ਤਿਉਹਾਰਾਂ ਮੌਕੇ ਮਿਲ ਸਕਦੈ ਵੱਡਾ ਤੋਹਫ਼ਾ, ਇੰਨੇ ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ

Wednesday, Oct 02, 2024 - 04:36 PM (IST)

ਜਲੰਧਰ (ਇੰਟ.)- ਕੇਂਦਰ ਸਰਕਾਰ ਤਿਉਹਾਰਾਂ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਗਲੋਬਲ ਮਾਰਕੀਟ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਦਾ ਫਾਇਦਾ ਆਮ ਆਦਮੀ ਨੂੰ ਪਹੁੰਚਾਉਣ ਦੀ ਤਿਆਰੀ ਤੇਲ ਕੰਪਨੀਆਂ ਨੇ ਵੀ ਕਰ ਲਈ ਹੈ। ਸਿਰਫ਼ ਸਰਕਾਰ ਦੇ ਇਸ਼ਾਰੇ ਦਾ ਇੰਤਜ਼ਾਰ ਹੈ। ਮੰਨਿਆ ਜਾ ਰਿਹਾ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਸਰਕਾਰ ਵੀ ਪੈਟਰੋਲ ਅਤੇ ਡੀਜ਼ਲ ਦੇ ਮੁੱਲ 3 ਰੁਪਏ ਤੱਕ ਘਟਾ ਸਕਦੀ ਹੈ।

ਕਰੂਡ ਦੇ ਭਾਅ ’ਚ ਗਿਰਾਵਟ
ਰਿਪੋਰਟ ਮੁਤਾਬਕ ਦੁਨੀਆ ਦੇ ਵੱਡੇ ਤੇਲ ਉਤਪਾਦਕ ਦੇਸ਼ਾਂ ਜਿਵੇਂ ਸਊਦੀ ਅਰਬ ਤੋਂ ਸਪਲਾਈ ਵਧਣ ਤੋਂ ਬਾਅਦ ਗਲੋਬਲ ਮਾਰਕੀਟ ’ਚ ਕਰੂਡ ਦੇ ਭਾਅ 24 ਤੋਂ 33 ਫ਼ੀਸਦੀ ਤੱਕ ਹੇਠਾਂ ਆ ਗਏ ਹਨ। ਇਸ ਨਾਲ ਕੰਪਨੀਆਂ ਨੂੰ ਤੇਲ ਖ਼ਰੀਦਣ ’ਚ ਕਾਫ਼ੀ ਬੱਚਤ ਵੀ ਹੋ ਰਹੀ ਹੈ। ਬ੍ਰੇਂਟ ਕਰੂਡ ਵੀ 72 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਆ ਗਿਆ ਹੈ, ਜਿਸ ਦਾ ਫਾਇਦਾ ਹੁਣ ਆਮ ਆਦਮੀ ਨੂੰ ਦੇਣ ਦੀ ਤਿਆਰੀ ਚੱਲ ਰਹੀ ਹੈ। ਮਾਮਲੇ ਨਾਲ ਜੁੜੇ ਤਿੰਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇਲ ਕੰਪਨੀਆਂ ਨੇ ਆਪਣੇ ਵੱਲੋਂ ਮੁੱਲ ਘਟਾਉਣ ਦੀ ਪੂਰੀ ਤਿਆਰੀ ਕਰ ਲਈ ਹੈ, ਬੱਸ ਸਰਕਾਰ ਦੀ ਹਰੀ ਝੰਡੀ ਦਾ ਇੰਤਜ਼ਾਰ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ, ਇਥੇ ਰਹੇਗੀ ਪੂਰਨ ਪਾਬੰਦੀ

ਕਿੰਨੇ ਟੁੱਟੇ ਮੁੱਲ
ਆਮ ਆਦਮੀ ਲਈ ਤੇਲ ਸਸਤਾ ਕਰਨ ਦੀ ਉਮੀਦ ਇਸ ਲਈ ਉੱਠੀ ਹੈ, ਕਿਉਂਕਿ ਬੀਤੇ ਇਕ ਸਾਲ ’ਚ ਕਰੂਡ ਦੇ ਭਾਅ ਕਾਫ਼ੀ ਹੇਠਾਂ ਆ ਗਏ ਹਨ। ਸਤੰਬਰ, 2023 ’ਚ ਜਿੱਥੇ ਬ੍ਰੇਂਟ ਕਰੂਡ ਦਾ ਭਾਅ 96.5 ਡਾਲਰ ਪ੍ਰਤੀ ਬੈਰਲ ਸੀ, ਉੱਥੇ ਹੀ, 2024 ’ਚ ਇਹ 25.38 ਫੀਸਦੀ ਟੁੱਟ ਕੇ 72 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ ਹੈ। ਇਸ ਅਨੁਪਾਤ ’ਚ ਭਾਰਤ ਦਾ ਕੱਚਾ ਤੇਲ ਖਰੀਦਣ ਦਾ ਭਾਅ ਵੀ ਪਿਛਲੇ ਸਾਲ ਦੇ 93.54 ਡਾਲਰ ਤੋਂ 21.12 ਫੀਸਦੀ ਟੁੱਟ ਕੇ 73.78 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ ਹੈ।

ਇਕ ਸਾਲ ’ਚ ਸਿਰਫ਼ 2 ਫ਼ੀਸਦੀ ਘਟੀਆਂ ਕੀਮਤਾਂ
ਪੈਟਰੋਲ ਅਤੇ ਡੀਜ਼ਲ ਦੇ ਬੈਂਚਮਾਰਕ ਰੇਟ ਅਤੇ ਘਰੇਲੂ ਰੇਟ ਦੇ ਅੰਕੜੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਦੇਸ਼ ’ਚ ਤੇਲ ਕੰਪਨੀਆਂ ਨੇ ਬੀਤੇ ਇਕ ਸਾਲ ’ਚ ਸਿਰਫ਼ 2 ਫ਼ੀਸਦੀ ਕੀਮਤ ਹੀ ਘਟਾਈ ਹੈ, ਜਦੋਂ ਕਿ ਇਸ ਦੌਰਾਨ ਕੌਮਾਂਤਰੀ ਬਾਜ਼ਾਰ ’ਚ ਪੈਟਰੋਲ ਦਾ ਬੈਂਚਮਾਰਕ ਰੇਟ 25 ਫੀਸਦੀ ਤੇ ਡੀਜ਼ਲ ਦਾ 33.4 ਫ਼ੀਸਦੀ ਹੇਠਾਂ ਆਇਆ ਹੈ। ਰੇਟਿੰਗ ਏਜੰਸੀ ਇਕ੍ਰਾ ਦਾ ਕਹਿਣਾ ਹੈ ਕਿ ਦਿਵਾਲੀ ਤੋਂ ਪਹਿਲਾਂ ਹੀ ਆਮ ਆਦਮੀ ਨੂੰ ਸਸ‍ਤੇ ਪੈਟਰੋਲ-ਡੀਜ਼ਲ ਦਾ ਤੋਹਫ਼ਾ ਮਿਲ ਜਾਵੇਗਾ।
ਇਹ ਵੀ ਪੜ੍ਹੋ- ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਕਪੂਰਥਲਾ ਦੇ ਮੁੰਡੇ ਦੀ ਅਮਰੀਕਾ 'ਚ ਮੌਤ, ਕੁਝ ਦਿਨ ਬਾਅਦ ਸੀ ਵਿਆਹ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News