ਵੱਡੀ ਖ਼ਬਰ: ਪੰਜਾਬ ''ਚ 400,00,00,000 ਰੁਪਏ ਦੀ Investment ਕਰੇਗੀ ਜਾਪਾਨੀ ਕੰਪਨੀ
Thursday, Dec 04, 2025 - 03:41 PM (IST)
ਜਲੰਧਰ/ਚੰਡੀਗੜ੍ਹ (ਧਵਨ, ਅੰਕੁਰ)- ਜਾਪਾਨ ਦੀ ਕੰਪਨੀ ਟੌਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ (ਟੀ. ਐੱਸ. ਐੱਫ.) ਨੇ ਪੰਜਾਬ ਸਰਕਾਰ ਨਾਲ ਆਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਸੂਬੇ ’ਚ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਸਮਝੌਤਾ ਸਹੀਬੱਧ ਕੀਤਾ। ਟੀ. ਐੱਸ. ਐੱਫ. ਅਤੇ ਇਨਵੈਸਟ ਪੰਜਾਬ ਨੇ ਪੰਜਾਬ ’ਚ ਇਕ ਹੁਨਰ ਉੱਤਮਤਾ ਕੇਂਦਰ ਸ਼ੁਰੂ ਕਰਨ ’ਚ ਸਾਂਝੇਦਾਰੀ ਅਤੇ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟਾਈ ਹੈ।
ਇਹ ਸਮਝੌਤਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਦਯੋਗ ਮੰਤਰੀ ਸੰਜੀਵ ਅਰੋੜਾ ਦੀ ਮੌਜੂਦਗੀ ਵਿਚ ਕੀਤਾ ਗਿਆ, ਜੋ ਜਾਪਾਨ ਦੇ ਦੌਰੇ ’ਤੇ ਹਨ। ਅਰੋੜਾ ਨੇ ਕਿਹਾ ਕਿ ਇਹ ਪਹਿਲਕਦਮੀ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰੇਗੀ ਅਤੇ ਪੰਜਾਬ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ। ਸਹਿਯੋਗ ਦੇ ਖੇਤਰਾਂ ਬਾਰੇ ਵਿਸਥਾਰ ਵਿਚ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਹਿਯੋਗ ਮੌਜੂਦਾ ਅਤੇ ਉੱਭਰ ਰਹੇ ਉਦਯੋਗਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਿਖਲਾਈ ਪ੍ਰਦਾਨ ਕਰਨ ’ਤੇ ਕੇਂਦ੍ਰਿਤ ਹੋਵੇਗਾ। ਇਹ ਭਾਈਵਾਲੀ ਆਧੁਨਿਕ ਅਤੇ ਤਕਨੀਕੀ ਹੁਨਰਾਂ ’ਤੇ ਵੀ ਕੇਂਦ੍ਰਿਤ ਹੋਵੇਗੀ, ਜੋ ਅੱਜ ਆਮ ਤੌਰ ’ਤੇ ਉਪਲਬਧ ਨਹੀਂ ਹਨ। ਇਹ ਸਮਝੌਤਾ ਪੰਜਾਬ ਅਤੇ ਪੂਰੇ ਭਾਰਤ ਵਿਚ ਟੀ. ਐੱਸ. ਐੱਫ. ਅਤੇ ਹੋਰ ਪ੍ਰਮੁੱਖ ਉਦਯੋਗਾਂ ਵਿਚ ਅਪ੍ਰੈਂਟਿਸਸ਼ਿਪ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਨਵੇਂ ਰਾਹ ਖੋਲ੍ਹੇਗਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਟੀ. ਐੱਸ. ਐੱਫ. ਨੇ ਰਸਮੀ ਤੌਰ ’ਤੇ ਲੱਗਭਗ 400 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਵਿਚ ਆਪਣੀ ਮੌਜੂਦਾ ਨਿਰਮਾਣ ਸਹੂਲਤ ਦਾ ਵਿਸਥਾਰ ਕਰਨ ਦੀ ਇੱਛਾ ਪ੍ਰਗਟਾਈ ਹੈ।
