ਪੁਲਸ ਨੇ ਸੈਂਟਰੋ ਕਾਰ ਸਮੇਤ 30 ਪੇਟੀਆਂ ਨਜਾਇਜ਼ ਸ਼ਰਾਬ ਕੀਤੀ ਬਰਾਮਦ

Sunday, Oct 07, 2018 - 11:16 PM (IST)

ਜਲੰਧਰ,(ਮ੍ਰਿਦੁਲ)— ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਸ ਨੇ ਅਰੁਣਾਚਲ ਪ੍ਰਦੇਸ਼ ਤੋਂ ਜਲੰਧਰ ਤਕ 30 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਮਹਿੰਦਰੂ ਮੁਹੱਲਾ ਦੇ ਰਹਿਣ ਵਾਲੇ ਅਜੇ ਕੁਮਾਰ ਨੂੰ 30 ਪੇਟੀਆਂ ਸ਼ਰਾਬ ਸਮੇਤ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਦਕਿ 2 ਸਮੱਗਲਰ ਫਰਾਰ ਹੋ ਗਏ। ਪੁਲਸ ਵਲੋਂ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਦੇਵ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਪੂਰਥਲਾ ਵਲੋਂ ਇਕ ਸੈਂਟਰੋ ਕਾਰ ਤੇ ਉਸ ਦੇ ਅੱਗੇ ਸਪਲੈਂਡਰ ਮੋਟਰਸਾਈਕਲ, ਜਿਸ 'ਤੇ 2 ਨੌਜਵਾਨ ਆ ਰਹੇ ਸਨ। ਇਨਪੁੱਟ ਮਿਲਣ 'ਤੇ ਪੁਲਸ ਨੇ ਤੁਰੰਤ ਟਰੈਪ ਲਗਾਇਆ। 

ਪੁਲਸ ਨੇ ਜਦੋਂ ਮੋਟਰਸਾਈਕਲ 'ਤੇ ਆ ਰਹੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ 'ਤੇ ਆ ਰਹੇ ਮੁਲਜ਼ਮ ਮੋਟਰਸਾਈਕਲ ਮੋੜਨ ਦੇ ਚੱਕਰ 'ਚ ਹੇਠਾਂ ਡਿੱਗ ਗਏ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਜਿਸ 'ਤੇ ਪੁਲਸ ਨੇ ਤੁਰੰਤ ਪਿੱਛੇ ਆ ਰਹੀ ਸੈਂਟਰੋ ਕਾਰ 'ਚ ਆ ਰਹੇ ਮੁਲਜ਼ਮ ਨੂੰ ਕਾਬੂ ਕਰ ਲਿਆ, ਜੋ ਕਿ ਅਜੇ ਕੁਮਾਰ ਚਲਾ ਰਿਹਾ ਸੀ। ਉਥੇ ਮੋਟਰਸਾਈਕਲ 'ਤੇ ਆ ਰਹੇ ਫਰਾਰ ਸਮੱਗਲਰ ਨੀਲਾਮਹਿਲ ਦੇ ਰਹਿਣ ਵਾਲੇ ਗੌਰਵ ਉਰਫ ਉਸਤਾਦ ਤੇ ਕਿਸ਼ਨਪੁਰਾ ਦੇ ਰਹਿਣ ਵਾਲੇ ਸਾਜਨ ਖੰਨਾ ਉਰਫ ਗੁੱਲੂ ਹਨ। ਤਲਾਸ਼ੀ ਲੈਣ 'ਤੇ ਕਾਰ 'ਚੋਂ 8 ਪੇਟੀਆਂ ਸਪੈਸ਼ਲ ਡੀਲਕਸ ਤੇ 22 ਪੇਟੀਆਂ ਨੈਨੋ ਪ੍ਰੀਮੀਅਮ ਵਿਸਕੀ ਬਰਾਮਦ ਹੋਈਆਂ, ਜੋ ਕਿ ਸਿਰਫ ਅਰੁਣਾਚਲ ਸੂਬੇ 'ਚ ਹੀ ਸੇਲ ਹੋ ਸਕਦੀ ਹੈ। ਜਿਸ ਨੂੰ ਲੈ ਕੇ ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਲਿਆ ਹੈ।


Related News