ਲਓ ਜੀ! ਫੈਕਟਰੀ ਲੁੱਟਣ ਆਏ ਸੀ ''ਗੈਂਗਸਟਰ ਦੇ ਬੰਦੇ'', ਵਾਪਸੀ ''ਤੇ Start ਨਹੀਂ ਕਰ ਸਕੇ ਆਪਣੀ ਹੀ ਬਾਈਕ ਤੇ ਫ਼ਿਰ...
Thursday, Nov 20, 2025 - 02:42 PM (IST)
ਲੁਧਿਆਣਾ (ਤਰੁਣ): ਥਾਣਾ ਦਰੇਸੀ ਦੇ ਇਲਾਕੇ ਸੁੰਦਰ ਨਗਰ ਵਿਚ 2 ਲੁਟੇਰੇ ਸ਼ਿਮਲਾ ਗਾਰਮੈਂਟਸ ਨਾਮਕ ਫੈਕਟਰੀ ਵਿਚ ਦਾਖਲ ਹੋਏ। ਜਿਨ੍ਹਾਂ ਨੇ ਸਕਿਓਰਿਟੀ ਗਾਰਡ ਨੂੰ ਗਨ ਪੁਆਇੰਟ 'ਤੇ ਲਿਆ ਅਤੇ ਮਾਲਕ ਦੇ ਆਫਿਸ ਵਿਚ ਵੜ ਗਏ। ਜਿੱਥੇ ਮਾਲਕ ਹਰਪ੍ਰੀਤ ਸਿੰਘ ਕਾਰੀਗਰਾਂ ਨੂੰ ਪੇਮੈਂਟ ਕਰ ਰਿਹਾ ਸੀ। ਲੁਟੇਰੇ ਆਫਿਸ ਵਿਚ ਵੜੇ ਅਤੇ ਸਾਰੇ ਵਰਕਰਾਂ ਨੂੰ ਬਾਹਰ ਕੱਢਿਆ ਅਤੇ ਮਾਲਕ ਹਰਪ੍ਰੀਤ ਸਿੰਘ ਨੂੰ ਗਨ ਪੁਆਇੰਟ 'ਤੇ ਲੈਂਦੇ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਲੈ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਲੱਗੇ। ਇਹ ਸੀਨ ਕਰੀਬ 10-12 ਮਿੰਟ ਤੱਕ ਆਫਿਸ ਵਿਚ ਚੱਲਿਆ, ਇਸ ਦੌਰਾਨ ਫੈਕਟਰੀ ਮਾਲਕ ਹਰਪ੍ਰੀਤ ਸਿੰਘ ਦੀ ਲੁਟੇਰੇ ਨਾਲ ਹੱਥੋਪਾਈ ਵੀ ਹੋਈ।
ਇਹ ਖ਼ਬਰ ਵੀ ਪੜ੍ਹੋ - ਹੱਥਕੜੀ ਲਾ ਕੇ ਵਿਆਹ 'ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ
ਫੈਕਟਰੀ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ 2 ਲੁਟੇਰੇ ਸੁੰਦਰ ਨਗਰ ਇਲਾਕੇ, ਜਗਜੀਤ ਨਗਰ ਸਥਿਤ ਉਸ ਦੀ ਸ਼ਿਮਲਾ ਗਾਰਮੈਂਟਸ ਨਾਮਕ ਫੈਕਟਰੀ ਵਿਚ ਦਾਖਲ ਹੋਏ। ਜਿਨ੍ਹਾਂ ਵਿਚੋਂ ਇਕ ਲੁਟੇਰੇ ਨੇ ਸਕਿਓਰਿਟੀ ਗਾਰਡ ਸ਼ਿਵਾ ਕਾਂਤ ਨੂੰ ਗੰਨ ਪੁਆਇੰਟ 'ਤੇ ਲਿਆ ਅਤੇ ਆਫਿਸ ਦੇ ਅੰਦਰ ਵੜ ਆਇਆ। ਸ਼ਿਵਾਕਾਂਤ ਦੀ ਕਨਪਟੀ 'ਤੇ ਬਲੈਕ ਸਵੈਟ ਸ਼ਰਟ ਪਹਿਨੇ ਲੁਟੇਰੇ ਨੇ ਰਿਵਾਲਵਰ ਰੱਖੀ ਹੋਈ ਸੀ। ਦੋਸ਼ੀ ਨੇ ਆਫਿਸ ਦੇ ਅੰਦਰ ਖੜ੍ਹੇ ਸਾਰੇ ਵਰਕਰਾਂ ਨੂੰ ਬਾਹਰ ਕੱਢ ਦਿੱਤਾ। ਚਿੱਟੀ ਸ਼ਰਟ ਪਹਿਨਿਆ ਲੁਟੇਰਾ ਗੇਟ 'ਤੇ ਖੜ੍ਹਾ ਹੋ ਕੇ ਨਿਗਰਾਨੀ ਕਰ ਰਿਹਾ ਸੀ। ਦੋਵਾਂ ਦੇ ਹੱਥਾਂ ਵਿਚ ਰਿਵਾਲਵਰ ਸੀ। ਬਲੈਕ ਸ਼ਰਟ ਪਹਿਨੇ ਲੁਟੇਰੇ ਨੇ ਗਰਜ ਕੇ ਕਿਹਾ ਕਿ, 'ਮੈਨੂੰ ਜੱਗੂ ਨੇ ਭੇਜਿਐ, ਹੁਣੇ 50 ਲੱਖ ਰੁਪਏ ਦੇ।'
ਫੈਕਟਰੀ ਮਾਲਕ ਨੇ ਕਿਹਾ ਕਿ ਉਸ ਦੇ ਕੋਲ ਰੁਪਏ ਨਹੀਂ ਹਨ, ਉਸ ਉੱਤੇ ਬੈਂਕ ਦਾ ਇਕ ਕਰੋੜ ਰੁਪਏ ਦਾ ਕਰਜ਼ਾ ਹੈ। ਜਿਸ ਤੋਂ ਬਾਅਦ ਲੁਟੇਰਾ ਹੋਰ ਭੜਕ ਉੱਠਿਆ। ਹੁਣ ਤੱਕ ਉਹ ਉਸ ਨੂੰ 5 ਵਾਰ ਗਨ ਪੁਆਇੰਟ 'ਤੇ ਧਮਕਾ ਚੁੱਕਾ। ਇਸ ਦੌਰਾਨ ਉਸ ਨੇ ਲੁਟੇਰੇ ਦਾ ਸੱਜਾ ਹੱਥ ਫੜ ਲਿਆ ਅਤੇ ਮੁਕਾਬਲਾ ਕਰਨ ਲੱਗਾ। ਹੱਥੋਪਾਈ ਵਿਚ ਦੋਵੇਂ ਬਾਥਰੂਮ ਵਿਚ ਜਾ ਡਿੱਗੇ। ਲੁਟੇਰਾ ਵਾਪਸ ਖੜ੍ਹਾ ਹੋਇਆ ਅਤੇ ਉਸ ਨੂੰ ਗੰਨ ਪੁਆਇੰਟ 'ਤੇ ਲੈ ਕੇ ਦੁਬਾਰਾ ਧਮਕਾਉਣ ਲੱਗਾ। ਉਦੋਂ ਹੀ ਬਾਹਰ ਨਿਗਰਾਨੀ ਕਰ ਰਿਹਾ ਦੋਸ਼ੀ ਆਫਿਸ ਵਿਚ ਆਇਆ ਅਤੇ ਦੋਵੇਂ ਦੋਸ਼ੀ ਖੁਸਰ-ਫੁਸਰ ਕਰਨ ਲੱਗੇ। ਹੁਣ ਦੋਵੇਂ ਦੋਸ਼ੀ ਦੁਬਾਰਾ ਗਨ ਪੁਆਇੰਟ 'ਤੇ ਧਮਕਾਉਂਦੇ ਹੋਏ ਆਫਿਸ ਤੋਂ ਬਾਹਰ ਨਿਕਲ ਗਏ ਅਤੇ ਮੋਟਰਸਾਈਕਲ ਨੂੰ ਧੱਕਾ ਲਗਾ ਕੇ ਫਰਾਰ ਹੋ ਗਏ।
ਇਸ ਸਬੰਧੀ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਲੈ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਕਸਰ ਅਜਿਹੇ ਮਾਮਲੇ ਵਿਚ ਦੋਸ਼ੀ ਵੱਡੇ ਗੈਂਗਸਟਰਾਂ ਦਾ ਨਾਂ ਵਰਤਦੇ ਹਨ, ਜਿਸ ਨਾਲ ਕਿ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਸਕਣ। ਵਾਰਦਾਤ ਪੁਲਸ ਉੱਚ ਅਧਿਕਾਰੀਆਂ ਦੇ ਨੋਟਿਸ ਵਿਚ ਹੈ, ਪੁਲਸ ਟੀਮਾਂ ਦੋਸ਼ੀਆਂ ਦੀ ਤਲਾਸ਼ ਕਰ ਰਹੀਆਂ ਹਨ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਦੋਸ਼ੀਆਂ ਨੇ ਜਿਸ ਗੰਨ ਦਾ ਇਸਤੇਮਾਲ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਹੈ, ਉਹ ਅਸਲੀ ਹੈ ਜਾਂ ਨਹੀਂ, ਇਸ ਗੱਲ ਦੀ ਵੀ ਪੁਸ਼ਟੀ ਨਹੀਂ ਹੋਈ ਹੈ।
ਚਾਬੀ ਨਹੀਂ ਮਿਲੀ ਤਾਂ ਧੱਕਾ ਲੈ ਕੇ ਲੈ ਗਏ ਮੋਟਰਸਾਈਕਲ
ਦੋਵੇਂ ਦੋਸ਼ੀ ਜਦੋਂ ਫੈਕਟਰੀ ਵਿਚ ਦਾਖਲ ਹੋਏ ਸਨ ਤਾਂ ਮੋਟਰਸਾਈਕਲ ਦੀ ਚਾਬੀ ਬਲੈਕ ਸਵੈਟ ਸ਼ਰਟ ਪਹਿਨੇ ਦੋਸ਼ੀ ਕੋਲ ਸੀ। ਫੈਕਟਰੀ ਮਾਲਕ ਹਰਪ੍ਰੀਤ ਸਿੰਘ ਦੇ ਨਾਲ ਹੱਥੋਪਾਈ ਵਿੱਚ ਮੋਟਰਸਾਈਕਲ ਦੀ ਚਾਬੀ ਗੁੰਮ ਹੋ ਗਈ। ਹੱਥੋਪਾਈ ਤੋਂ ਬਾਅਦ ਜਦੋਂ ਦੋਵੇਂ ਦੋਸ਼ੀ ਖੁਸਰ-ਫੁਸਰ ਕਰਨ ਤੋਂ ਬਾਅਦ ਫੈਕਟਰੀ ਤੋਂ ਬਾਹਰ ਨਿਕਲ ਕੇ ਮੋਟਰਸਾਈਕਲ 'ਤੇ ਬੈਠੇ ਤਾਂ ਚਾਬੀ ਨਹੀਂ ਸੀ। ਜਿਸ ਤੋਂ ਬਾਅਦ ਦੋਵੇਂ ਲੁਟੇਰੇ ਫੈਕਟਰੀ ਦੇ ਅੰਦਰ ਆਫਿਸ ਵਿੱਚ ਆਏ ਅਤੇ ਚਾਬੀ ਲੱਭਣ ਲੱਗੇ। ਪਰੰਤੂ ਉਨ੍ਹਾਂ ਨੂੰ ਚਾਬੀ ਨਹੀਂ ਮਿਲੀ। ਜਿਸ ਤੋਂ ਬਾਅਦ ਦੋਵੇਂ ਦੋਸ਼ੀ ਮੋਟਰਸਾਈਕਲ ਨੂੰ ਧੱਕਾ ਲਾ ਕੇ ਲੈ ਗਏ।
ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ
ਗੰਨ ਪੁਆਇੰਟ 'ਤੇ ਹੋਈ ਵਾਰਦਾਤ ਤੋਂ ਬਾਅਦ ਹੌਜ਼ਰੀ ਦੇ ਗੜ੍ਹ ਕਹੇ ਜਾਣ ਵਾਲੇ ਸੁੰਦਰ ਨਗਰ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਦਹਿਸ਼ਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋਸ਼ੀ ਮੋਟਰਸਾਈਕਲ ਨੂੰ ਧੱਕਦੇ ਹੋਏ ਆਸਾਨੀ ਨਾਲ ਫਰਾਰ ਹੋ ਗਏ। ਦਹਿਸ਼ਤ ਦਾ ਹੀ ਆਲਮ ਸੀ ਕਿ ਕਿਸੇ ਨੇ ਵੀ ਉਨ੍ਹਾਂ ਨੂੰ ਜਾਣ ਤੋਂ ਨਹੀਂ ਰੋਕਿਆ। ਆੜ੍ਹਤੀ ਪ੍ਰਦੀਪ ਜੈਨ ਸੁਰਾਣਾ ਅਤੇ ਹੌਜ਼ਰੀ ਕਾਰੋਬਾਰੀ ਧੀਰਜ ਜੈਨ ਸੇਠੀਆ ਦਾ ਕਹਿਣਾ ਹੈ ਕਿ ਪੁਲਸ ਨੂੰ ਸਖ਼ਤ ਰੁਖ ਅਖਤਿਆਰ ਕਰਨਾ ਹੋਵੇਗਾ। ਜਿਸ ਨਾਲ ਕਿ ਦੋਸ਼ੀਆਂ ਦੇ ਮਨ ਵਿਚ ਦਹਿਸ਼ਤ ਬਣੇ ਨਾ ਕਿ ਜਨਤਾ ਦੇ ਮਨ ਵਿਚ। ਸੁੰਦਰ ਨਗਰ ਵਿਚ ਸੈਂਕੜੇ ਫੈਕਟਰੀਆਂ ਹਨ, ਪਰੰਤੂ ਸੁਰੱਖਿਆ ਰੱਬ ਆਸਰੇ ਹੈ। ਦੋਸ਼ੀ ਸ਼ਰੇਆਮ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਜੇਲ੍ਹ ਤੋਂ ਬਾਹਰ ਆਵੇਗਾ MP ਅੰਮ੍ਰਿਤਪਾਲ ਸਿੰਘ! 19 ਦਿਨਾਂ ਲਈ ਮੰਗੀ ਪੈਰੋਲ
ਆਫਿਸ ਵਿੱਚ ਵੜਦਿਆਂ ਹੀ ਡੀ.ਵੀ.ਆਰ. ਦੀਆਂ ਤਾਰਾਂ ਕੱਢੀਆਂ
ਫੈਕਟਰੀ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲੈਕ ਸ਼ਰਟ ਪਹਿਨੇ ਲੁਟੇਰੇ ਨੇ ਆਫਿਸ ਵਿਚ ਵੜਦਿਆਂ ਹੀ ਪਹਿਲਾਂ ਉਸ ਨੂੰ ਧਮਕਾਇਆ ਅਤੇ ਤੁਰੰਤ ਡੀ.ਵੀ.ਆਰ. ਦੀਆਂ ਤਾਰਾਂ ਕੱਢ ਦਿੱਤੀਆਂ। ਜਿਸ ਨੂੰ ਕੱਢਣ ਵਿਚ ਦਿੱਕਤ ਆਈ ਤਾਂ ਉਸ ਨੇ ਤੋੜ-ਭੰਨ ਕਰਕੇ ਡੀ.ਵੀ.ਆਰ. ਨੂੰ ਬੰਦ ਕਰ ਦਿੱਤਾ। ਜਿਸ ਕਾਰਨ ਆਫਿਸ ਵਿਚ ਵੜਨ ਦੀ ਫੁਟੇਜ ਹੀ ਹੈ। ਜਦਕਿ ਆਫਿਸ ਦੇ ਅੰਦਰ 10-12 ਮਿੰਟ ਦੀ ਫੁਟੇਜ ਪੁਲਸ ਨੂੰ ਨਹੀਂ ਮਿਲ ਪਾਈ ਹੈ।
ਹੱਥੋਪਾਈ ਦੌਰਾਨ ਲੁਟੇਰਾ ਹੋਇਆ ਬੇਨਕਾਬ
ਫੈਕਟਰੀ ਮਾਲਕ ਹਰਪ੍ਰੀਤ ਸਿੰਘ ਅਤੇ ਬਲੈਕ ਸਵੈਟ ਸ਼ਰਟ ਹੂਡੀ ਪਹਿਨੇ ਦੋਸ਼ੀ ਦੇ ਵਿਚਕਾਰ ਜਦੋਂ ਹੱਥੋਪਾਈ ਹੋ ਰਹੀ ਸੀ। ਤਦ ਬਾਥਰੂਮ ਵਿਚ ਡਿੱਗਦੇ ਸਮੇਂ ਦੋਸ਼ੀ ਦਾ ਮਾਸਕ ਉੱਤਰ ਗਿਆ। ਫੈਕਟਰੀ ਮਾਲਕ ਨੇ ਦੋਸ਼ੀ ਦੀ ਸ਼ਕਲ ਨੂੰ ਚੰਗੀ ਤਰ੍ਹਾਂ ਦੇਖਿਆ। ਚਿਹਰੇ ਦੀ ਪਛਾਣ ਹੋਣ ਤੋਂ ਬਾਅਦ ਦੋਸ਼ੀ ਦਾ ਜੋਸ਼ ਥੋੜ੍ਹਾ ਮੱਠਾ ਪੈ ਗਿਆ ਅਤੇ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਟੀਮ ਸਕੈੱਚ ਆਰਟਿਸਟ ਦੇ ਜ਼ਰੀਏ ਫੈਕਟਰੀ ਮਾਲਕ ਦੇ ਅਨੁਸਾਰ ਦੋਸ਼ੀ ਦਾ ਸਕੈੱਚ ਬਣਾ ਰਹੀ ਹੈ।
ਗੱਲੇ ਨੂੰ ਖੰਗਾਲਿਆ, ਮਿਲਿਆ ਕੁਝ ਨਹੀਂ
ਫੈਕਟਰੀ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੇ ਆਫਿਸ ਵਿਚ ਪਏ ਗੱਲੇ ਨੂੰ ਖੰਗਾਲਿਆ ਪਰੰਤੂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਜਿਸ ਗੱਲੇ ਵਿਚ ਕਰੀਬ 50 ਹਜ਼ਾਰ ਰੁਪਏ ਪਏ ਸਨ, ਉਸ ਦੀ ਚਾਬੀ ਜੇਬ ਵਿਚ ਸੀ, ਪਰੰਤੂ ਹੱਥੋਪਾਈ ਤੋਂ ਬਾਅਦ ਦੋਸ਼ੀ ਵੀ ਘਬਰਾ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ। ਫੈਕਟਰੀ ਮਾਲਕ ਦੇ ਅਨੁਸਾਰ ਸਿਰਫ ਉਸ ਨੇ ਹੀ ਲੁਟੇਰਿਆਂ ਦਾ ਮੁਕਾਬਲਾ ਕੀਤਾ, ਇਸ ਦੌਰਾਨ ਆਫਿਸ ਦਾ ਸਟਾਫ ਅਤੇ ਫੈਕਟਰੀ ਦੇ ਕਾਰੀਗਰ ਦਹਿਸ਼ਤ ਵਿੱਚ ਸਨ।
