SGPC ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ : ਗਿਆਨੀ ਹਰਪ੍ਰੀਤ ਸਿੰਘ
Tuesday, Feb 17, 2026 - 05:56 PM (IST)
ਜਲੰਧਰ/ਅੰਮ੍ਰਿਤਸਰ (ਵੈੱਬ ਡੈਸਕ)- ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਵੇਚਣ ਅਤੇ ਫੰਡਾਂ ਦੀ ਕਥਿਤ ਦੁਰਵਰਤੋਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅੰਮ੍ਰਿਤਸਰ ਸਥਿਤ ਦਫ਼ਤਰ ਵਿਖੇ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ਮੀਨਾਂ ਦੀ ਮਾਲਕ ਨਹੀਂ, ਸਿਰਫ਼ ਕੇਅਰ ਟੇਕਰ ਹੈ, ਅਸਲ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਹੈ। ਉਨ੍ਹਾਂ ਮੰਗ ਕੀਤੀ ਕਿ ਸਾਲ 1999 ਤੋਂ ਹੁਣ ਤੱਕ ਵੇਚੀਆਂ ਅਤੇ ਖ਼ਰੀਦੀਆਂ ਗਈਆਂ ਸਾਰੀਆਂ ਜ਼ਮੀਨਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ, ਜਿਸ ਵਿੱਚ ਵਿਰੋਧੀ ਧਿਰਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੂੰ ਜੇਕਰ ਜ਼ਮੀਨ ਵੇਚਣ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਉਹ ਪਾਰਦਰਸ਼ੀ ਢੰਗ ਨਾਲ ਵੇਚੀ ਜਾਵੇ ਅਤੇ ਉਸ ਦਾ ਹਿਸਾਬ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ।
ਉਨ੍ਹਾਂ ਐੱਸ. ਜੀ. ਪੀ. ਸੀ. 'ਤੇ ਸਵਾਲ ਚੁੱਕਦੇ ਕਿਹਾ ਕਿ ਸਾਲ 2002 ’ਚ ਇਕ ਬੀਬੀ ਵੱਲੋਂ ਗੁਰਦੁਆਰਾ ਭੱਠਾ ਸਾਹਿਬ ਨੂੰ ਜ਼ਮੀਨ ਦਾਨ ਵਜੋਂ ਦਿੱਤੀ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਦਾਨ ਵਜੋਂ ਮਿਲੀ ਜ਼ਮੀਨ ਨੂੰ 7000 ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤਾ। ਜਦਕਿ ਇਹ ਜ਼ਮੀਨ ਮੇਨ ਹਾਈਵੇਅ ’ਤੇ ਪੈਂਦੀ ਹੈ ਅਤੇ ਇਸ ਨੂੰ ਇੰਨੇ ਸਸਤੇ ਰੇਟ ’ਤੇ ਕਿਉਂ ਵੇਚਿਆ, ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ 'ਤੇ ਕਰ 'ਤਾ ਵੱਡਾ ਕਾਂਡ
ਸੁਖਬੀਰ ਸਿੰਘ ਬਾਦਲ 'ਤੇ ਸਾਧਿਆ ਨਿਸ਼ਾਨਾ
ਇਨ੍ਹਾਂ ਮਾਮਲਿਆਂ ਲਈ ਉਨ੍ਹਾਂ ਸਿੱਧੇ ਤੌਰ 'ਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਨੂੰ ਆਪਣੀ ਮੁੱਠੀ 'ਚ ਸਮਝਦੇ ਹਨ ਅਤੇ ਚੋਣ ਫੰਡ ਇਕੱਠੇ ਕਰਨ ਲਈ ਅਜਿਹੀਆਂ ਕਾਰਵਾਈਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਹ ਜ਼ਮੀਨਾਂ ਬਾਦਲ ਦਲ ਨਾਲ ਜੁੜੇ ਲੋਕ ਹੀ ਖ਼ਰੀਦ ਰਹੇ ਹੋਣ, ਜਿਸ ਦਾ ਖ਼ੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ।
ਇਹ ਵੀ ਪੜ੍ਹੋ: Punjab 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਮੁੰਡੇ-ਕੁੜੀਆਂ ਫੜੇ, ਬੈੱਡਾਂ ਹੇਠ ਇਤਰਾਜ਼ਯੋਗ ਸਾਮਾਨ ਵੇਖ ਪੁਲਸ ਦੇ ਉੱਡੇ ਹੋਸ਼
ਅੰਬ ਸਾਹਿਬ ਦੀ ਜ਼ਮੀਨ ਦਾ ਚੁੱਕਿਆ ਮੁੱਦਾ
ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਗਮਾਡਾ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਇਸ ਬਦਲੇ ਗਮਾਡਾ ਨੇ ਐੱਸ. ਜੀ. ਪੀ. ਸੀ. ਨੂੰ 39 ਕਰੋੜ 43 ਲੱਖ ਰੁਪਏ ਦਿੱਤੇ। ਗੁਰਦੁਆਰਾ ਐਕਟ ਅਨੁਸਾਰ ਗੁਰਦੁਆਰਾ ਸਾਹਿਬ ਦੀ ਵੇਚੀ ਗਈ ਜ਼ਮੀਨ ਦਾ ਪੈਸਾ ਗੁਰਦੁਆਰਿਆਂ ਦੀ ਉਸਾਰੀ ਜਾਂ ਲੰਗਰ ਆਦਿ ’ਤੇ ਖ਼ਰਚ ਨਹੀਂ ਕੀਤਾ ਜਾ ਸਕਦਾ। ਇਸ ਪੈਸੇ ਦੀ ਸਿਰਫ਼ ਜ਼ਮੀਨ ਹੀ ਖ਼ਰੀਦੀ ਜਾ ਸਕਦੀ ਹੈ ਪਰ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਆਸੇ-ਪਾਸੇ ਕਿਤੇ ਕੋਈ ਜ਼ਮੀਨ ਨਹੀਂ ਖ਼ਰੀਦੀ ਗਈ।
ਉਨ੍ਹਾਂ ਸਵਾਲ ਚੁੱਕਿਆ ਗੁਰਦੁਆਰਾ ਅੰਬ ਕਮੇਟੀ ਕੋਲ 39 ਕਰੋੜ 43 ਲੱਖ ਰੁਪਇਆ ਪਿਆ ਵੀ ਹੈ ਜਾਂ ਨਹੀਂ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸੰਗਤਾਂ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇਕਰ ਅੰਬ ਸਾਹਿਬ ਦੀ ਕਮੇਟੀ ਕੋਲ ਇਹ ਪੈਸਾ ਪਿਆ ਹੈ ਤਾਂ ਉਸ ਦੀ ਹੁਣ ਤੱਕ ਜ਼ਮੀਨ ਕਿਉਂ ਨਹੀਂ ਖ਼ਰੀਦੀ ਗਈ ਅਤੇ ਇਸ ਪੈਸੇ ਨੂੰ ਐੱਸ. ਜੀ. ਪੀ. ਸੀ. ਹੁਣ ਤੱਕ ਫੰਡਾਂ ’ਚ ਕਿਉਂ ਰੱਖਿਆ। ਕਿਉਂਕਿ ਗਮਾਡਾ ਵੱਲੋਂ 2023 ’ਚ ਪੈਸੇ ਦਿੱਤੇ ਗਏ ਸਨ ਅਤੇ ਹੁਣ ਤਿੰਨ ਸਾਲ ਬਾਅਦ ਜ਼ਮੀਨ ਦੇ ਰੇਟ 2023 ਦੇ ਮੁਕਾਬਲੇ ਕਾਫ਼ੀ ਵਧ ਚੁੱਕੇ ਹਨ।
ਸਿਆਸੀ ਰੈਲੀ 'ਚ DGP ਪੰਜਾਬ ਤੇ ਚੀਫ਼ ਸੈਕਟਰੀ ਦਾ ਪਹੁੰਚਣਾ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ
ਪੰਜਾਬ ਸਰਕਾਰ 'ਤੇ ਹਮਲਾ ਕਰਦੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਿਆਸੀ ਰੈਲੀ ਵਿੱਚ ਡੀ. ਜੀ. ਪੀ. ਪੰਜਾਬ ਅਤੇ ਚੀਫ਼ ਸੈਕਟਰੀ ਦਾ ਪਹੁੰਚਣਾ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਅਜਿਹੇ ਉੱਚ ਅਹੁਦਿਆਂ ਦੇ ਅਧਿਕਾਰੀਆਂ ਦਾ ਸਿਆਸੀ ਰੈਲੀਆਂ 'ਚ ਸ਼ਾਮਲ ਹੋਣਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਪੰਥਕ ਕਾਨਫ਼ਰੰਸ ਕੀਤੀ ਜਾਵੇਗੀ। ਇਸ ਮੌਕੇ ਸੰਗਤ ਦੇ ਰੂ-ਬ-ਰੂ ਇਕ 'ਵਿਜ਼ਨ ਡਾਕੂਮੈਂਟ' ਪੇਸ਼ ਕੀਤਾ ਜਾਵੇਗਾ ਤਾਂ ਜੋ ਪੰਥਕ ਸੰਸਥਾਵਾਂ ਨੂੰ ਖ਼ੁਰਦ-ਬੁਰਦ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਾਮਲਿਆਂ ਪ੍ਰਤੀ ਸੁਚੇਤ ਅਤੇ ਸਾਵਧਾਨ ਹੋਣ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੀ CM ਮਾਨ ਨੂੰ ਚੁਣੌਤੀ, ਕਿਹਾ-ਜੇ ਸ਼ਰਾਬ ਨਹੀਂ ਪੀਂਦੇ ਤਾਂ ਜਨਤਕ ਤੌਰ 'ਤੇ ਕਰੋ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
