ਸ਼ਰਮਸਾਰ ਪੰਜਾਬ! ਕੁੜੀ ਨੇ ਸੜਕ ''ਤੇ ਤੜਫ਼-ਤੜਫ਼ ਕੇ ਤੋੜਿਆ ਦਮ; ਮਦਦ ਦੀ ਬਜਾਏ Activa ਚੋਰੀ ਕਰ ਕੇ ਲੈ ਗਏ ਲੋਕ
Monday, Dec 08, 2025 - 04:07 PM (IST)
ਲੁਧਿਆਣਾ (ਗੌਤਮ): ਲੁਧਿਆਣਾ 'ਚ ਵਾਪਰੀ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। ਜਿਹੜੇ ਪੰਜਾਬੀ ਦੇਸ਼ਾਂ-ਵਿਦੇਸ਼ਾਂ ਵਿਚ ਲੋਕਾਂ ਦੀ ਮਦਦ ਲਈ ਜਾਣੇ ਜਾਂਦੇ ਹਨ, ਅੱਜ ਉਸੇ ਪੰਜਾਬ ਦੀ ਧਰਤੀ 'ਤੇ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋਈ ਲੜਕੀ ਮਦਦ ਨਾ ਮਿਲਣ ਕਾਰਨ ਤੜਫ਼ਦੀ ਰਹੀ, ਪਰ ਕੁਝ ਮੌਕਾਪ੍ਰਸਤ ਲੋਕ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੀ ਐਕਟਿਵਾ ਚੋਰੀ ਕਰ ਕੇ ਲੈ ਗਏ। ਇਹ ਹਾਦਸਾ ਲੁਧਿਆਣਾ ਦੇ ਗਿੱਲ ਰੋਡ 'ਤੇ ਜੀ. ਐੱਨ. ਏ. ਕਾਲਜ ਨੇੜੇ ਗਿੱਲ ਰੋਡ 'ਤੇ ਵਾਪਰਿਆ ਸੀ।
ਇਸ ਦੀ ਸੂਚਨਾ ਮਿਲਣ ਮਗਰੋਂ ਜਾਂਚ ਕਰਨ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਸਤਜੋਤ ਨਗਰ ਧਾਂਧਰਾ ਰੋਡ ਦੀ ਰਹਿਣ ਵਾਲੀ ਪਾਇਲ ਸ਼ਰਮਾ ਪਤਨੀ ਸੰਦੀਪ ਸ਼ਰਮਾ ਦੇ ਬਿਆਨਾਂ 'ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪਾਇਲ ਸ਼ਰਮਾ ਨੇ ਦੱਸਿਆ ਕਿ ਉਸ ਦੀ ਧੀ ਗੁਰਸਿਮ ਪਤਨੀ ਰਾਹੁਲ ਬਾਜ਼ਾਰ ਗਈ ਸੀ। ਇਸ ਦੌਰਾਨ ਦੁਗਰੀ ਦੀ ਗਿੱਲ ਨਹਿਰ ਵੱਲ ਜਾ ਰਹੀ ਸੀ ਤਾਂ ਉਸ ਦੀ ਐਕਟਿਵਾ ਸਲਿੱਪ ਹੋ ਗਈ ਤੇ ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਗਏ ਤਾਂ ਵੇਖਿਆ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਉੱਥੇ ਪਈ ਸੀ ਤੇ ਐਕਟਿਵਾ ਦੇ ਟੁੱਟੇ ਹੋਏ ਪੁਰਜ਼ੇ ਉੱਥੇ ਪਏ ਸੀ, ਪਰ ਮੌਕੇ ਤੋਂ ਉਸ ਦੀ ਐਕਟਿਵਾ ਚੋਰੀ ਹੋ ਗਈ ਸੀ। ਸਬ-ਇੰਸਪੈਕਟਰ ਕਪਿਲ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
