32 ਸਾਲਾਂ ਤੋਂ ਉਸਾਰੀ ਦੀ ਉਡੀਕ ’ਚ ਹਮੀਦੀ ਦਾ 25 ਬਿਸਤਰਿਆਂ ਵਾਲਾ ਹਸਪਤਾਲ
Saturday, Jan 17, 2026 - 07:12 PM (IST)
ਮਹਿਲ ਕਲਾਂ (ਹਮੀਦੀ): ਪੰਜਾਬ ਵਿਚ ਵਾਰੀ-ਵਾਰੀ ਬਣਦੀਆਂ ਰਹੀਆਂ ਸਰਕਾਰਾਂ ਵੱਲੋਂ ਪਿੰਡਾਂ ਦੇ ਵਿਕਾਸ, ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਨਾਂ ’ਤੇ ਰੱਖੇ ਗਏ ਨੀਹ ਪੱਥਰ ਅਕਸਰ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਜਾਂਦੇ ਹਨ। ਅਜਿਹੀ ਹੀ ਇਕ ਦਰਦਨਾਕ ਮਿਸਾਲ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿੱਚ ਵੇਖਣ ਨੂੰ ਮਿਲਦੀ ਹੈ, ਜਿੱਥੇ 32 ਸਾਲ ਪਹਿਲਾਂ 25 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਦੀ ਉਸਾਰੀ ਲਈ ਰੱਖਿਆ ਗਿਆ ਨੀਹ ਪੱਥਰ ਅੱਜ ਵੀ ਸਰਕਾਰਾਂ ਦੀ ਨਾਕਾਮੀ ਨੂੰ ਬਿਆਨ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਸੰਨ 1993 ਵਿੱਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਉਸ ਸਮੇਂ ਦੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨਿਰਮਲਜੀਤ ਸਿੰਘ ਕਲਸੀ ਵੱਲੋਂ ਪਿੰਡ ਹਮੀਦੀ ਵਿੱਚ ਭਰਪੂਰ ਸਿੰਘ ਰਾਣੂ ਚੈਰੀਟੇਬਲ 25 ਬਿਸਤਰਾ ਦਾ ਸਰਕਾਰੀ ਹਸਪਤਾਲ ਦੀ ਉਸਾਰੀ ਲਈ ਨੀਹ ਪੱਥਰ ਰੱਖਿਆ ਗਿਆ ਸੀ। ਪਰ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਹਸਪਤਾਲ ਦੀ ਇੱਟ ਤੱਕ ਨਹੀਂ ਲੱਗ ਸਕੀ। ਹਸਪਤਾਲ ਦੀ ਉਸਾਰੀ ਲਈ ਪਿੰਡ ਦੇ ਸਵਰਗਵਾਸੀ ਕਿਸਾਨ ਭਰਪੂਰ ਸਿੰਘ ਰਾਣੂ ਵੱਲੋਂ ਠੁੱਲੀਵਾਲ ਰੋਡ ’ਤੇ ਸਥਿਤ ਡੇਢ ਏਕੜ ਜ਼ਮੀਨ ਸਿਹਤ ਵਿਭਾਗ ਦੇ ਨਾਂ ਰਜਿਸਟਰ ਕਰਵਾ ਕੇ ਦਾਨ ਵਜੋਂ ਦਿੱਤੀ ਗਈ ਸੀ, ਜੋ ਅੱਜ ਵੀ ਬਿਨਾਂ ਕਿਸੇ ਵਰਤੋਂ ਦੇ ਪਈ ਹੈ।
ਸਵਰਗਵਾਸੀ ਭਰਪੂਰ ਸਿੰਘ ਰਾਣੂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜ਼ਮੀਨ ਦੀ ਰਜਿਸਟਰੀ ਹੋਏ ਨੂੰ 32 ਸਾਲ ਬੀਤ ਗਏ ਹਨ ਪਰ ਅਜੇ ਤੱਕ ਹਸਪਤਾਲ ਦੀ ਉਸਾਰੀ ਸਬੰਧੀ ਨਾ ਕੋਈ ਚਿੱਠੀ-ਪੱਤਰ ਆਇਆ ਹੈ ਅਤੇ ਨਾ ਹੀ ਕੋਈ ਅਮਲੀ ਕਦਮ ਚੁੱਕਿਆ ਗਿਆ ਹੈ। ਪਿੰਡ ਦੇ ਸਰਪੰਚ ਉਮਨਦੀਪ ਸਿੰਘ ਸੋਹੀ, ਪੰਚ ਜਸਪ੍ਰੀਤ ਕੌਰ ਮਾਂਗਟ, ਸਾਬਕਾ ਪੰਚ ਜਸਵਿੰਦਰ ਸਿੰਘ ਮਾਂਗਟ, ਅਮਰ ਸਿੰਘ ਚੋਪੜਾ, ਡਾ. ਅਜਮੇਰ ਸਿੰਘ, ਯਾਦਗਾਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਵਿੱਕੀ, ਖਜਾਨਚੀ ਏਕਮ ਸਿੰਘ ਦਿਓਲ, ਪ੍ਰੈਸ ਸਕੱਤਰ ਹਰਸੇਵ ਸਿੰਘ ਬੱਲੂ, ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਜਸਵੀਰ ਸਿੰਘ ਹਮੀਦੀ, ਸਾਬਕਾ ਸਰਪੰਚ ਸੁਦਾਗਰ ਸਿੰਘ ਚੋਪੜਾ, ਬਲਵੰਤ ਰਾਏ ਸ਼ਰਮਾ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਪੰਚ ਹਰਪ੍ਰੀਤ ਸਿੰਘ ਦਿਓਲ ਸਮੇਤ ਹੋਰ ਪਿੰਡ ਵਾਸੀਆਂ ਨੇ ਇਕਸੁਰ ਵਿੱਚ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਤੁਰੰਤ ਦਖਲ ਦੇ ਕੇ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦਿੱਤਾ ਜਾਣ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਮੀਦੀ ਵਿਖੇ 25 ਬਿਸਤਰਿਆਂ ਵਾਲਾ ਹਸਪਤਾਲ ਬਣਨ ਨਾਲ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਗਰੀਬ ਲੋਕਾਂ ਨੂੰ ਦੂਰ-ਦਰਾਜ਼ ਸ਼ਹਿਰਾਂ ਦੇ ਮਹਿੰਗੇ ਨਿੱਜੀ ਹਸਪਤਾਲਾਂ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ।
