ਖੰਨਾ ਦੇ ਸਰਕਾਰੀ ਹਸਪਤਾਲ ''ਚ ਮਨਾਈ ਗਈ ਧੀਆਂ ਦੀ ਲੋਹੜੀ
Tuesday, Jan 13, 2026 - 04:59 PM (IST)
ਖੰਨਾ (ਵਿਪਨ): ਖੰਨਾ ਦੇ ਸਰਕਾਰੀ ਹਸਪਤਾਲ ਵਿਚ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਖਾਸ ਮੌਕੇ ‘ਧੀਆਂ ਦੀ ਲੋਹੜੀ’ ਮਨਾਈ ਗਈ, ਜਿਸ ਦੌਰਾਨ ਨਵ ਜੰਮੀਆਂ ਕੁੜੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੁੱਖ ਮਕਸਦ ਸਮਾਜ ਵਿਚ ਧੀ ਦੀ ਮਹੱਤਤਾ ਨੂੰ ਉਜਾਗਰ ਕਰਨਾ ਅਤੇ ਲੋਕਾਂ ਨੂੰ ਧੀ-ਪੁੱਤਰ ਵਿਚ ਕੋਈ ਭੇਦਭਾਵ ਨਾ ਕਰਨ ਦਾ ਸਪੱਸ਼ਟ ਸੰਦੇਸ਼ ਦੇਣਾ ਸੀ।
ਇਸ ਸਮਾਗਮ ਦੀ ਅਗਵਾਈ ਖੰਨਾ ਦੇ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ. ਡਾਕਟਰ ਮਨਿੰਦਰ ਸਿੰਘ ਭਸੀਨ ਵੱਲੋਂ ਕੀਤੀ ਗਈ। ਡਾਕਟਰ ਭਸੀਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਧੀ ਸਮਾਜ ਦੀ ਸ਼ਾਨ ਹੈ ਅਤੇ ਧੀਆਂ ਦੇ ਜਨਮ ‘ਤੇ ਖੁਸ਼ੀ ਮਨਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਸਿਰਫ਼ ਇਲਾਜ ਤੱਕ ਹੀ ਸੀਮਿਤ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਵਧਾਉਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਐੱਸ.ਐੱਮ.ਓ. ਡਾਕਟਰ ਮਨਿੰਦਰ ਸਿੰਘ ਭਸੀਨ ਨੇ ਖੁਦ ਲੋਕ-ਗੀਤ “ਸੁੰਦਰ ਮੁੰਦਰੀਏ ਹੋ” ਗਾਇਆ। ਉਨ੍ਹਾਂ ਦੇ ਗੀਤ ਗਾਉਣ ਨਾਲ ਪੂਰੇ ਹਸਪਤਾਲ ਵਿੱਚ ਤਿਉਹਾਰੀ ਮਾਹੌਲ ਬਣ ਗਿਆ ਅਤੇ ਮੌਜੂਦ ਸਟਾਫ਼, ਮਾਵਾਂ ਤੇ ਪਰਿਵਾਰਕ ਮੈਂਬਰ ਵੀ ਤਾਲੀਆਂ ਵੱਜਾਉਂਦੇ ਨਜ਼ਰ ਆਏ। ਡਾਕਟਰ ਭਸੀਨ ਨੇ ਲੋਹੜੀ ਦੀਆਂ ਖੁਸ਼ੀਆਂ ਸਭ ਨਾਲ ਸਾਂਝੀਆਂ ਕਰਦਿਆਂ ਕਿਹਾ ਕਿ ਧੀ ਦੇ ਜਨਮ ਨੂੰ ਤਿਉਹਾਰ ਵਾਂਗ ਮਨਾਉਣਾ ਹੀ ਅਸਲ ਖੁਸ਼ੀ ਹੈ। ਇਸ ਮੌਕੇ ਨਵ ਜੰਮੀਆਂ ਕੁੜੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਹਸਪਤਾਲ ਦਾ ਸਟਾਫ਼ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਿਹਾ। ਸਮੂਹ ਸਮਾਗਮ ਨੇ ਸਮਾਜ ਵਿੱਚ ਸਕਾਰਾਤਮਕ ਸੰਦੇਸ਼ ਦਿੱਤਾ ਅਤੇ ਲੋਹੜੀ ਦੇ ਤਿਉਹਾਰ ਨੂੰ ਸੱਚੇ ਅਰਥਾਂ ਵਿਚ ਯਾਦਗਾਰ ਬਣਾ ਦਿੱਤਾ।
