ਢਾਬਾ ਮਾਲਕ ਨੇ ਕੀਤੀ ਖ਼ੁਦਕੁਸ਼ੀ, ਮਾਨਸਿਕ ਪਰੇਸ਼ਾਨੀ ਦੱਸਿਆ ਜਾ ਰਿਹਾ ਕਾਰਨ
Monday, Dec 08, 2025 - 02:02 PM (IST)
ਮਾਛੀਵਾੜਾ ਸਾਹਿਬ (ਟੱਕਰ) : ਇੱਥੇ ਬੱਸ ਸਟੈਂਡ ਨੇੜੇ ਇੱਕ ਢਾਬਾ ਮਾਲਕ ਅਮਰਜੀਤ ਸਿੰਘ ਨੇ ਬੀਤੀ ਰਾਤ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਬੱਸ ਸਟੈਂਡ ਨੇੜੇ ਢਾਬਾ ਚਲਾਉਂਦਾ ਸੀ ਅਤੇ ਉਹ ਇਕੱਲਾ ਹੀ ਰਹਿੰਦਾ ਸੀ। ਅਮਰਜੀਤ ਸਿੰਘ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ, ਜੋ ਕਿ ਵਿਆਹਿਆ ਵੀ ਨਹੀਂ ਸੀ। ਅੱਜ ਸਵੇਰੇ ਜਦੋਂ ਢਾਬਾ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਅਮਰਜੀਤ ਸਿੰਘ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ।
ਥਾਣਾ ਮੁਖੀ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਟੀਮ ਵਲੋਂ ਢਾਬੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਪਰ ਉੱਥੋਂ ਕੋਈ ਵੀ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗ ਸਕੇ ਕਿ ਉਸਨੇ ਖ਼ੁਦਕੁਸ਼ੀ ਕਿਉਂ ਕੀਤੀ। ਪੁਲਸ ਅਨੁਸਾਰ ਇਕੱਲੇਪਣ ਕਾਰਨ ਅਮਰਜੀਤ ਸਿੰਘ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ, ਜਿਸ ਕਾਰਨ ਉਸਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ। ਪੁਲਸ ਵਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਭਿਜਵਾ ਦਿੱਤਾ ਗਿਆ ਹੈ।
