ਪੰਜਾਬ ਦੇ ਸਾਬਕਾ ਮੰਤਰੀ ਨੂੰ ਵੱਡੀ ਰਾਹਤ! ਵਿਜੀਲੈਂਸ ਨੇ ਦੱਸਿਆ ''ਨਿਰਦੋਸ਼''
Monday, Nov 24, 2025 - 12:26 PM (IST)
ਮੋਹਾਲੀ (ਜੱਸੀ)- ਜੰਗਲਾਤ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਸਮੇਤ ਉਨ੍ਹਾਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਤੇ ਹੋਰਨਾਂ ਖ਼ਿਲਾਫ਼ ਦਰਜ ਮਾਮਲੇ ’ਚ ਵਿਜੀਲੈਂਸ ਨੇ ਸਾਬਕਾ ਮੰਤਰੀ ਨੂੰ ਬੇਦੋਸ਼ਾ ਕਰਾਰ ਦਿੰਦਿਆਂ ਅਦਾਲਤ ’ਚ ਰਿਪੋਰਟ ਪੇਸ਼ ਕਰ ਦਿੱਤੀ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ’ਚ ਸੰਗਤ ਸਿੰਘ ਗਿਲਜੀਆਂ ਦੀ ਸਿੱਧੇ ਤੌਰ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ।
ਇਸ ਮਾਮਲੇ ’ਚ ਜਦੋਂ ਸਾਬਕਾ ਮੰਤਰੀ ਗਿਲਜੀਆਂ ਵੱਲੋਂ ਆਪਣੇ ਖ਼ਿਲਾਫ਼ ਦਰਜ ਕੀਤੀ ਗਈ ਐੱਫ.ਆਈ.ਆਰ. ਨੂੰ ਖ਼ਾਰਿਜ ਕਰਨ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਵਿਜੀਲੈਂਸ ਅਤੇ ਸਰਕਾਰੀ ਵਕੀਲ ਵੱਲੋਂ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਬੇਦੋਸ਼ਾ ਕਰਾਰ ਦੇ ਦਿੱਤਾ ਗਿਆ ਹੈ। ਇਸ ਮਾਮਲੇ ’ਚ ਸਾਬਕਾ ਮੰਤਰੀ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਤੇ ਹੋਰਨਾਂ ਖ਼ਿਲਾਫ਼ ਪਹਿਲਾਂ ਹੀ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ ਅਤੇ ਮੋਹਾਲੀ ਵਿਚਲੀ ਅਦਾਲਤ ’ਚ ਇਸ ਸਮੇਂ ਉਕਤ ਕੇਸ ਵਿਚਾਰ ਅਧੀਨ ਹੈ।
ਉਧਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਵਿਜੀਲੈਂਸ ਨੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਮੁੱਢਲੀ ਜਾਂਚ ’ਚ ਬੇਦੋਸ਼ਾਂ ਕਰਾਰ ਦਿੰਦਿਆਂ ਖਾਨਾ ਨੰਬਰ-2 ’ਚ ਰੱਖਿਆ ਹੈ ਪਰ ਚੱਲਦੇ ਕੇਸ ’ਚ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਬੂਤ ਉਨ੍ਹਾਂ ਖ਼ਿਲਾਫ਼ ਅਦਾਲਤ ਸਾਹਮਣੇ ਆਉਂਦਾ ਹੈ ਤਾਂ ਅਦਾਲਤ ਉਨ੍ਹਾਂ ਨੂੰ ਬਤੌਰ ਮੁਲਜ਼ਮ ਮੁੜ ਅਦਾਲਤ ’ਚ ਤਲਬ ਕਰ ਸਕਦੀ ਹੈ।
ਡੀ. ਐੱਫ. ਓ. ਦੀ ਕੋਠੀ ’ਚੋਂ ਮਿਲੇ ਸਨ ਨਵੇਂ ਬਣ ਰਹੇ ਟ੍ਰੀ-ਗਾਰਡ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਵੱਲੋਂ ਛਾਪੇਮਾਰੀ ਦੌਰਾਨ ਬਠਿੰਡਾ ਵਿਖੇ ਇਕ ਡੀ.ਐੱਫ. ਓ. ਦੀ ਕੋਠੀ ’ਚ ਨਵੇਂ ਸਿਰਿਓਂ ਬਣ ਰਹੇ ਸੀਮੈਂਟ ਅਤੇ ਵਾਂਸ ਦੇ ਕਈ ਟ੍ਰੀ-ਗਾਰਡ ਮਿਲੇ ਸਨ। ਇਨ੍ਹਾਂ ਟ੍ਰੀ-ਗਾਰਡਾਂ ਨੂੰ ਪੁਰਾਣੇ ਰਿਕਾਰਡ ’ਚ ਖ਼ਰੀਦਿਆ ਹੋਇਆ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਣ ਵਾਲੀ ਸੀ ਪਰ ਵਿਜੀਲੈਂਸ ਨੇ ਉਕਤ ਕੋਠੀ ’ਚ ਛਾਪਾ ਮਾਰ ਕੇ 854 ਸੀਮੈਂਟ ਦੇ ਅਤੇ 500 ਦੇ ਕਰੀਬ ਵਾਂਸ ਦੇ ਟ੍ਰੀ ਗਾਰਡ ਬਰਾਮਦ ਕਰ ਕੇ ਕਬਜ਼ੇ ’ਚ ਲੈ ਕੇ ਇਸ ਗੱਲ ਦੀ ਜਾਂਚ ਸ਼ੁਰੂ ਕੀਤੀ ਸੀ ਕਿ ਇਹ ਟ੍ਰੀ-ਗਾਰਡ ਕਿਸੇ ਦੇ ਹੁਕਮ ’ਤੇ ਬਣਾਏ ਜਾ ਰਹੇ ਸਨ ਤੇ ਕਿਹੜੇ-ਕਿਹੜੇ ਹੋਰਨਾਂ ਅਫ਼ਸਰਾਂ/ਮੁਲਾਜ਼ਮਾਂ ਦੀ ਇਸ ਮਾਮਲੇ ’ਚ ਸ਼ਮੂਲੀਅਤ ਹੈ।
ਵਿਜੀਲੈਂਸ ਸੂਤਰਾਂ ਮੁਤਾਬਕ ਬਿੰਦਰ ਸਿੰਘ ਨਾਂ ਦੇ ਗ੍ਰਿਫ਼ਤਾਰ ਕੀਤੇ ਗਏ ਪ੍ਰਾਈਵੇਟ ਵਿਅਕਤੀ ਕੋਲੋਂ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਸੀ ਕਿ ਉਸ ਨੇ ਬਿਨਾਂ ਟ੍ਰੀ-ਗਾਰਡ ਦੀ ਖ਼ਰੀਦੋ-ਫ਼ਰੋਖਤ ਕੀਤਿਆਂ 1400 ਰੁਪਏ ਵਾਲਾ ਟ੍ਰੀ-ਗਾਰਡ 2400 ਰੁਪਏ ’ਚ ਦਸਤਾਵੇਜ਼ਾਂ ’ਚ ਖ਼ਰੀਦਿਆ ਦਿਖਾ ਕੇ ਆਪਣੇ ਖਾਤੇ ’ਚ ਵਿਭਾਗ ਕੋਲੋਂ ਲੱਖਾਂ ਰੁਪਏ ਪੁਆਏ ਤੇ ਬਾਅਦ ’ਚ ਆਪਣਾ ਕਮਿਸ਼ਨ ਕੱਟ ਕੇ 10 ਲੱਖ ਰੁਪਏ ਦੇ ਕਰੀਬ ਦਲਜੀਤ ਸਿੰਘ ਗਿਲਜੀਆਂ ਤੇ ਇਕ ਮਹਿਤਾ ਨਾਂ ਦੇ ਵਿਅਕਤੀ ਨੂੰ ਵਾਪਸ ਕਰ ਦਿੱਤੇ। ਇਹ ਰਕਮ 2 ਕਿਸ਼ਤਾਂ ’ਚ ਮੋਹਾਲੀ ਅਤੇ ਡੱਬਵਾਲੀ ਦੇ ਕਸਬਾ ਅਬੂਬ ’ਚ ਦਿੱਤੀ ਗਈ ਦੱਸੀ ਜਾ ਰਹੀ ਹੈ। ਇਨ੍ਹਾਂ ਟ੍ਰੀ-ਗਾਰਡਾਂ ਦੇ ਜਾਅਲੀ ਬਿੱਲ ਵੀ ਤਿਆਰ ਕੀਤੇ ਗਏ ਸਨ।
