ਮਹਾਰਾਸ਼ਟਰ ਦੀ ਬਜਾਏ ਗੁਜਰਾਤ ''ਚ ਸੈਮੀਕੰਡਕਟਰ ਪਲਾਂਟ ਕਿਉਂ? ਵੇਦਾਂਤਾ ਦੇ ਚੇਅਰਮੈਨ ਨੇ ਦੱਸਿਆ ਕਾਰਨ
Sunday, Nov 13, 2022 - 11:24 AM (IST)
ਨਵੀਂ ਦਿੱਲੀ (ਭਾਸ਼ਾ) – ਵੇਦਾਂਤਾ ਰਿਸੋਰਸੇਜ਼ ਦੇ ਚੇਅਰਮੈਨ ਅਨਿਲ ਅੱਗਰਵਾਲ ਨੇ ਸ਼ਨੀਵਾਰ ਨੂੰ ਇਹ ਉਮੀਦ ਪ੍ਰਗਟਾਈ ਕਿ ਗੁਜਰਾਤ ’ਚ ਪ੍ਰਸਤਾਵਿਤ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਪਲਾਂਟ ਦਾ ਨਿਰਮਾਣ ਸ਼ੁਰੂ ਹੋਣ ਤੋਂ ਢਾਈ ਸਾਲਾਂ ਦੇ ਅੰਦਰ ਉੱਥੇ ਉਤਪਾਦਨ ਦਾ ਕੰਮ ਸ਼ੁਰੂ ਹੋ ਜਾਏਗਾ। ਅੱਗਰਵਾਲ ਨੇ ਇੱਥੇ ਆਯੋਜਿਤ ‘ਐੱਚ. ਟੀ. ਲੀਡਰਸ਼ਿਪ ਸਮਿਟ’ ਦੌਰਾਨ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਸਹਿਯੋਗਪੂਰਨ ਰਵੱਈਏ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਢਾਈ ਸਾਲਾਂ ’ਚ ਇਸ ਪਲਾਂਟ ’ਚ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਦਿਨ ਅਤੇ ਆਤਮ ਇਸ ’ਚ ਵੱਸਿਆ ਹੋਇਆ ਹੈ। ਜਿਸ ਤਰ੍ਹਾਂ ਸਰਕਾਰ ਸਹਿਯੋਗ ਕਰ ਰਹੀ ਹੈ, ਸੂਬ ਸਰਕਾਰ ਸਹਿਯੋਗ ਕਰ ਰਹੀ ਹੈ, ਮੈਨੂੰ ਕੋਈ ਸ਼ੱਕ ਨਹੀਂ ਦਿਖਾਈ ਦਿੰਦਾ ਕਿ (ਨੀਂਹ-ਪੱਥਰ ਸਮਾਰੋਹ ਦੇ) ਢਾਈ ਸਾਲਾਂ ਦੇ ਅੰਦਰ ਅਜਿਹਾ ਹੋਣ ਲੱਗੇਗਾ।
ਵੇਦਾਂਤਾ ਗੁਜਰਾਤ ’ਚ ਫਾਕਸਕਾਨ ਨਾਲ ਮਿਲ ਕੇ ਇਹ ਪਲਾਂਟ ਲਗਾਉਣ ਜਾ ਰਹੀ ਹੈ। ਕਰੀਬ 1.54 ਲੱਖ ਕਰੋੜ ਰੁਪਏ ਦੇ ਵਿਆਪਕ ਨਿਵੇਸ਼ ਵਾਲੇ ਇਸ ਪਲਾਂਟ ਦੀ ਸਥਾਪਨਾ ਲਈ ਹਾਲ ਹੀ ’ਚ ਸੂਬਾ ਸਰਕਾਰ ਨਾਲ ਇਕ ਸਮਝੌਤਾ ਹੋਇਆ ਹੈ। ਇਸ ਨਾਲ ਕਰੀਬ ਇਕ ਲੱਖ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਪ੍ਰਸਤਾਵਿਤ ਨਿਵੇਸ਼ ’ਚੋਂ 94,000 ਕਰੋੜ ਰੁਪਏ ਡਿਸਪਲੇ ਨਿਰਮਾਣ ਇਕਾਈ ਦੀ ਸਥਾਪਨਾ ’ਤੇ ਲਗਾਏ ਜਾਣਗੇ ਜਦ ਕਿ 60,000 ਕਰੋੜ ਰੁਪਏ ਦਾ ਨਿਵੇਸ਼ ਸੈਮੀਕੰਡਕਟਰ ਨਿਰਮਾਣ ਇਕਾਈ ਲਗਾਉਣ ’ਚ ਕੀਤਾ ਜਾਵੇਗਾ। ਪਹਿਲਾਂ ਇਸ ਪਲਾਂਟ ਨੂੰ ਮਹਾਰਾਸ਼ਟਰ ’ਚ ਲਗਾਏ ਜਾਣ ਦੀ ਚਰਚਾ ਚੱਲ ਰਹੀ ਸੀ ਪਰ ਬਾਅਦ ’ਚ ਇਸ ਲਈ ਗੁਜਰਾਤ ਨੂੰ ਚੁਣੇ ਜਾਣ ਨਾਲ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋਏ ਗਏ ਸਨ। ਇਸ ’ਤੇ ਆਪਣੀ ਸਥਿਤੀ ਸਪੱਸ਼ਟ ਕਰਦੇ ਹੋਏ ਵੇਦਾਂਤਾ ਚੇਅਰਮੈਨ ਨੇ ਕਿਹਾ ਕਿ ਮਹਾਰਾਸ਼ਟਰ ’ਚ ਡਾਊਨਸਟ੍ਰੀਮ ਪਲਾਂਟ ਲਗਾਇਆ ਜਾਵੇਗਾ ਜੋ ਕਿ ਗੁਜਰਾਤ ਤੋਂ ਵੀ ਵੱਡਾ ਹੋਵੇਗਾ। ਡਾਊਨਸਟ੍ਰੀਮ ਪਲਾਂਟ ਦਾ ਅਰਥ ਕੱਚੇ ਮਾਲ ਅਤੇ ਫਾਲਤੂ ਪਾਰਟਸ ਤੋਂ ਅੰਤਿਮ ਉਤਪਾਦ ਬਣਾਉਣ ਵਾਲੀ ਇਕਾਈ ਹੁੰਦਾ ਹੈ।