ਕੁੜੀ ਨੇ ਦਵਾਈ ਦੀ ਬਜਾਏ ਨਿਗਲੀ ਸਲਫਾਸ, ਮੌਤ
Monday, Nov 24, 2025 - 04:24 PM (IST)
ਅਬੋਹਰ (ਸੁਨੀਲ) : ਅਬੋਹਰ ਹਲਕੇ ਦੇ ਇਕ ਪਿੰਡ ਦੀ ਇਕ ਨਾਬਾਲਗ ਕੁੜੀ ਨੇ ਬੀਤੀ ਦੇਰ ਰਾਤ ਗਲਤੀ ਨਾਲ ਸਲਫਾਸ ਖਾ ਲਿਆ। ਉਸ ਨੂੰ ਪਹਿਲਾਂ ਅਬੋਹਰ ਹਸਪਤਾਲ ਲਿਆਂਦਾ ਗਿਆ, ਜਿਥੋਂ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ। ਉਸ ਦੀ ਬੀਤੀ ਦੇਰ ਰਾਤ ਮੌਤ ਹੋ ਗਈ ਅਤੇ ਉਸ ਦੀ ਲਾਸ਼ ਅੱਜ ਸਵੇਰੇ ਪੋਸਟਮਾਰਟਮ ਲਈ ਅਬੋਹਰ ਹਸਪਤਾਲ ਦੇ ਮੁਰਦਾਘਰ ’ਚ ਰੱਖੀ ਗਈ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਕੁੜੀ ਦਾ ਜਨਮ ਦਿਨ ਕਰੀਬ ਇਕ ਹਫ਼ਤੇ ਬਾਅਦ ਆਉਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਦੁਖਦਾਈ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਪਿਤਾ ਪਿੰਡ ਦਾ ਪੰਚ ਹੈ। ਜਾਣਕਾਰੀ ਅਨੁਸਾਰ ਕਰੀਬ 17 ਸਾਲਾ ਪ੍ਰਿਯੰਕਾ ਪੁੱਤਰੀ ਜਸਰਾਮ 12ਵੀਂ ਜਮਾਤ ’ਚ ਪੜ੍ਹਦੀ ਸੀ।
ਪਿਛਲੇ ਦਿਨ ਉਸ ਦਾ ਪੂਰਾ ਪਰਿਵਾਰ ਕਿੰਨੂ ਤੁੜਾਈ ਦੇ ਕੰਮ ’ਤੇ ਗਿਆ ਹੋਇਆ ਸੀ ਕਿ ਪਿੱਛੇ ਤੋਂ ਪ੍ਰਿਯੰਕਾ ਦੀ ਸਿਹਤ ਵਿਗੜ ਗਈ ਅਤੇ ਘਬਰਾਹਟ ’ਚ ਉਸ ਨੇ ਗਲਤੀ ਨਾਲ ਦਵਾਈ ਦੀ ਬਜਾਏ ਸਲਫਾਸ ਖਾ ਲਿਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ। ਜਦੋਂ ਸ਼ਾਮ ਨੂੰ ਉਸ ਦਾ ਪਰਿਵਾਰ ਘਰ ਵਾਪਸ ਆਇਆ ਤਾਂ ਉਸ ਨੂੰ ਦਰਦ ’ਚ ਦੇਖ ਕੇ ਉਹ ਉਸ ਨੂੰ ਤੁਰੰਤ ਅਬੋਹਰ ਦੇ ਹਸਪਤਾਲ ਲੈ ਗਏ, ਜਿੱਥੇ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਜਦੋਂ ਪਰਿਵਾਰ ਉਸ ਨੂੰ ਬਠਿੰਡਾ ਲੈ ਜਾ ਰਿਹਾ ਸੀ ਤਾਂ ਰਸਤੇ ’ਚ ਉਸ ਦੀ ਮੌਤ ਹੋ ਗਈ। ਸਦਰ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਵਾਈ ਖਾਣ ਨਾਲ ਉਸ ਦੀ ਮੌਤ ਹੋਈ ਹੈ। ਇਸ ਲਈ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤਾਂ ਕਿ ਉਸ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ।
