ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ-ਪਤਨੀ ਦੀ ਮੌਤ, ਡੇਢ ਮਹੀਨੇ ਦਾ ਬੱਚਾ ਗੰਭੀਰ ਜ਼ਖਮੀ
Wednesday, Dec 10, 2025 - 12:16 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਬੀਤੀ ਦੇਰ ਰਾਤ ਬਹਿਰਾਮਪੁਰ ਤੋਂ ਬਾਹਮਣੀ ਰੋਡ 'ਤੇ ਸਥਿਤ ਦਰਸ਼ਨ ਪੈਲੇਸ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮ੍ਰਿਤਕ ਵਿਅਕਤੀ ਸਾਈਕਲ 'ਤੇ ਸਵਾਰ ਹੋ ਕੇ ਆਪਣੀ ਪਤਨੀ ਅਤੇ ਡੇਢ ਮਹੀਨੇ ਦੇ ਬੱਚੇ ਸਮੇਤ ਆਪਣੇ ਪਿੰਡ ਨੂੰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਰਾਤ 8 ਵਜੇ ਦੇ ਕਰੀਬ ਪੈਲੇਸ ਨੇੜੇ ਪਹੁੰਚੇ ਤਾਂ ਅਚਾਨਕ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਪਤੀ-ਪਤਨੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਪ੍ਰੀਤਮ ਦਾਸ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਮੀਰ ਰਾਣਾ ਵਾਸੀ ਝਿਲਮਿਲਾ ਨੇਪਾਲ ਨੇ ਦੱਸਿਆ ਕਿ ਮੇਰਾ ਜੀਜਾ ਅਮਰ ਰਾਣਾ (24) ਅਤੇ ਮੇਰੀ ਭੈਣ ਅਸਮੀ ਰਾਣਾ (20) ਵਾਸੀ ਬਨਹਾਰਾ ਨੇਪਾਲ ਜੋ ਪਰਿਵਾਰ ਸਮੇਤ ਪਿੰਡ ਮਜੀਠੀ ਵਿਖੇ ਇਕ ਪੋਲਟਰੀ ਫਾਰਮ 'ਤੇ ਰਹਿੰਦੇ ਸਨ।
ਉਕਤ ਨੇ ਦੱਸਿਆ ਕਿ ਬੀਤੀ ਰਾਤ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਬਾਹਮਣੀ ਤੋਂ ਮਜੀਠੀ ਨੂੰ ਆ ਰਹੇ ਸਨ ਜਦੋਂ ਪੈਲੇਸ ਨੇੜੇ ਪੁੱਜੇ ਦਾ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਸਾਈਕਲ ਸੜਕ ਕਿਨਾਰੇ ਲੱਗੇ ਸਫ਼ੈਦੇ ਵਿਚ ਵੱਜਣ ਕਾਰਨ ਪਤੀ-ਪਤਨੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਗੁਰਦਾਸਪੁਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
