ਨਿਰਯਾਤ ਰੁਕਣ ਨਾਲ ਜ਼ਿਆਦਾ ਨਹੀਂ ਘਟਣਗੇ ਕਣਕ ਦੇ ਭਾਅ
Tuesday, Aug 30, 2022 - 01:39 PM (IST)
ਨਵੀਂ ਦਿੱਲੀ- ਸਰਕਾਰ ਨੇ ਭਾਵੇਂ ਹੀ ਕਣਕ ਦੇ ਭਾਅ ਘੱਟ ਕਰਨ ਲਈ ਆਟਾ, ਮੈਦਾ, ਸੂਜੀ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਹੈ। ਪਰ ਇਸ ਨਾਲ ਕਣਕ ਦੀਆਂ ਕੀਮਤਾਂ 'ਚ ਜ਼ਿਆਦਾ ਗਿਰਾਵਟ ਆਉਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਅੱਗੇ ਤਿਉਹਾਰਾਂ ਦੀ ਮੰਗ ਵੀ ਹੈ ਅਤੇ ਉਤਪਾਦਨ ਘਟਣ ਨਾਲ ਬੀਤੇ ਸਾਲਾਂ ਜਿੰਨੀ ਕਣਕ ਦੀ ਉਪਲੱਬਧਤਾ ਵੀ ਨਹੀਂ ਹੈ। ਕਾਰੋਬਾਰੀਆਂ ਮੁਤਾਬਕ ਵਰਤਮਾਨ ਹਾਲਤ 'ਚ ਕਣਕ ਦੇ ਭਾਅ ਮੌਜੂਦਾ ਭਾਅ ਦੇ ਆਲੇ-ਦੁਆਲੇ ਥੋੜ੍ਹੀ ਬਹੁਤ ਘੱਟ-ਵਧ ਬਣੇ ਰਹਿਣਗੇ।
ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਇਸ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗੀਆਂ ਸਨ। ਪਰ ਉਸ ਤੋਂ ਬਾਅਦ, ਹੌਲੀ-ਹੌਲੀ ਭਾਅ ਵਧ ਕੇ ਨਿਰਯਾਤ 'ਤੇ ਰੋਕ ਤੋਂ ਪਹਿਲੇ ਪੱਧਰ 'ਤੇ ਕਰੀਬ ਆ ਚੁੱਕੇ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਾਲ ਭਰ ਦੇ ਦੌਰਾਨ ਪੂਰੇ ਦੇਸ਼ 'ਚ ਕਣਕ ਦੀ ਔਸਤ ਪ੍ਰਚੂਨ ਕੀਮਤ 'ਚ ਸਾਲ ਦੌਰਾਨ ਕਰੀਬ 28 ਫੀਸਦੀ ਵਧ ਚੁੱਕੀ ਹੈ।
ਇਸ ਸਾਲ 29 ਅਗਸਤ ਨੂੰ ਕਣਕ ਦੀ ਔਸਤ ਪ੍ਰਚੂਨ ਕੀਮਤ 31.02 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ, ਜਦਕਿ ਪਿਛਲੇ ਸਾਲ ਇਸ ਤਾਰੀਖ਼ ਨੂੰ ਇਹ ਮੁੱਲ 24.25 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਦਿੱਲੀ ਦੇ ਕਣਕ ਦੇ ਕਾਰੋਬਾਰੀ ਮਹਿੰਦਰ ਜੈਨ ਨੇ ਕਿਹਾ ਕਿ ਆਟਾ, ਮੈਦਾ ਅਤੇ ਸੂਜੀ ਦੇ ਨਿਰਯਾਤ 'ਤੇ ਪਾਬੰਦੀ ਦੇ ਕਾਰਨ ਕਣਕ ਦੀਆਂ ਕੀਮਤਾਂ 'ਚ ਓਨੀ ਗਿਰਾਵਟ ਨਹੀਂ ਆਉਣ ਵਾਲੀ ਹੈ, ਜਿੰਨੀ ਕਿ ਕਣਕ ਦੇ ਨਿਰਯਾਤ 'ਤੇ ਪਾਬੰਦੀ ਲੱਗਣ ਤੋਂ ਬਾਅਦ ਆਈ ਸੀ।
ਕਣਕ ਦੇ ਨਿਰਯਾਤ 'ਤੇ ਪਾਬੰਦੀ ਤੋਂ ਬਾਅਦ ਇਸ ਦੇ ਭਾਅ 150 ਤੋਂ 200 ਰੁਪਏ ਪ੍ਰਤੀ ਕੁਇੰਟਲ ਤੱਕ ਡਿੱਗ ਗਏ ਹਨ। ਇਸ ਸਮੇਂ ਮੰਡੀ 'ਚ ਕਣਕ ਦਾ ਭਾਅ 2490 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਨਿਰਯਾਤ 'ਤੇ ਪਾਬੰਦੀ ਕਾਰਨ ਭਾਅ 20-30 ਰੁਪਏ ਪ੍ਰਤੀ ਕੁਇੰਟਲ ਡਿੱਗੇ ਹਨ। ਹੋ ਸਕਦਾ ਹੈ ਕਿ ਅੱਗੇ ਵੀ ਇੰਨੀ ਗਿਰਾਵਟ ਹੋਰ ਆ ਜਾਵੇ। ਪਰ ਕੁਝ ਦਿਨਾਂ ਬਾਅਦ ਭਾਅ ਵਾਪਸ ਮੌਜੂਦਾ ਪੱਧਰ 'ਤੇ ਜਾਣਗੇ ਕਿਉਂਕਿ ਦੇਸ਼ 'ਚ ਕਣਕ ਉਤਪਾਦਨ ਘਟਣ ਕਾਰਨ ਉਪਲਬਧਤਾ ਘੱਟ ਹੈ।
ਉੱਤਰ ਪ੍ਰਦੇਸ਼ ਦੀ ਸ਼ਾਹਜਹਾਂਪੁਰ ਮੰਡੀ ਦੇ ਕਣਕ ਵਪਾਰੀ ਰਾਜੂ ਖੰਡੇਲਵਾਲ ਕਹਿੰਦੇ ਹਨ ਕਿ ਮੰਡੀ 'ਚ ਇਸ ਸਮੇਂ ਕਣਕ 2350 ਰੁਪਏ ਪ੍ਰਤੀ ਕੁਇੰਟਲ ਕਣਕ ਵਿਕ ਰਹੀ ਹੈ। ਆਟਾ, ਮੈਦਾ ਅਤੇ ਸੂਜੀ ਦੇ ਨਿਰਯਾਤ 'ਤੇ ਪਾਬੰਦੀ ਦੇ ਬਾਵਜੂਦ ਕਣਕ ਦੀਆਂ ਕੀਮਤਾਂ 'ਚ ਜ਼ਿਆਦਾ ਮੰਦੀ ਵਾਲੀ ਗੱਲ ਨਹੀਂ ਦਿਖ ਰਹੀ ਹੈ, ਪਰ ਦੀਵਾਲੀ ਤੱਕ ਤਿਉਹਾਰੀ ਮੰਗ ਕਾਰਨ ਭਾਅ ਚੜ੍ਹ ਵੀ ਸਕਦੇ ਹਨ।