ਬਿਨਾਂ ਮਲਕੀਅਤ ਜ਼ਮੀਨ ਦਾ ਸੌਦਾ ਤੈਅ ਕਰਕੇ ਠੱਗੇ 8.42 ਲੱਖ ਰੁਪਏ
Saturday, Oct 29, 2022 - 03:52 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਕਿਸੇ ਹੋਰ ਵਿਅਕਤੀ ਦੀ ਜ਼ਮੀਨ ਦੀ ਮਲਕੀਅਤ ਆਪਣੇ ਨਾਂ ’ਤੇ ਵਿਖਾ ਕੇ 8.42 ਲੱਖ ਰੁਪਏ ਦਾ ਬਿਆਨਾ ਹੜੱਪ ਕਰਨ ਦੇ ਦੋਸ਼ੀ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਪਰਸ਼ੋਤਮ ਲਾਲ ਪੁੱਤਰ ਅਮਰ ਚੰਦ ਵਾਸੀ ਪਿੰਡ ਜਾਨੀਆ ਤਹਿਸੀਲ ਨਵਾਂਸ਼ਹਿਰ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਪੁੱਤਰ ਦੁਰਗਾ ਦਾਸ ਵਾਸੀ ਪਿੰਡ ਟਕਾਰਲਾ ਵਿਖੇ ਪਹਾੜ ਨਾਲ ਲੱਗਦੀ ਆਪਣੀ ਜ਼ਮੀਨ ਨੂੰ ਸਸਤੇ ਭਾਅ ਵੇਚਣ ਦੀ ਇੱਛਾ ਜ਼ਾਹਰ ਕੀਤੀ।
ਉਸ ਨੇ ਦੱਸਿਆ ਕਿ ਜ਼ਮੀਨ ਦੇਣ ਤੋਂ ਬਾਅਦ ਉਸ ਨੇ ਆਪਣੀ 40 ਕਨਾਲ ਜਮੀਨ ਦਾ ਸੌਦਾ 2.40 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਆਨੇ ਦੇ ਰੂਪ ’ਚ 8.42 ਲੱਖ ਰੁਪਏ ਦੀ ਰਕਮ ਲੈ ਲਈ ਅਤੇ 7 ਜੂਨ 2016 ਨੂੰ ਰਜਿਸਟਰੀ ਕਰਵਾਉਣ ਦਾ ਵਾਅਦਾ ਕੀਤਾ ਪਰ ਉਕਤ ਪ੍ਰਵੀਨ ਕੁਮਾਰ ਆਪਣੀਆਂ ਗੱਲਾਂ ਵਿਚ ਲੈ ਕੇ ਉਸ ਤੋਂ ਵਾਰ-ਵਾਰ ਰਜਿਸਟਰੀ ਦੀ ਤਾਰੀਖ਼ ਵਧਾਉਂਦਾ ਰਿਹਾ। ਉਸ ਨੇ ਆਪਣੀ ਮਜਬੂਰੀ ਦੱਸਦੇ ਹੋਏ ਪੁਰਾਣੇ ਬਿਆਨੇ ਦੀ ਥਾਂ ’ਤੇ ਨਵਾਂ ਬਿਆਨਾ ਵੀ ਬਣਵਾ ਲਿਆ ਪਰ ਬਾਵਜੂਦ ਉਸ ਦੇ ਉਸ ਨੇ ਰਜਿਸਟਰੀ ਨਹੀਂ ਕਰਵਾਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨਵੇਂ ਬਿਆਨੇ ਦੇ ਅਨੁਸਾਰ ਉਸ ਨੇ ਮੁੜ ਤਾਰੀਖ਼ ਵਧਾਉਂਦੇ ਹੋਏ 20 ਅਕਤੂਬਰ 2020 ਨੂੰ ਰਜਿਸਟਰੀ ਕਰਵਾਉਣ ਦੇ ਝਾਂਸੇ ’ਚ ਲਿਆ ਪਰ ਉਸ ਦਿਨ ਤਹਿਸੀਲ ਦਫ਼ਤਰ ਵਿਖੇ ਪੂਰਾ ਦਿਨ ਬੈਠਣ ਦੇ ਬਾਵਜੂਦ ਉਹ ਰਜਿਸਟਰੀ ਕਰਵਾਉਣ ਨਹੀਂ ਆਇਆ, ਸਗੋਂ ਬਾਕੀ ਰਕਮ ਦੀ ਮੰਗ ਕਰਦਾ ਰਿਹਾ।
ਇਹ ਵੀ ਪੜ੍ਹੋ: ਮੁੜ ਹੋ ਸਕਦੈ ਦੇਸ਼ 'ਚ ਵੱਡਾ ਕਿਸਾਨ ਅੰਦੋਲਨ, ਜਲੰਧਰ ਪੁੱਜੇ ਰਾਕੇਸ਼ ਟਿਕੈਤ ਨੇ ਦਿੱਤੇ ਸੰਕੇਤ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਪ੍ਰਵੀਨ ਕੁਮਾਰ ’ਤੇ ਸ਼ੱਕ ਹੋਣ ’ਤੇ ਜਦੋਂ ਉਸ ਨੇ ਕੰਪਿਉਟਰਾਈਜ਼ਡ ਫਰਦ ਕੱਢਵਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਸਲ ’ਚ ਪ੍ਰਵੀਨ ਕੋਲ ਉਕਤ ਜਮੀਨ ਦੀ ਮਲਕੀਅਤ ਨਹੀਂ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਆਪਣੀ ਬਿਆਨੇ ਦੀ ਰਕਮ ਵਾਪਸ ਕਰਵਾਉਣ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਕਤ ਸ਼ਿਕਾਇਤ ਦੀ ਜਾਂਚ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ ਪ੍ਰਵੀਨ ਕੁਮਾਰ ਪੁੱਤਰ ਅਮਰਚੰਦ ਦੇ ਖ਼ਿਲਾਫ਼ ਧਾਰਾ 406,420 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਜਲੰਧਰ ਦੇ ਪਿੰਡ ਗਾਖਲ ਦਾ ਨਿਕਲਿਆ ਕੈਨੇਡਾ ’ਚ ਹੋਏ 200 ਕਰੋੜ ਦੇ ਡਰੱਗ ਰੈਕੇਟ ਦਾ ਮਾਸਟਰਮਾਈਂਡ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ