ਜਰਮਨੀ ਦੀ ਵਜਾਏ ਯੂਕਰੇਨ ਭੇਜ ਕੇ ਠੱਗੇ 7.50 ਲੱਖ ਰੁਪਏ

06/01/2019 12:18:56 AM

ਕਪੂਰਥਲਾ, (ਭੂਸ਼ਣ)- ਜਰਮਨੀ ਦੀ ਜਗ੍ਹਾ ਯੂਕਰੇਨ ਭੇਜ ਕੇ 7.50 ਲੱਖ ਰੁਪਏ ਰਕਮ ਠੱਗਣ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਪਤੀ-ਪਤਨੀ ਸਮੇਤ 3 ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਦਲਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮੁਹੱਲਾ ਸਲਾਮਤਪੁਰ, ਭੁਲੱਥ, ਕਪੂਰਥਲਾ ਨੇ ਐੱਸ. ਐੱਸ. ਪੀ. ਸਤਿੰੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸਦਾ ਲਡ਼ਕਾ ਲੰਬੇ ਸਮੇਂ ਤੋਂ ਬੇਰੋਜ਼ਗਾਰ ਸੀ ਅਤੇ ਉਹ ਆਪਣੇ ਸੁਨਹਿਰੇ ਭਵਿੱਖ ਦੀ ਖਾਤਰ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਦੌਰਾਨ ਉਸਦੇ ਪਰਿਵਾਰ ਦਾ ਸੰਪਰਕ ਵਿਜੈ ਕੁਮਾਰ ਪੁੱਤਰ ਸੋਹਨ ਲਾਲ, ਉਸਦੀ ਪਤਨੀ ਡਿੰਪਲ ਪਤਨੀ ਵਿਜੈ ਕੁਮਾਰ ਵਾਸੀ ਜਿੰਦਾ, ਜਲੰਧਰ, ਜੋ ਕਿ ਉਸ ਸਮੇਂ ਕਪੂਰਥਲਾ ਦੇ ਚੁੰਗੀ ਚੁਹਡ਼ਵਾਲ ਖੇਤਰ ’ਚ ਰਹਿੰਦੇ ਸਨ ਅਤੇ ਜਰਨੈਲ ਸਿੰਘ ਉਰਫ ਰਾਜੂ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਡੁਮਾਨਾ, ਹੁਸ਼ਿਆਰਪੁਰ ਦੇ ਨਾਲ ਹੋਇਆ। ਉਕਤ ਮੁਲਜ਼ਮਾਂ ਨੇ ਉਸਦੇ ਲਡ਼ਕੇ ਨੂੰ ਜਰਮਨੀ ਭੇਜਣ ਦਾ ਝਾਂਸਾ ਦਿੱਤਾ। ਜਿਸ ਨੂੰ ਲੈ ਕੇ ਉਨ੍ਹਾਂ ਦਾ ਜਰਮਨੀ ਭੇਜਣ ਦੇ ਨਾਂ ’ਤੇ 7.50 ਲੱਖ ਰੁਪਏ ਵਿਚ ਸੌਦਾ ਤੈਅ ਹੋਇਆ। ਜਿਸ ਦੇ ਆਧਾਰ ’ਤੇ ਉਸ ਨੇ 7 ਸਤੰਬਰ 2017 ਨੂੰ ਆਪਣੇ ਲਡ਼ਕੇ ਲਖਵਿੰਦਰ ਸਿੰਘ ਨੂੰ ਨਾਲ ਲੈ ਕੇ ਤਿੰਨਾਂ ਮੁਲਜ਼ਮਾਂ ਨੂੰ ਪਾਸਪੋਰਟ ਅਤੇ 1 ਲੱਖ ਰੁਪਏ ਦੀ ਨਕਦੀ ਦੇ ਦਿੱਤੀ। ਜਿਸਦੇ ਬਾਅਦ ਉਕਤ ਮੁਲਜ਼ਮਾਂ ਨੇ ਉਸ ਨੂੰ ਕਿਹਾ ਕਿ ਉਹ ਬਾਕੀ ਰਕਮ ਦਾ ਛੇਤੀ ਹੀ ਪ੍ਰਬੰਧ ਕਰ ਲੈਣ ਤਾਂਕਿ ਉਸਦੇ ਲਡ਼ਕੇ ਦੀ ਜਰਮਨੀ ਲਈ ਫਲਾਈਟ ਕਰਵਾ ਦਿੱਤੀ ਜਾਵੇ।

10 ਅਕਤੂਬਰ 2017 ਨੂੰ ਉਸ ਨੇ 6.50 ਲੱਖ ਰੁਪਏ ਦਾ ਇੰਤਜ਼ਮ ਕਰ ਕੇ ਤਿੰਨਾਂ ਮੁਲਜ਼ਮਾਂ ਦੇ ਘਰ ਆ ਕੇ 6.50 ਲੱਖ ਰੁਪਏ ਦੀ ਰਕਮ ਦੇ ਦਿੱਤੀ। ਜਿਸ ਦੌਰਾਨ 7.50 ਲੱਖ ਰੁਪਏ ਦੀ ਨਕਦੀ ਅਤੇ ਪਾਸਪੋਰਟ ਲੈ ਕੇ ਮੁਲਜ਼ਮ ਉਸਦੇ ਬੇਟੇ ਨੂੰ ਦਿੱਲੀ ਲੈ ਗਏ, ਜਿਥੇ ਕਈ ਵਾਰ ਉਸ ਨੂੰ ਚੱਕਰ ਕੱਢਣ ਦੇ ਬਾਅਦ ਵੀ ਜਰਮਨੀ ਨਹੀਂ ਭੇਜਿਆ ਗਿਆ। ਜਦੋਂ ਉਸਨੇ ਮੁਲਜ਼ਮਾਂ ਤੇ ਆਪਣੇ ਬੇਟੇ ਨੂੰ ਛੇਤੀ ਤੋਂ ਛੇਤੀ ਜਰਮਨੀ ਭੇਜਣ ਦਾ ਦਬਾਅ ਪਾਇਆ ਤਾਂ ਉਨ੍ਹਾਂ ਨੇ ਉਸਦੀ 6 ਮਾਰਚ 2018 ਨੂੰ ਜਰਮਨੀ ਦੀ ਜਗ੍ਹਾ ਨਵੀਂ ਦਿੱਲੀ ਤੋਂ ਯੂਕਰੇਨ ਦੀ ਫਲਾਈਟ ਕਰਵਾ ਦਿੱਤੀ, ਜਿਥੇ ਅਗਲੇ ਟਰੈਵਲ ੲੇਜੰਟ ਨੂੰ ਰਕਮ ਨਹੀਂ ਪੁੱਜਣ ਕਾਰਣ ਉਸਦਾ ਲਡ਼ਕਾ ਜਰਮਨੀ ਨਹੀਂ ਪਹੁੰਚ ਸਕਿਆ ਅਤੇ ਉਹ ਯੂਕਰੇਨ ਵਿਚ ਪ੍ਰੇਸ਼ਾਨ ਰਹਿਣ ਲਗਾ, ਜਿਸਦੇ ਕਾਰਣ ਉਸਦਾ ਲਡ਼ਕਾ ਯੂਕਰੇਨ ਵਿਚ ਹੀ ਫਸ ਗਿਆ।

ਇਸ ਦੌਰਾਨ ਜਦੋਂ ਉਸ ਨੇ ਮੁਲਜ਼ਮਾਂ ’ਤੇ ਰਕਮ ਵਾਪਸੀ ਦਾ ਦਬਾਅ ਪਾਇਆ ਤਾਂ ਉਹ ਉਸ ਨੂੰ ਧਮਕੀਆਂ ਦੇਣ ਲੱਗੇ ਅਤੇ ਮੁਲਜ਼ਮਾਂ ਨੇ ਰਕਮ ਵਾਪਸੀ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਕਾਰਣ ਉਸ ਨੂੰ ਐੱਸ. ਐੱਸ. ਪੀ. ਕਪੂਰਥਲਾ ਨੂੰ ਇਨਸਾਫ ਦੀ ਗੁਹਾਰ ਲਾਉਣੀ ਪਈ, ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਤਿੰਨਾਂ ਮੁਲਜ਼ਮਾਂ ਵਿਜੈ ਕੁਮਾਰ, ਉਸਦੀ ਪਤਨੀ ਡਿੰਪਲ ਅਤੇ ਜਰਨੈਲ ਸਿੰਘ ਉਰਫ ਰਾਜੂ ਦੇ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸਦੇ ਆਧਾਰ ਤੇ ਤਿੰਨਾਂ ਮੁਲਜ਼ਮਾਂ ਖਿਲਾਫ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।


Bharat Thapa

Content Editor

Related News