ਬੁਢਲਾਡਾ ਸ਼ਹਿਰ 'ਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰ, ਅਧਿਕਾਰੀਆਂ ਨੂੰ ਨਹੀਂ ਕੋਈ ਪਰਵਾਹ
Wednesday, Nov 19, 2025 - 12:49 PM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਲੱਗੇ ਵੱਡੇ-ਵੱਡੇ ਕੂੜੇ ਦੇ ਢੇਰਾਂ ਨੇ ਲੋਕਾਂ ਦਾ ਜਿਊਣਾ ਦੁੱਬਰ ਕੀਤਾ ਹੋਇਆ ਹੈ। ਸ਼ਹਿਰ ਅੰਦਰ ਕੌਂਸਲਰਾਂ ਦਾ ਇਕ ਮੱਤ ਨਾ ਹੋਣਾ ਕੌਂਸਲ ਦੇ ਅਧਿਕਾਰੀਆਂ ਵੱਲੋਂ ਆਪਣੀ ਮਨਮਾਨੀ ਦੇ ਚੱਲਦਿਆਂ ਸ਼ਹਿਰ ਨੂੰ ਅੱਜ ਕੂੜੇ ਦੇ ਢੇਰ 'ਤੇ ਬਿਠਾ ਦਿੱਤਾ ਹੈ। ਪੱਕੇ ਤੌਰ ਕਾਰਜ ਸਾਧਕ ਅਫ਼ਸਰ ਨਾ ਹੋਣ ਕਾਰਨ ਕੁੱਝ ਅਰਸਾ ਪਹਿਲਾਂ ਬੁਢਲਾਡਾ ਸ਼ਹਿਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਸਭ ਤੋਂ ਸਾਫ-ਸੁਥਰਾ ਸ਼ਹਿਰ ਦਾ ਸਲੋਗਨ ਐਵਾਰਡ ਦਿੱਤਾ ਗਿਆ ਸੀ,ਪਰ ਅੱਜ ਸ਼ਹਿਰ ਦੀ ਹਾਲਤ ਨੂੰ ਦੇਖਦਿਆਂ ਉਹ ਐਵਾਰਡ ਵੀ ਹੁਣ ਫਾਈਲਾਂ ਵਿੱਚ ਦੱਬ ਕੇ ਰਹਿ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਦੇ 19 ਵਾਰਡਾਂ ਦੇ ਵਿੱਚੋਂ ਕਰੀਬ 10 ਵਾਰਡ ਅਜਿਹੇ ਹਨ, ਜਿੱਥੇ ਸਫ਼ਾਈ ਪੀਣ ਵਾਲੇ ਪਾਣੀ, ਸੀਵਰੇਜ ਸਿਸਟਮ ਅਤੇ ਸਟਰੀਟ ਲਾਈਟਾਂ ਦਾ ਮੰਦਾ ਹਾਲ ਹੈ। ਵਾਰਡ ਨੰਬਰ-8 ਦੇ ਵਸਨੀਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਵਾਰਡ ਅੰਦਰ ਅਧੂਰੀਆਂ ਪਈਆਂ ਸੜਕਾਂ, ਪੀਣ ਵਾਲੇ ਪਾਣੀ ਅਤੇ ਸੀਵਰੇਜ ਸਿਸਟਮ ਸਬੰਧੀ ਲੋਕਾਂ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਅਨੇਕਾਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਪਰ ਕਿਸੇ ਵੀ ਅਧਿਕਾਰੀ ਵੱਲੋਂ ਤੰਗ-ਪਰੇਸ਼ਾਨ ਹੋ ਰਹੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ।
ਵਾਰਡ ਨੰਬਰ-9 ਦੇ ਵਸਨੀਕ ਰਾਜੇਸ਼ ਕੁਮਾਰ ਲੱਕੀ ਨੇ ਦੱਸਿਆ ਕੀ ਉਂਝ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਖੋਂ ਬਦਲਾਅ ਦੇ ਨਾਅਰੇ ਹੇਠ ਸ਼ਹਿਰਾਂ ਨੂੰ ਸੁੰਦਰ ਬਣਾਉਣ ਵਿੱਚ ਦਮਗਜੇ ਮਾਰ ਰਹੀ ਹੈ ਪਰ ਅਸਲ ਸੱਚਾਈ ਸ਼ਹਿਰ ਬੁਢਲਾਡਾ ਅੰਦਰ ਦੇਖੀ ਜਾ ਸਕਦੀ ਹੈ, ਜਿੱਥੇ ਨਗਰ ਕੌਂਸਲ ਦੇ ਅਫ਼ਸਰਾਂ ਵੱਲੋਂ ਜਾਣ-ਬੁੱਝ ਕੇ ਸ਼ਹਿਰ ਨੂੰ ਕੂੜੇ ਦਾ ਢੇਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਵੱਖ-ਵੱਖ ਵਾਰਡਾਂ 'ਚ ਕੂੜਾ ਚੁੱਕਣ ਵਾਲੇ ਵਾਹਨ ਖੁਦ ਕੂੜਾ ਬਣ ਚੁੱਕੇ ਹਨ, ਉਹ ਸ਼ਹਿਰ ਦੀਆਂ ਗਲੀਆਂ-ਨਾਲੀਆਂ ਵਿੱਚੋਂ ਕੀ ਕੂੜਾ ਚੱਕਣਗੇ। ਵਾਰਡ ਨੰਬਰ -10 ਦੇ ਵਸਨੀਕ ਵਿਸ਼ਾਲ ਕੁਮਾਰ, ਕਰਮਜੀਤ ਕੌਰ ਨੇ ਦੱਸਿਆ ਕਿ ਇਹ ਵਾਰਡ ਸ਼ਹਿਰ ਦੀ ਸੰਘਣੀ ਆਬਾਦੀ ਵਾਲਾ ਖੇਤਰ ਹੈ, ਜਿੱਥੇ ਲੋਕ ਰੋਜ਼ਮੱਰਾ ਦੀ ਜ਼ਿੰਦਗੀ ਲਈ ਬਜ਼ਾਰਾਂ ਵਿੱਚੋਂ ਖਰੀਦੋ-ਫਰੋਖਤ ਕਰਦੇ ਹਨ ਪਰ ਤੁਸੀਂ ਹੈਰਾਨ ਹੋਵੋਗੇ, ਇਸ ਬਾਜ਼ਾਰ ਦੇ ਵਿੱਚ ਆਰਜ਼ੀ ਨਜਾਇਜ਼ ਕਬਜ਼ੇ, ਬਿਨਾਂ ਨਕਸ਼ੇ ਪਾਸ ਕੀਤੀਆਂ ਇਮਾਰਤਾਂ ਅਤੇ ਸੜਕਾਂ ਦਾ ਮੰਦਾ ਹਾਲ ਆਮ ਵਾਂਗ ਨਜ਼ਰ ਆਉਂਦਾ ਹੈ। ਕੌਂਸਲਰ ਵਾਰਡ ਨੰਬਰ-14 ਦੇ ਕੌਂਸਲਰ ਪ੍ਰੇਮ ਗਰਗ ਨੇ ਦੱਸਿਆ ਕਿ ਉਹ ਪਿਛਲੇ ਦੋ ਵਾਰ ਨਗਰ ਕੌਂਸਲ 'ਚ ਕੌਂਸਲਰ ਚੁਣੇ ਜਾ ਚੁੱਕੇ ਹਨ ਪਰ ਹੈਰਾਨੀ ਹੈ ਕਿ ਇਸ ਸਰਕਾਰ ਦੇ ਦੌਰਾਨ ਨਗਰ ਕੌਂਸਲ ਵਿੱਚ ਤਾਇਨਾਤ ਅਧਿਕਾਰੀਆਂ ਤੋਂ ਕਾਫੀ ਦੁਖੀ ਅਤੇ ਮਾਯੂਸ ਹਨ।
ਉਨ੍ਹਾਂ ਦੱਸਿਆ ਕੀ ਮੇਰਾ ਵਾਰਡ ਸ਼ਹਿਰ ਦਾ ਸੰਘਣੀ ਆਬਾਦੀ ਵਾਲਾ ਖੇਤਰ ਹੈ, ਜਿੱਥੇ ਸੜਕਾਂ, ਸਟਰੀਟ ਲਾਈਟਾਂ ਅਤੇ ਨਾਲੀਆਂ ਦਾ ਮੰਦਾ ਹਾਲ ਹੈ। ਉਨ੍ਹਾਂ ਦੱਸਿਆ ਕੀ ਪਿਛਲੇ ਕੁੱਝ ਸਮੇਂ ਪਹਿਲਾਂ ਸ਼ਹਿਰ ਅੰਦਰ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲ ਚੁੱਕੀਆਂ ਹਨ ਪਰ ਨਗਰ ਕੌਂਸਲ ਜਾਂ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਕਿਸੇ ਕਿਸਮ ਦੀ ਕੋਈ ਦਵਾਈ, ਛੜਕਾਅ ਜਾਂ ਫੌਗਿੰਗ ਮਸ਼ੀਨ ਰਾਹੀਂ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਵਾਰਡ ਨੰਬਰ-7 ਦੀ ਕੌਂਸਲਰ ਸੁਖਵਿੰਦਰ ਕੌਰ ਸੁੱਖੀ ਨੇ ਦੱਸਿਆ ਕਿ ਉਨ੍ਹਾਂ ਦਾ ਵਾਰਡ ਸ਼ਹਿਰ ਦੇ ਰੇਲਵੇ ਲਾਈਨ ਦੇ ਵਿਚਕਾਰ ਆਉਣ ਕਾਰਨ ਸ਼ਹਿਰ ਤੋਂ ਕੁੱਝ ਹਿੱਸਾ ਬਾਹਰਲੇ ਪਾਸੇ ਵੱਲ ਵੀ ਬਣਿਆ ਹੋਇਆ ਹੈ ਪਰ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਉਸ ਨੂੰ ਮਤਰੇਈ ਮਾਂ ਵਾਂਗ ਲਾਵਾਰਿਸ ਛੱਡ ਦਿੱਤਾ ਹੈ, ਜਿੱਥੇ ਸਫ਼ਾਈ ਕਰਮਚਾਰੀ ਸੀਵਰੇਜ ਸਿਸਟਮ ਪੀਣ ਵਾਲੇ ਪਾਣੀ ਸੜਕਾਂ ਦਾ ਮੰਦਾ ਹਾਲ ਬੁਰਾ ਹਾਲ ਹੈ। ਤਰਸਯੋਗ ਹਾਲਤ ਦੇ ਮੁੱਖ ਕਾਰਨ ਅਫਸਰਸ਼ਾਹੀ ਅਤੇ ਨਗਰ ਕੌਂਸਲ ਦੀ ਕੰਡਮ ਹੋਈ ਕਰੋੜਾਂ ਰੁਪਏ ਦੀ ਮਸ਼ੀਨਰੀ ਹੈ, ਜਿਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਕ ਸਾਲ ਦੇ ਅਰਸੇ ਦੌਰਾਨ ਇਹ ਨਵੀਂ ਮਸ਼ੀਨਰੀ ਕੰਡਮ ਰੂਪ ਧਾਰਨ ਕਰ ਚੁੱਕੀ ਹੈ। ਇਸ ਦੇ ਜ਼ਿਮੇਵਾਰ ਸਿੱਧੇ ਤੌਰ 'ਤੇ ਨਗਰ ਕੌਂਸਲ ਦੇ ਅਧਿਕਾਰੀ ਹਨ। ਸ਼ਹਿਰ ਦੇ ਲੋਕ ਸਰਕਾਰ ਨੂੰ ਜਵਾਬ ਪੁੱਛਦੇ ਹਨ ਕਿ ਇੰਨੀ ਮਸ਼ੀਨਰੀ ਹੋਣ ਦੇ ਬਾਵਜੂਦ ਸ਼ਹਿਰ ਦੀ ਸਫ਼ਾਈ ਦਾ ਬੁਰਾ ਹਾਲ ਕਿਉਂ ਹੈ। ਗੰਦਗੀ ਦੇ ਢੇਰਾਂ ਨੇ ਲੋਕਾਂ ਦਾ ਤੁਰਨਾ ਵੀ ਮੁਸ਼ਕਲ ਕਰ ਦਿੱਤਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਉਹ ਵਹੀਕਲ ਹਨ, ਜੋ ਸਵੇਰ ਸਮੇਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕੂੜਾ ਇਕੱਠਾ ਕਰਕੇ ਇੱਕ ਜਗ੍ਹਾ ਡੰਪ ਕਰਦੇ ਹਨ, ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਟੋਚਨ ਪਾ ਕੇ ਇਹ ਵਾਹਨ ਡਰਾਈਵਰਾਂ ਵੱਲੋਂ ਸਟਾਰਟ ਕੀਤੇ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
