ਰਾਜਾ ਵੜਿੰਗ
ਏ. ਐੱਸ. ਆਈ. ਇੰਦਰਜੀਤ ਸਿੰਘ ਮੁਤਾਬਕ ਮੁਲਜ਼ਮ ਦੀ ਲੱਤ ’ਤੇ ਪਹਿਲਾਂ ਤੋਂ ਸੱਟ ਲੱਗੀ ਹੋਈ ਸੀ। ਜਦੋਂ ਏ. ਐੱਸ. ਆਈ. ਹਸਪਤਾਲ ਦੇ ਕਾੳਂੂਟਰ ’ਤੇ ਮੈਡੀਕਲ ਦੀ ਪਰਚੀ ਬਣਵਾਉਣ ’ਚ ਵਿਅਸਤ ਹੋਏ ਤਾਂ ਸੌਰਵ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਪੁਲਸ ਦੀਆਂ ਅੱਖਾਂ ’ਚ ਘੱਟਾ ਪਾ ਕੇ ਉਥੋਂ ਗਾਇਬ ਹੋ ਗਿਆ। ਹਵਾਲਾਤੀ ਦੇ ਫਰਾਰ ਹੋਣ ਦੀ ਖ਼ਬਰ ਅੱਗ ਵਾਂਗ ਫੈਲੀ, ਜਿਸ ਤੋਂ ਬਾਅਦ ਪੁਲਸ ਟੀਮ ਨੇ ਪੂਰੇ ਹਸਪਤਾਲ ਕੰਪਲੈਕਸ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ। ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਮੁਲਜ਼ਮ ਭੱਜ ਕੇ ਹਸਪਤਾਲ ਕੋਲ ਸਥਿਤ ਇਕ ਸ਼ਰਾਬ ਦੇ ਠੇਕੇ ਤੱਕ ਜਾ ਪੁੱਜਾ, ਜਿਥੇ ਮੁਸਤੈਦ ਲੋਕਾਂ ਅਤੇ ਪੁਲਸ ਨੇ ਉਸ ਨੂੰ ਘੇਰਾਬੰਦੀ ਕਰ ਕੇ ਮੁੜ ਦਬੋਚ ਲਿਆ। ਫੜੇ ਜਾਣ ਤੋਂ ਬਾਅਦ ਮੁਲਜ਼ਮ ਨੇ ਅਜੀਬੋ-ਗਰੀਬ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਭੱਜਿਆ ਨਹੀਂ, ਸਗੋਂ ਬਾਥਰੂਮ ਕਰਨ ਗਿਆ ਸੀ। ਹਾਲ ਦੀ ਘੜੀ ਪੁਲਸ ਨੇ ਮੁਲਜ਼ਮ ਨੂੰ ਸਖਤ ਸੁਰੱਖਿਆ ’ਚ ਮੁੜ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
