ਸਪਾਈਸ ਜੈੱਟ ਨੂੰ ਇੰਨਾ ਨੁਕਸਾਨ, ਦੂਜੀ ਤਿਮਾਹੀ 'ਚ ਫਿਰ ਖਾ ਬੈਠੀ ਘਾਟਾ

09/15/2020 6:57:13 PM

ਨਵੀਂ ਦਿੱਲੀ— ਸਪਾਈਸ ਜੈੱਟ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 593.41 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਨ ਕੰਪਨੀ ਨੇ 261.67 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਸੀ। ਇਹ ਲਗਾਤਾਰ ਦੂਜੀ ਤਿਮਾਹੀ ਹੈ ਜਦੋਂ ਸਪਾਈਸ ਜੈੱਟ ਨੇ ਨੁਕਸਾਨ ਦਰਜ ਕੀਤਾ ਹੈ। ਇਸ ਤੋਂ ਪਹਿਲਾਂ 31 ਮਾਰਚ 2020 ਨੂੰ ਖ਼ਤਮ ਤਿਮਾਹੀ 'ਚ ਉਸ ਨੂੰ 807.08 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

ਸਪਾਈਸ ਜੈੱਟ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ ਕਿ ਇਹ ਹਵਾਬਾਜ਼ੀ ਖੇਤਰ ਲਈ ਸਭ ਤੋਂ ਵੱਡਾ ਸੰਕਟ ਹੈ। ਪਹਿਲੀ ਤਿਮਾਹੀ 'ਚ ਜ਼ਿਆਦਾਤਰ ਸਮੇਂ ਲਈ ਉਡਾਣਾਂ ਰੱਦ ਰਹੀਆਂ ਸਨ। ਪਾਬੰਦੀ ਹਟਣ ਪਿੱਛੋਂ ਵੀ ਥੋੜ੍ਹੀ ਗਿਣਤੀ 'ਚ ਹੀ ਉਡਾਣਾਂ ਸ਼ੁਰੂ ਹੋਈਆਂ ਅਤੇ ਕੋਵਿਡ-19 ਮਹਾਮਾਰੀ ਕਾਰਨ ਮੰਗ ਘੱਟ ਰਹੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਕਾਫ਼ੀ ਚੰਗੀ ਤਰ੍ਹਾਂ ਵਾਪਸੀ ਕੀਤੀ ਹੈ। ਸਪਾਈਸ ਜੈੱਟ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ 'ਚ ਮਾਲਵਾਹਕ ਅਤੇ ਯਾਤਰੀ ਸੇਵਾਵਾਂ 'ਚ ਉਸ ਦਾ ਪ੍ਰਦਰਸ਼ਨ ਬਿਹਤਰ ਹੋਵੇਗਾ।

ਗੌਰਤਲਬ ਹੈ ਕਿ 25 ਮਾਰਚ ਤੋਂ ਦੋ ਮਹੀਨੇ ਲਈ ਸਭ ਉਡਾਣਾਂ 'ਤੇ ਪਾਬੰਦੀ ਰਹੀ ਸੀ। ਸਰਕਾਰ ਨੇ 25 ਮਈ ਤੋਂ ਦੁਬਾਰਾ ਘਰੇਲੂ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਸੀ। ਸ਼ੁਰੂਆਤ 'ਚ ਸਿਰਫ ਇਕ-ਤਿਹਾਈ ਉਡਾਣਾਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਸੀ, ਜਿਸ ਨੂੰ ਦੋ ਵਾਰ 'ਚ ਵਧਾ ਕੇ 60 ਫੀਸਦੀ ਕਰ ਦਿੱਤਾ ਗਿਆ ਹੈ।


Sanjeev

Content Editor

Related News