ਲਾਕਡਾਊਨ ਖਿਲਾਫ਼ ਬੋਲਣ ਵਾਲੇ MPP ਨੂੰ ਫੋਰਡ ਨੇ ਪਾਰਟੀ 'ਚੋਂ ਬਾਹਰ ਕੀਤਾ

Saturday, Jan 16, 2021 - 08:02 PM (IST)

ਟੋਰਾਂਟੋ- ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਯੌਰਕ ਸੈਂਟਰ ਦੇ ਆਪਣੇ ਇਕ ਐੱਮ. ਪੀ. ਪੀ. ਰੋਮਨ ਬਾਬੇਰ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ. ਸੀ.) ਕੌਕਸ ਵਿਚੋਂ ਬਾਹਰ ਕਰ ਦਿੱਤਾ ਹੈ। ਰੋਮਨ ਬਾਬੇਰ ਨੇ ਜਨਤਕ ਤੌਰ 'ਤੇ ਇਕ ਖੁੱਲ੍ਹੀ ਚਿੱਠੀ ਲਿਖ ਕੇ ਕਈ ਸਵਾਲ ਖੜ੍ਹੇ ਕਰਦੇ ਹੋਏ ਸੂਬੇ ਦੀ ਤਾਲਾਬੰਦੀ (ਲਾਕਡਾਊਨ) ਅਤੇ ਕੋਵਿਡ-19 ਪਾਬੰਦੀਆਂ ਨੂੰ ਸਮਾਪਤ ਕਰਨ ਦੀ ਮੰਗ ਕੀਤੀ ਸੀ। 

ਫੋਰਡ ਨੇ ਕਿਹਾ ਕਿ ਚਿੱਠੀ ਵਿਚ ਕੀਤੀਆਂ ਟਿੱਪਣੀਆਂ ਗੈਰ-ਜ਼ਿੰਮੇਵਾਰਾਨਾ ਹਨ। ਉਨ੍ਹਾਂ ਕਿ ਕਿਹਾ ਕਿ ਬਾਬੇਰ ਨੂੰ ਪੀ. ਸੀ. ਮੈਂਬਰ ਵਜੋਂ ਮੁੜ ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ, ''ਗਲਤ ਜਾਣਕਾਰੀ ਫੈਲਾਅ ਕੇ ਉਹ ਇਸ ਮੁਸ਼ਕਲ ਸਮੇਂ ਸਾਡੇ ਫਰੰਟਲਾਈਨ ਸਿਹਤ ਸੰਭਾਲ ਕਰਮਚਾਰੀਆਂ ਦੇ ਅਣਥੱਕ ਯਤਨਾਂ ਨੂੰ ਕਮਜ਼ੋਰ ਕਰ ਰਿਹਾ ਹੈ ਅਤੇ ਲੋਕਾਂ ਨੂੰ ਜੋਖਮ ਵਿਚ ਪਾ ਰਿਹਾ ਹੈ।" ਫੋਰਡ ਨੇ ਕਿਹਾ ਕਿ ਮੈਂ ਜਨਤਾ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਕੇ ਓਂਟਾਰੀਓ ਦੀ ਕਿਸੇ ਵੀ ਜ਼ਿੰਦਗੀ ਨੂੰ ਖ਼ਤਰੇ ਵਿਚ ਨਹੀਂ ਪਾ ਸਕਦਾਂ। ਉਨ੍ਹਾਂ ਕਿਹਾ ਕਿ ਕੋਵਿਡ-19 ਖਿਲਾਫ਼ ਸਾਡੀ ਲੜਾਈ ਵਿਚ ਰਾਜਨੀਤਿਕ ਵਿਚਾਰਧਾਰਾ ਦੀ ਕੋਈ ਜਗ੍ਹਾ ਨਹੀਂ ਹੈ। 

ਟਵਿੱਟਰ 'ਤੇ ਪਾਈ ਚਿੱਠੀ ਵਿਚ ਐੱਮ. ਪੀ. ਪੀ. ਰੋਮਨ ਬਾਬੇਰ ਨੇ ਕਿਹਾ ਸੀ ਕਿ "ਕੋਵਿਡ ਦਾ ਡਰ ਅਤਿਕਥਨੀ ਹੈ, ਲਾਕਡਾਊਨ ਇਸ ਨਾਲੋਂ ਜ਼ਿਆਦਾ ਘਾਤਕ ਹੈ।'' ਉਨ੍ਹਾਂ ਲਿਖਿਆ ਕਿ ਵਾਇਰਸ ਇੰਨਾ ਘਾਤਕ ਨਹੀਂ ਹੈ ਜਿੰਨਾ ਪਹਿਲਾਂ ਸੋਚਿਆ ਗਿਆ ਸੀ ਅਤੇ ਦਾਅਵਾ ਕੀਤਾ ਕਿ ਓਂਟਾਰੀਓ ਹਸਪਤਾਲਾਂ ਵਿਚ ਸਮਰੱਥਾ ਮਹਾਮਾਰੀ ਤੋਂ ਵੀ ਪਹਿਲਾਂ ਨਾਲੋਂ ਬਿਹਤਰ ਹੈ। ਇਸ ਲਈ ਤਾਲਾਬੰਦੀ ਅਤੇ ਸਖ਼ਤੀ ਹਟਾਈ ਜਾਵੇ।
 


Sanjeev

Content Editor

Related News