1022 ਕੁਨੈਕਸ਼ਨਾਂ ਦੀ ਚੈਕਿੰਗ, ਬਿਜਲੀ ਚੋਰੀ/ਗਲਤ ਵਰਤੋਂ ਦੇ 58 ਕੇਸਾਂ ’ਚ 7.26 ਲੱਖ ਜੁਰਮਾਨਾ

Sunday, Sep 18, 2022 - 04:15 PM (IST)

1022 ਕੁਨੈਕਸ਼ਨਾਂ ਦੀ ਚੈਕਿੰਗ, ਬਿਜਲੀ ਚੋਰੀ/ਗਲਤ ਵਰਤੋਂ ਦੇ 58 ਕੇਸਾਂ ’ਚ 7.26 ਲੱਖ ਜੁਰਮਾਨਾ

ਜਲੰਧਰ (ਪੁਨੀਤ)–ਪਾਵਰਕਾਮ ਨਾਰਥ ਜ਼ੋਨ ਦੇ ਜਲੰਧਰ ਸਰਕਲ ’ਚ ਪੈਂਦੀਆਂ 5 ’ਚੋਂ 4 ਡਵੀਜ਼ਨਾਂ ਵੱਲੋਂ ਬਿਜਲੀ ਚੋਰੀ ਖ਼ਿਲਾਫ਼ ਚਲਾਈ ਗਈ ਮੁਹਿੰਮ ਦੌਰਾਨ 1022 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਈ ਗਈ, ਜਿਸ ’ਚ ਬਿਜਲੀ ਚੋਰੀ ਅਤੇ ਗ਼ਲਤ ਵਰਤੋਂ ਦੇ 58 ਕੇਸ ਫੜੇ ਗਏ, ਜਿਨ੍ਹਾਂ ਨੂੰ 7.26 ਲੱਖ ਤੋਂ ਵੱਧ ਜੁਰਮਾਨਾ ਕੀਤਾ ਗਿਆ। ਇਸ ਦੌਰਾਨ ਸਿੱਧੀ ਕੁੰਡੀ ਜ਼ਰੀਏ ਏ. ਸੀ. ਦੀ ਵਰਤੋਂ ਕਰਨ ਦੇ ਕਈ ਕੇਸ ਫੜੇ ਗਏ। ਚੈਕਿੰਗ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਲੱਕੜੀ ਦੀ ਸਹਾਇਤਾ ਨਾਲ ਘਰਾਂ ਦੇ ਅੱਗਿਓਂ ਲੰਘ ਰਹੀਆਂ ਤਾਰਾਂ ’ਤੇ ਕੁੰਡੀ ਪਾਈ ਜਾਂਦੀ ਹੈ ਅਤੇ ਸਵੇਰੇ ਕੁੰਡੀ ਨੂੰ ਹਟਾ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਕੇਸ ਫੜਨ ਲਈ ਵਿਭਾਗ ਵੱਲੋਂ ਸਵੇਰੇ ਤੜਕੇ ਚੈਕਿੰਗ ਕਰਵਾਈ ਗਈ, ਇਸ ਵਿਚ ਲੋਕਾਂ ਨੂੰ ਕੁੰਡੀ ਹਟਾਉਣ ਦਾ ਮੌਕਾ ਨਹੀਂ ਮਿਲ ਸਕਿਆ ਅਤੇ ਉਹ ਫੜੇ ਗਏ।

ਡਿਪਟੀ ਚੀਫ ਇੰਜੀਨੀਅਰ ਅਤੇ ਸਰਕਲ ਹੈੱਡ ਇੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਗਈ ਇਸ ਮੁਹਿੰਮ ਦੌਰਾਨ ਰੇਡ ਕਰਨ ਵਾਲੀਆਂ ਟੀਮਾਂ ਦੀ ਅਗਵਾਈ ਡਵੀਜ਼ਨ ਦੇ ਐਕਸੀਅਨ ਵੱਲੋਂ ਕੀਤੀ ਗਈ। ਇਸ ਲੜੀ ਵਿਚ ਈਸਟ ਡਵੀਜ਼ਨ ਨੇ 114 ਕੇਸਾਂ ਦੀ ਜਾਂਚ ਕਰਵਾਈ। ਐਕਸੀਅਨ ਜਸਪਾਲ ਸਿੰਘ ਦੀ ਅਗਵਾਈ ਵਿਚ ਚੋਰੀ ਦੇ 7 ਕੇਸ ਫੜ ਕੇ ਉਨ੍ਹਾਂ ਨੂੰ 3.45 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਇਸੇ ਤਰ੍ਹਾਂ ਵੈਸਟ ਡਵੀਜ਼ਨ ਦੇ ਐਕਸੀਅਨ ਸੰਨੀ ਭਾਂਗੜਾ ਦੀ ਅਗਵਾਈ ’ਚ 257 ਮੀਟਰਾਂ ਦੀ ਜਾਂਚ ਕਰਵਾਈ ਗਈ, ਜਿਸ ਵਿਚ ਚੋਰੀ ਦੇ 2 ਕੇਸਾਂ ਨੂੰ 78 ਹਜ਼ਾਰ, ਜਦਕਿ ਯੂ. ਈ. (ਬਿਜਲੀ ਦੀ ਗਲਤ ਵਰਤੋਂ) ਦੇ 24 ਕੇਸਾਂ ਵਿਚ 45,500 ਰੁਪਏ ਜੁਰਮਾਨਾ ਕੀਤਾ ਗਿਆ। ਇੰਜੀਨੀਅਰ ਸੰਨੀ ਦੀ ਅਗਵਾਈ ’ਚ ਕੁਲ 26 ਕੇਸਾਂ ਵਿਚ 1,23,500 ਰੁਪਏ ਜੁਰਮਾਨਾ ਕੀਤਾ ਗਿਆ।

ਕੈਂਟ ਡਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਵੱਲੋਂ ਇਲਾਕੇ ’ਚ ਜਾਂਚ ਲਈ 6 ਅਧਿਕਾਰੀਆਂ ਨੂੰ ਫੀਲਡ ਵਿਚ ਭੇਜਿਆ ਗਿਆ ਅਤੇ 210 ਕੁਨੈਕਸ਼ਨਾਂ ਦੀ ਜਾਂਚ ’ਚ ਚੋਰੀ ਅਤੇ ਮੀਟਰ ਦੀ ਖਰਾਬੀ ਦਾ 1-1, ਮੀਟਰ ’ਚ ਅੱਗ ਲੱਗਣ ਦੇ 2, ਡੈੱਡ ਮੀਟਰ ਦੇ 4, ਯੂ. ਈ. ਦੇ 8 ਕੇਸਾਂ ਸਮੇਤ ਕੁਲ 17 ਕੇਸ ਫੜਦੇ ਹੋਏ 2,12,500 ਰੁਪਏ ਜੁਰਮਾਨਾ ਕੀਤਾ ਗਿਆ। ਨਿਗਮ ਦੀ ਬਾਊਂਡਰੀ ਤੋਂ ਬਾਹਰ ਪੈਂਦੀ ਫਗਵਾੜਾ ਡਵੀਜ਼ਨ ਨੇ ਕੁੱਲ 441 ਕੁਨੈਕਸ਼ਨਾਂ ਦੀ ਜਾਂਚ ਕਰਦੇ ਹੋਏ 8 ਕੇਸ ਫੜੇ ਅਤੇ 45 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।

 ਮਾਡਲ ਟਾਊਨ ਦੇ ਐਕਸੀਅਨ ਦਵਿੰਦਰਪਾਲ ਦਾ ਤਬਾਦਲਾ, ਚੇਤਨ ਨੂੰ ਕਾਰਜਭਾਰ

ਮਾਡਲ ਟਾਊਨ ਡਵੀਜ਼ਨ ਦੇ ਐਕਸੀਅਨ ਦਵਿੰਦਰਪਾਲ ਸਿੰਘ ਦਾ ਬੀ. ਬੀ. ਐੱਮ. ਬੀ. (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਵਿਚ ਤਬਾਦਲਾ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੀ ਥਾਂ ’ਤੇ ਚੇਤਨ ਕੁਮਾਰ ਨੂੰ ਕਾਰਜਭਾਰ ਸੌਂਪਿਆ ਗਿਆ। ਬੀਤੇ ਦਿਨੀਂ ਦਵਿੰਦਰਪਾਲ ਵੱਲੋਂ ਕਾਰਜਭਾਰ ਛੱਡ ਦੇਣ ਕਾਰਨ ਮਾਡਲ ਟਾਊਨ ਡਵੀਜ਼ਨ ਅਧੀਨ ਅੱਜ ਚੈਕਿੰਗ ਨਹੀਂ ਹੋ ਸਕੀ। ਇੰਜੀਨੀਅਰ ਚੇਤਨ ਨੇ ਅਜੇ ਡਿਊਟੀ ਜੁਆਇਨ ਨਹੀਂ ਕੀਤੀ, ਉਹ ਸੋਮਵਾਰ ਨੂੰ ਕਾਰਜਭਾਰ ਸੰਭਾਲਣਗੇ।


author

Manoj

Content Editor

Related News