ਸਿਮ-ਆਧਾਰ ਲਿੰਕ ਕਰਨ ਦੇ ਮੈਸੇਜ, ਹੋ ਸਕਦੈ ਧੋਖਾ ਇੰਝ ਰਹੋ ਸਾਵਧਾਨ

Sunday, Oct 15, 2017 - 03:04 PM (IST)

ਨਵੀਂ ਦਿੱਲੀ— ਦੂਰਸੰਚਾਰ ਕੰਪਨੀਆਂ ਆਪਣੇ ਗਾਹਕਾਂ ਨੂੰ ਮੋਬਾਇਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਨਾ ਕਰਨ 'ਤੇ ਕੁਨੈਕਸ਼ਨ ਬੰਦ ਕਰਨ ਦੀ ਧਮਕੀ ਦੇਣ ਲੱਗੀਆਂ ਹਨ। ਅਜੇ ਮੋਬਾਇਲ ਨੂੰ ਆਧਾਰ ਨਾਲ ਲਿੰਕ ਕਰਨ ਲਈ ਸਰਕਾਰ ਨੇ ਫਰਵਰੀ 2018 ਤਕ ਦਾ ਸਮਾਂ ਦਿੱਤਾ ਹੈ। ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਆਪਣੇ-ਆਪਣੇ ਗਾਹਕਾਂ ਨੂੰ ਪਿਛਲੇ ਇਕ ਮਹੀਨੇ ਤੋਂ ਮੈਸੇਜ ਭੇਜ ਕੇ ਸਿਮ ਨੂੰ ਜਲਦ ਤੋਂ ਜਲਦ ਵੈਰੀਫਾਈ ਕਰਨ ਲਈ ਕਹਿ ਰਹੇ ਹਨ। ਕੰਪਨੀਆਂ ਦੇ ਮੈਸੇਜ 'ਚ ਕਿਹਾ ਗਿਆ ਹੈ ਕਿ ਜੇਕਰ ਗਾਹਕ ਨੇ ਜਲਦ ਤੋਂ ਜਲਦ ਆਧਾਰ ਕਾਰਡ ਨਾਲ ਮੋਬਾਇਲ ਨੰਬਰ ਨੂੰ ਲਿੰਕ ਨਾ ਕੀਤਾ ਤਾਂ ਉਨ੍ਹਾਂ ਦਾ ਨੰਬਰ ਤੁਰੰਤ ਬੰਦ ਕਰ ਦਿੱਤਾ ਜਾਵੇਗਾ। ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ 'ਚ ਜੇਕਰ ਕੋਈ ਧੋਖੇਬਾਜ਼ ਆਧਾਰ ਨੰਬਰ ਬਾਰੇ ਫੋਨ ਕਰਕੇ ਜਾਣਕਾਰੀ ਮੰਗਦਾ ਹੈ ਤਾਂ ਕੋਈ ਵਿਅਕਤੀ ਪ੍ਰੇਸ਼ਾਨੀ 'ਚ ਆਧਾਰ ਨੰਬਰ ਸਾਂਝਾ ਕਰ ਸਕਦਾ ਹੈ ਅਤੇ ਧੋਖੇ ਦਾ ਸ਼ਿਕਾਰ ਬਣ ਸਕਦਾ ਹੈ। ਜਦੋਂ ਕਿ ਆਧਾਰ ਨੰਬਰ ਕਿਸੇ ਵੀ ਫੋਨ ਕਾਲ 'ਤੇ ਸਾਂਝਾ ਨਹੀਂ ਕਰਨਾ ਹੁੰਦਾ ਹੈ।

ਕੰਪਨੀਆਂ ਇਸ ਲਈ ਦੂਰਸੰਚਾਰ ਮੰਤਰਾਲੇ ਦੇ ਹੁਕਮ ਦਾ ਹਵਾਲਾ ਦੇ ਰਹੀਆਂ ਹਨ ਪਰ ਇਸ ਹੁਕਮ ਦਾ ਫਾਇਦਾ ਚੁੱਕਦੇ ਹੋਏ ਕੰਪਨੀਆਂ ਧਮਕੀ ਦੇਣ ਦਾ ਕੰਮ ਕਰ ਰਹੀਆਂ ਹਨ। ਕੰਪਨੀਆਂ ਦਾ ਕਹਿਣਾ ਹੈ ਕਿ ਉਹ ਅਜਿਹੇ ਮੈਸੇਜ ਇਸ ਲਈ ਭੇਜ ਰਹੀਆਂ ਹਨ, ਤਾਂ ਕਿ ਫਰਵਰੀ 'ਚ ਆਖਰੀ ਤਰੀਕ ਕੋਲ ਆਉਣ 'ਤੇ ਭੀੜ ਨੂੰ ਘੱਟ ਕੀਤਾ ਜਾ ਸਕੇ। 

ਇੰਝ ਰਹੋ ਸਾਵਧਾਨ ਨਹੀਂ ਹੋਵੇਗਾ ਧੋਖਾ
ਜਦੋਂ ਵੀ ਤੁਸੀਂ ਸਿਮ ਨੂੰ ਆਧਾਰ ਨਾਲ ਲਿੰਕ ਕਰਨਾ ਹੈ ਤਾਂ ਆਪਣੇ ਨੇੜੇ ਦੇ ਸਟੋਰ 'ਤੇ ਹੀ ਜਾਓ। ਉੱਥੇ ਹੀ, ਜੇਕਰ ਤੁਹਾਡੇ ਕੋਲ ਕੰਪਨੀ ਦੇ ਮੈਸੇਜ ਆ ਰਹੇ ਹਨ ਕਿ ਆਧਾਰ ਨਾਲ ਸਿਮ ਨੂੰ ਲਿੰਕ ਕਰਾਓ ਨਹੀਂ ਤਾਂ ਨੰਬਰ ਬੰਦ ਹੋ ਜਾਵੇਗਾ, ਤਾਂ ਇੰਨਾ ਜ਼ਰੂਰ ਯਾਦ ਰੱਖੋ ਕਿ ਕੋਈ ਵੀ ਵਿਅਕਤੀ ਕੰਪਨੀ ਦਾ ਨਾਮ ਲੈ ਕੇ ਤੁਹਾਡੇ ਕੋਲੋਂ 'ਆਧਾਰ ਨੰਬਰ' ਦੀ ਜਾਣਕਾਰੀ ਨਹੀਂ ਮੰਗ ਸਕਦਾ ਹੈ। ਕਦੇ ਵੀ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਫੋਨ ਕਾਲ 'ਤੇ ਸਾਂਝੀ ਨਾ ਕਰੋ। ਜ਼ਿਆਦਾ ਕੋਸ਼ਿਸ਼ ਇਹੀ ਕਰੋ ਕਿ ਆਪਣੇ ਪਛਾਣ ਵਾਲੇ ਪਰਚੂਨ ਸਟੋਰ 'ਤੇ ਹੀ ਜਾਓ ਜਾਂ ਫਿਰ ਆਪਣੀ ਮੋਬਾਇਲ ਕੰਪਨੀ ਦੇ ਸਟੋਰ 'ਤੇ ਜਾ ਕੇ ਆਧਾਰ ਨੰਬਰ ਲਿੰਕ ਕਰਾਓ।


Related News