ਹਵਾਈ ਅੱਡਿਆਂ ਵਾਂਗ ਸਟੇਸ਼ਨਾਂ ਤੋਂ ਰੇਲ ਯਾਤਰਾ ਹੋਵੇਗੀ ਮਹਿੰਗੀ, ਲੱਗੇਗਾ ਡਿਵੈੱਲਪਮੈਂਟ ਚਾਰਜ

Sunday, Jan 09, 2022 - 02:59 PM (IST)

ਹਵਾਈ ਅੱਡਿਆਂ ਵਾਂਗ ਸਟੇਸ਼ਨਾਂ ਤੋਂ ਰੇਲ ਯਾਤਰਾ ਹੋਵੇਗੀ ਮਹਿੰਗੀ, ਲੱਗੇਗਾ ਡਿਵੈੱਲਪਮੈਂਟ ਚਾਰਜ

ਨਵੀਂ ਦਿੱਲੀ–ਛੇਤੀ ਹੀ ਤੁਹਾਨੂੰ ਰੇਲ ’ਚ ਸਫਰ ਕਰਨ ਲਈ 50 ਰੁਪਏ ਤੱਕ ਜ਼ਿਆਦਾ ਕੀਮਤ ਅਦਾ ਕਰਨੀ ਪਵੇਗੀ। ਰੇਲ ਮੰਤਰਾਲਾ ਨੇ ਨਵੇਂ ਸਿਰੇ ਤੋਂ ਵਿਕਸਿਤ ਕੀਤੇ ਗਏ ਰੇਲਵੇ ਸਟੇਸ਼ਨਾਂ ’ਤੇ ਸਟੇਸ਼ਨ ਡਿਵੈੱਲਪਮੈਂਟ ਫੀਸ ਲਗਾਉਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਬੋਰਡ ਨੇ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੀਸ ਰੇਲ ’ਚ ਚੜ੍ਹਨ ਅਤੇ ਉਤਰਨ ਵਾਲੇ ਮੁਸਾਫਰਾਂ ਤੋਂ ਵਸੂਲ ਕੀਤੀ ਜਾਵੇਗੀ। ਰੇਲਵੇ ਮੁਤਾਬਕ ਇਹ ਫੀਸ ਵੱਖ-ਵੱਖ ਕਲਾਸ ਦੇ ਮੁਸਾਫਰਾਂ ਲਈ ਵੱਖ-ਵੱਖ ਹੋਵੇਗੀ। ਉੱਪਨਗਰੀ ਅਤੇ ਸੀਜ਼ਨ ਟਿਕਟ ਨੂੰ ਇਸ ਤੋਂ ਵੱਖ ਰੱਖਿਆ ਗਿਆ ਹੈ।
ਅਨ-ਰਿਜ਼ਰਵਡ ਮੁਸਾਫਰਾਂ ਲਈ ਇਹ ਫੀਸ 10 ਰੁਪਏ ਹੋਵੇਗੀ। ਇਸ ਤਰ੍ਹਾਂ ਰਿਜ਼ਰਵਡ ਨਾਨ-ਏ. ਸੀ. ਮੁਸਾਫਰਾਂ ਲਈ 25 ਰੁਪਏ, ਰਿਜ਼ਰਵਡ ਏ. ਸੀ. ਮੁਸਾਫਰਾਂ ਲਈ 50 ਰੁਪਏ ਹੋਵੇਗੀ।
ਪਲੇਟਫਾਰਮ ’ਤੇ ਵੀ ਲੱਗੇਗੀ ਯੂਜ਼ਰ ਫੀਸ
ਇੰਨਾ ਹੀ ਨਹੀਂ ਪਲੇਟਫਾਰਮ ਟਿਕਟ ਖਰੀਦਣ ਵਾਲਿਆਂ ਨੂੰ ਵੀ ਇਸ ਲਈ 10 ਰੁਪਏ ਅਦਾ ਕਰਨੇ ਪੈਣਗੇ। ਇਸ ’ਤੇ ਜੀ. ਐੱਸ. ਟੀ. ਵੀ ਦੇਣਾ ਹੋਵੇਗਾ। ਇਹ ਕਦੋਂ ਲਾਗੂ ਹੋਵੇਗਾ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਉਤਰਨ ਵਾਲੇ ਮੁਸਾਫਰਾਂ ਲਈ ਇਹ ਰਾਸ਼ੀ ਉਕਤ ਦਰਾਂ ਦੀ 50 ਫੀਸਦੀ ਹੋਵੇਗੀ। ਜੇ ਕੋਈ ਮੁਸਾਫਰ ਅਜਿਹੇ ਕਿਸੇ ਰੇਲਵੇ ਸਟੇਸ਼ਨ ਤੋਂ ਚੜ੍ਹਦਾ ਹੈ ਅਤੇ ਅਜਿਹੇ ਸਟੇਸ਼ਨ ’ਤੇ ਹੀ ਉਤਰਦਾ ਹੈ ਤਾਂ ਉਸ ਸਥਿਤੀ ’ਚ ਐੱਸ. ਡੀ. ਐੱਫ. ਐਪਲੀਕੇਬਲ ਰੇਟ ਦਾ 1.5 ਗੁਣਾ ਹੋਵੇਗਾ।
ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਦਾ ਮਕਸਦ ਰੇਲਵੇ ਸਟੇਸ਼ਨਾਂ ਦੇ ਨਵੇਂ ਸਿਰੇ ਤੋਂ ਵਿਕਾਸ ਲਈ ਫੰਡ ਜੁਟਾਉਣਾ ਹੈ ਪਰ ਫਿਲਹਾਲ ਇਹ ਫੀਸ ਵਸੂਲਣ ਦੀ ਯੋਜਨਾ ਨਹੀਂ ਹੈ। ਰੇਲਵੇ ਸਟੇਸ਼ਨਾਂ ਦਾ ਨਵੇਂ ਸਿਰੇ ਤੋਂ ਵਿਕਾਸ ਪੂਰਾ ਹੋਣ ਤੋਂ ਬਾਅਦ ਹੀ ਮੁਸਾਫਰਾਂ ਤੋਂ ਇਹ ਫੀਸ ਵਸੂਲੀ ਜਾਵੇਗੀ। ਰੇਲਵੇ ਮੁਤਾਬਕ ਟਿਕਟ ਬੁਕਿੰਗ ਦੇ ਸਮੇਂ ਐੱਸ. ਡੀ. ਐੱਫ. ਵਸੂਲਿਆ ਜਾਵੇਗਾ। ਇਹ ਫੀਸ ਪ੍ਰਤੀ ਮੁਸਾਫਰ ਦੇ ਹਿਸਾਬ ਨਾਲ ਲਈ ਜਾਵੇਗੀ। ਵਿਸ਼ੇਸ਼ ਅਧਿਕਾਰ ਪਾਸ, ਪੀ. ਟੀ. ਓ. , ਡਿਊਟੀ ਪਾਸ ਅਤੇ ਫ੍ਰੀ ਕੰਪਲੀਮੈਂਟਰੀ ਪਾਸੇਜ਼ ’ਤੇ ਐੱਸ. ਡੀ. ਐੱਫ. ਲਾਗੂ ਨਹੀਂ ਹੋਵੇਗੀ।
ਕਿੰਨਾ ਵਧੇਗਾ ਕਿਰਾਇਆ
ਐੱਸ. ਡੀ. ਐੱਫ. ਯਾਨੀ ਯੂਜ਼ਰ ਫੀਸ ਲੱਗਣ ਨਾਲ ਟਰੇਨ ਦਾ ਕਿਰਾਇਆ ਮਹਿੰਗਾ ਹੋ ਜਾਵੇਗਾ। ਉਦਾਹਰਣ ਲਈ ਜੇ ਕੋਈ ਮੁਸਾਫਰ ਨਵੀਂ ਦਿੱਲੀ ਤੋਂ ਮੁੰਬਈ ਜਾਂਦਾ ਹੈ ਤਾਂ ਉਸ ਨੂੰ ਦੋਹਾਂ ਸਟੇਸ਼ਨਾਂ ਲਈ ਯੂਜ਼ਰ ਫੀਸ ਅਦਾ ਕਰਨੀ ਪਵੇਗੀ ਪਰ ਕੋਈ ਮੁਸਾਫਰ ਛੋਟੇ ਸਟੇਸ਼ਨਾਂ ਤੋਂ ਨਵੀਂ ਦਿੱਲੀ ਜਾਂ ਮੁੰਬਈ ਦੀ ਟਿਕਟ ਬੁੱਕ ਕਰਵਾਉਂਦਾ ਹੈ ਤਾਂ ਉਸ ਨੂੰ ਨਾਰਮਲ ਚਾਰਜ ਦਾ 50 ਫੀਸਦੀ ਹੀ ਯੂਜ਼ਰ ਫੀਸ ਵਜੋਂ ਦੇਣਾ ਹੋਵੇਗਾ। ਸੂਤਰਾਂ ਮੁਤਾਬਕ ਸ਼ੁਰੂਆਤ ’ਚ 50 ਸਟੇਸ਼ਨਾਂ ’ਚ ਇਹ ਵਿਵਸਥਾ ਸ਼ੁਰੂ ਕੀਤੀ ਜਾ ਸਕਦੀ ਹੈ।
 


author

Aarti dhillon

Content Editor

Related News