ਹਾਦਸੇ ''ਚ ਜ਼ਖਮੀ ਹੋਇਆ ਲੜਕਾ, ਹੁਣ ਬੀਮਾ ਕੰਪਨੀ ਦੇਵੇਗੀ ਮੁਆਵਜ਼ਾ
Monday, Jan 01, 2018 - 11:48 PM (IST)
ਠਾਣੇ (ਭਾਸ਼ਾ)-ਮੋਟਰ ਦੁਰਘਟਨਾ ਦਾਅਵਾ ਟ੍ਰਿਬਿਊਨਲ (ਐੱਮ. ਏ. ਸੀ. ਟੀ.) ਨੇ 2013 'ਚ ਮੋਟਰਸਾਈਕਲ ਦੀ ਟੱਕਰ ਨਾਲ ਜ਼ਖ਼ਮੀ ਹੋਏ 10 ਸਾਲਾ ਲੜਕੇ ਨੂੰ ਮੋਟਰਸਾਈਕਲ ਮਾਲਕ ਮਹੇਸ਼ ਰਾਮਚੰਦਰ ਦਲਵੀ ਅਤੇ ਦੋਪਹੀਆ ਵਾਹਨ ਦੀ ਬੀਮਾ ਕਰਨ ਵਾਲੀ ਆਈ. ਸੀ. ਆਈ. ਸੀ. ਆਈ. ਲੋਂਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ 3.70 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਰੋਹਿਤ ਜੋਖਾਨ ਚੌਹਾਨ ਹਾਦਸੇ ਦੇ ਸਮੇਂ 6 ਸਾਲ ਦਾ ਸੀ ਅਤੇ ਸੀਨੀਅਰ ਕਿੰਡਰ ਗਾਰਡਨ 'ਚ ਪੜ੍ਹਦਾ ਸੀ। 11 ਨਵੰਬਰ 2013 ਨੂੰ ਉਹ ਆਪਣੇ ਵੱਡੇ ਭਰੇ ਦੇ ਨਾਲ ਠਾਣੇ 'ਚ ਪਾਟਿਲ ਵਾਡੀ 'ਚ ਆਪਣੇ ਘਰ ਦੇ ਸਾਹਮਣੇ ਖੇਡ ਰਿਹਾ ਸੀ। ਉਹ ਕੈਡਬਰੀ ਜੰਕਸ਼ਨ ਰਸਤਿਓਂ ਆ ਰਹੀ ਇਕ ਬਾਈਕ ਦੀ ਲਪੇਟ 'ਚ ਆ ਗਿਆ। ਇਸ ਹਾਦਸੇ 'ਚ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਦੀ ਲੱਤ ਟੁੱਟ ਗਈ ਸੀ। ਲੜਕੇ ਦੇ ਮਾਪਿਆਂ ਨੇ ਉਸ ਦੇ ਇਲਾਜ 'ਤੇ ਇਕ ਲੱਖ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਪਰ ਇਲਾਜ ਪੂਰਾ ਨਹੀਂ ਹੋਇਆ ਅਤੇ ਉਹ 32 ਫ਼ੀਸਦੀ ਅਪਾਹਜ ਹੋ ਗਿਆ। ਇਸ ਨਾਲ ਉਸ ਦੀ ਪੜ੍ਹਾਈ ਦੇ ਨਾਲ ਹੀ ਭਵਿੱਖ 'ਤੇ ਵੀ ਅਸਰ ਪਿਆ। ਭਵਿੱਖ ਨੂੰ ਵੇਖਦਿਆਂ ਪੀੜਤ ਲੜਕੇ ਦੇ ਵਕੀਲ ਨੇ ਆਪਣੇ ਕਲਾਈਂਟ ਲਈ 21 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ।
ਇਹ ਕਿਹਾ ਫੋਰਮ ਨੇ
ਟ੍ਰਿਬਿਊਨਲ ਦੇ ਮੈਂਬਰ ਅਤੇ ਜ਼ਿਲਾ ਜੱਜ ਕੇ. ਡੀ. ਵਡਾਨੇ ਨੇ ਜ਼ਖ਼ਮ ਦੀ ਸਥਿਤੀ ਅਤੇ ਬੱਚੇ ਦੀ ਅਪੰਗਤਾ ਨੂੰ ਵੇਖਦਿਆਂ ਦਾਅਵਾ ਦਾਖਲ ਕਰਨ ਦੀ ਤਰੀਕ ਤੋਂ 8 ਫ਼ੀਸਦੀ ਸਾਲਾਨਾ ਵਿਆਜ ਦੇ ਨਾਲ 3.70 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।
