ਨਵੰਬਰ 2019 ''ਚ ਵਾਹਨ ਵਿਕਰੀ 12 ਫੀਸਦੀ ਤੋਂ ਜ਼ਿਆਦਾ ਘਟੀ

12/10/2019 3:35:05 PM

ਨਵੀਂ ਦਿੱਲੀ — ਆਟੋ ਮੋਬਾਈਲ ਸੈਕਟਰ ਲਈ ਰਾਹਤ ਭਰੀ ਖਬਰ ਹੈ। ਦੇਸ਼ ਦੇ ਆਟੋਮੋਬਾਈਲ ਸੈਕਟਰ ਵਿਚ ਲੰਬੇ ਸਮੇਂ ਤੋਂ ਪਸਰੀ ਮੰਦੀ ਦੇ ਬਾਅਦ ਨਵੰਬਰ ਮਹੀਨਾ ਯਾਤਰੀ ਵਾਹਨਾਂ ਦੀ ਵਿਕਰੀ ਦੇ ਲਿਹਾਜ਼ ਨਾਲ ਸਕੂਨ ਭਰਿਆ ਰਿਹਾ। ਮਹੀਨੇ ਦੇ ਦੌਰਾਨ ਯਾਤਰੀ ਵਾਹਨ ਵਰਗ ਦੀ ਵਿਕਰੀ 'ਚ ਇਕ ਪ੍ਰਤੀਸ਼ਤ ਤੋਂ ਵੀ ਘੱਟ ਦੀ ਗਿਰਾਵਟ ਆਈ ਅਤੇ ਦੋ ਲੱਖ 63 ਹਜ਼ਾਰ 773 ਯੂਨਿਟ ਦੀ ਵਿਕਰੀ ਕੀਤੀ ਗਈ। ਹਾਲਾਂਕਿ ਕੁੱਲ ਵਾਹਨ ਵਿਕਰੀ 'ਚ 12 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹੀ। ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਐਸੋਸੀਏਸ਼ਨ (ਸਿਆਮ) ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ 'ਚ ਦੱਸਿਆ ਗਿਆ ਕਿ ਪਿਛਲੇ ਸਾਲ ਨਵੰਬਰ ਵਿਚ 2,66,000 ਯਾਤਰੀ ਵਾਹਨ ਵੇਚੇ ਗਏ ਸਨ। ਇਸ ਗਿਣਤੀ ਵਿਚ ਇਸ ਸਾਲ 0.84 ਪ੍ਰਤੀਸ਼ਤ ਦੀ ਮਾਮੂਲੀ ਗਿਰਾਵਟ ਆਈ ਅਤੇ ਦੋ ਲੱਖ 63 ਹਜ਼ਾਰ 773 ਯੂਨਿਟ ਦੀ ਵਿਕਰੀ ਹੋਈ।

ਇਸ ਦੌਰਾਨ ਘਰੇਲੂ ਬਜ਼ਾਰ 'ਚ ਕਾਰ ਵਿਕਰੀ 'ਚ 10.83 ਫੀਸਦੀ ਦੀ ਗਿਰਾਵਟ ਰਹੀ। ਪਿਛਲੇ ਸਾਲ ਮਹੀਨੇ ਵਿਚ ਇਕ ਲੱਖ 79 ਹਜ਼ਾਰ 783 ਕਾਰਾਂ ਵਿਕੀਆਂ ਸਨ। ਇਹ ਸੰਖਿਆ ਨਵੰਬਰ 2019 ਵਿਚ ਘੱਟ ਕੇ ਇਕ ਲੱਖ 60 ਹਜ਼ਾਰ 306 ਰਹਿ ਗਈ। ਅੰਕੜਿਆਂ ਅਨੁਸਾਰ ਮਹੀਨੇ ਦੌਰਾਨ ਕੁੱਲ ਵਾਹਨ ਵਿਕਰੀ ਪਿਛਲੇ ਸਾਲ ਤੋਂ 12.05 ਫੀਸਦੀ ਘੱਟ ਰਹੀ। 
ਪਿਛਲੇ ਸਾਲ ਨਵੰਬਰ ਦੇ ਕੁੱਲ 2,038,007 ਵਾਹਨਾਂ ਦੀ ਤੁਲਨਾ 'ਚ ਨਵੰਬਰ 2019 ਵਿਚ ਵਾਹਨਾਂ ਦੀ ਵਿਕਰੀ 1,792,415 ਰਹੀ। ਕਮਰਸ਼ਿਅਲ ਸੈਕਟਰ ਵਿਚ ਵਿਕਰੀ 14.98 ਪ੍ਰਤੀਸ਼ਤ ਘਟੀ। ਘਰੇਲੂ ਬਜ਼ਾਰ ਵਿਚ ਇਹ ਅੰਕੜਾ ਨਵੰਬਰ 2019 ਵਿਚ 61,907 ਇਕਾਈ ਰਿਹਾ ਜਦੋਂਕਿ ਪਿਛਲੇ ਸਾਲ ਇਹ ਸੰਖਿਆ 72,812 ਇਕਾਈ ਸੀ। ਥ੍ਰੀ-ਵ੍ਹੀਲਰ ਦੀ ਵਿਕਰੀ 4.45 ਪ੍ਰਤੀਸ਼ਤ ਵਧ ਕੇ 53 ਹਜ਼ਾਰ 401 ਤੋਂ 55 ਹਜ਼ਾਰ 778 ਹੋ ਗਈ। ਨਵੰਬਰ 2019 ਵਿਚ ਦੋਪਹੀਆ ਵਾਹਨਾਂ ਦੀ ਵਿਕਰੀ 1,410,939 ਇਕਾਈ ਰਹੀ ਜਿਹੜੀ ਕਿ ਪਿਛਲੇ ਨਵੰਬਰ ਦੇ ਮੁਕਾਬਲੇ 14.27 ਪ੍ਰਤੀਸ਼ਤ ਘੱਟ ਸੀ। ਪਿਛਲੇ ਸਾਲ ਨਵੰਬਰ ਵਿਚ 1,645,783 ਦੋਪਹੀਆ ਵਾਹਨ ਵਿਕੇ ਸਨ। ਮੋਟਰਸਾਈਕਲ ਦੀ ਵਿਕਰੀ 'ਚ 14.87 ਫੀਸਦੀ ਦੀ ਗਿਰਾਵਟ ਰਹੀ। ਇਸ ਸ਼੍ਰੇਣੀ ਵਿਚ ਵਿਕਰੀ 10 ਲੱਖ 49 ਹਜ਼ਾਰ 651 ਤੋਂ ਘਟ ਕੇ 8 ਲੱਖ 93 ਹਜ਼ਾਰ 538 ਰਹਿ ਗਈ।


Related News