ਜੰਮੂ 'ਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਬਣਨਗੇ ਆਧੁਨਿਕ ਬੰਕਰ, ਮਿਲਣਗੀਆਂ ਇਹ ਸਹੂਲਤਾਂ
Monday, Apr 01, 2024 - 06:11 PM (IST)
ਜੰਮੂ-ਕਸ਼ਮੀਰ - ਜੰਮੂ 'ਚ ਸੈਰ-ਸਪਾਟੇ ਉਦਯੋਗ ਨੂੰ ਵਧਾਉਣ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ। ਰਾਜ ਪ੍ਰਸ਼ਾਸਨ ਐਲਓਸੀ ਦੇ ਨਾਲ ਲੱਗਦੀ ਜ਼ੀਰੋ ਲਾਈਨ 'ਤੇ ਆਧੁਨਿਕ ਬੰਕਰ ਬਣਾ ਰਿਹਾ ਹੈ, ਜਿਸ ਵਿਚ ਜਲਦੀ ਹੀ ਸੈਲਾਨੀ ਠਹਿਰ ਸਕਣਗੇ। ਸਾਂਬਾ ਜ਼ਿਲ੍ਹੇ ਵਿੱਚ ਐਲਓਸੀ ਦੇ ਬਿਲਕੁਲ ਸਾਹਮਣੇ ਅਜਿਹੇ ਦੋ ਬੰਕਰ ਬਣ ਕੇ ਤਿਆਰ ਹਨ। ਜ਼ਮੀਨ ਤੋਂ 20 ਫੁੱਟ ਹੇਠਾਂ ਬਣ ਕੇ ਤਿਆਰ ਹੋਏ ਬੰਕਰਾਂ ਵਿਚ ਏ.ਸੀ., ਸਮਾਰਟ ਟੀ.ਵੀ., ਅਲਮਾਰੀਆਂ ਦੀ ਸਹੂਲਤ ਸੈਲਾਨੀਆਂ ਨੂੰ ਆਕਰਸ਼ਿਤ ਕਰੇਗੀ। ਇਸ ਸਾਲ ਅਜਿਹੇ 370 ਬੰਕਰ ਬਣਾਏ ਜਾਣੇ ਹਨ। ਫਿਲਹਾਲ ਉਨ੍ਹਾਂ ਦਾ ਕਿਰਾਇਆ ਤੈਅ ਨਹੀਂ ਹੈ। ਪਿਛਲੇ ਸਾਲ ਸਰਹੱਦ ਦੇ ਕੁਝ ਪਿੰਡਾਂ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਸੀ। ਸੈਲਾਨੀਆਂ ਦੀ ਆਵਾਜਾਈ ਨੂੰ ਦੇਖਦਿਆਂ ਬੰਕਰ ਤਿਆਰ ਕਰਨ ਦੀ ਯੋਜਨਾ ਹੋਂਦ ਵਿਚ ਆਈ। ਸੈਲਾਨੀਆਂ ਤੋਂ ਬੰਕਰਾਂ ਵਿੱਚ ਰੁਕਣ ਲਈ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਬਣਾਏ ਜਾ ਰਹੇ ਹਨ ਦੋ ਤਰ੍ਹਾਂ ਦੇ ਬੰਕਰ
ਇਸ ਸਮੇਂ ਦੋ ਤਰ੍ਹਾਂ ਦੇ ਬੰਕਰ ਬਣਾਏ ਜਾ ਰਹੇ ਹਨ। ਇਕ ਬੰਕਰ ਪ੍ਰਾਈਵੇਟ ਸਹੂਲਤ ਲਈ ਹੋਵੇਗਾ ਅਤੇ ਦੂਜਾ ਗਰੁੱਪ ਵਿਚ ਆਉਣ ਵਾਲਿਆਂ ਲਈ ਹੋਵੇਗਾ। ਪ੍ਰਾਈਵੇਟ ਬੰਕਰ ਦਾ ਆਕਾਰ 160 ਵਰਗ ਫੁੱਟ ਹੋਵੇਗਾ ਅਤੇ ਇਥੇ ਲਗਭਗ 8 ਲੋਕ ਰਹਿ ਸਕਣਗੇ। ਕਮਿਊਨਿਟੀ ਬੰਕਰ 800 ਵਰਗ ਫੁੱਟ ਦਾ ਹੋਵੇਗਾ ਅਤੇ ਇਨ੍ਹਾਂ 'ਚ 40 ਲੋਕ ਰਹਿ ਸਕਣਗੇ। ਮੌਜੂਦਾ ਸਮੇਂ ਰਾਮਗੜ੍ਹ ਅਤੇ ਸੁਚੇਤਗੜ੍ਹ ਵਿੱਚ ਦੋ ਮਾਡਲ ਬੰਕਰ ਬਣਾਏ ਗਏ ਹਨ। ਇਸ ਵਿੱਚ ਏਸੀ, ਅਲਮਾਰੀ, ਟੀਵੀ, ਮੇਜ਼ ਅਤੇ ਕੁਰਸੀ ਦੀ ਸਹੂਲਤ ਮਿਲੇਗੀ। ਪੌੜੀਆਂ ਤੋਂ ਬੰਕਰ ਦੇ ਅੰਦਰ ਤੱਕ ਜ਼ਮੀਨ 'ਤੇ ਮਾਰਬਲ ਲਗਾਇਆ ਗਿਆ ਹੈ।
ਇਸ ਕਾਰਨ ਬਣਾਇਆ ਗਿਆ ਹੈ ਇਹ ਪਲਾਨ
ਇਹ ਉਹੀ ਬੰਕਰ ਹਨ ਜਿਨ੍ਹਾਂ ਦੀ ਵਰਤੋਂ ਪਾਕਿਸਤਾਨੀ ਗੋਲੀਬਾਰੀ ਦੌਰਾਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ। ਗੋਲੀਬਾਰੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਦੀ ਸਾਂਭ-ਸੰਭਾਲ ਨਹੀਂ ਹੋ ਰਹੀ ਸੀ, ਇਸ ਲਈ ਉਨ੍ਹਾਂ ਨੂੰ ਸੈਰ-ਸਪਾਟੇ ਨਾਲ ਜੋੜਨ ਦੀ ਯੋਜਨਾ ਤਿਆਰ ਕੀਤੀ ਗਈ। ਅਗਲੇ ਇੱਕ ਸਾਲ ਵਿੱਚ ਸਰਹੱਦ ’ਤੇ ਆਉਣ ਵਾਲੇ ਸੈਲਾਨੀਆਂ ਨੂੰ ਬੰਕਰ ਮੁਹੱਈਆ ਕਰਵਾਏ ਜਾਣਗੇ।
ਫਾਇਰਿੰਗ ਦੌਰਾਨ ਵੀ ਸਥਾਨਕ ਲੋਕਾਂ ਨੂੰ ਮਿਲ ਸਕੇਗੀ ਸਹੂਲਤ
ਜੇਕਰ ਭਵਿੱਖ ਵਿੱਚ ਕਦੇ ਵੀ ਪਾਕਿਸਤਾਨ ਵਾਲੇ ਪਾਸੇ ਤੋਂ ਗੋਲੀਬਾਰੀ ਹੁੰਦੀ ਹੈ ਤਾਂ ਸਥਾਨਕ ਲੋਕਾਂ ਦੇ ਰਹਿਣ ਲਈ ਬੰਕਰ ਖੋਲ੍ਹ ਦਿੱਤੇ ਜਾਣਗੇ। ਤਾਂ ਜੋ ਉਹ ਇੱਥੇ ਲੰਮੇ ਸਮੇਂ ਤੱਕ ਆਸਾਨੀ ਨਾਲ ਰਹਿ ਸਕਣ, ਇੱਥੇ ਇੱਕ ਲਾਇਬ੍ਰੇਰੀ ਅਤੇ ਛੋਟੀ ਜਿੰਮ ਮਸ਼ੀਨਾਂ ਵੀ ਰੱਖੀਆਂ ਗਈਆਂ ਹਨ। ਪਾਣੀ ਅਤੇ ਬਿਜਲੀ ਸਪਲਾਈ ਨੂੰ ਵੀ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਕੀਤਾ ਜਾਵੇਗਾ।
ਸਰਹੱਦ 'ਤੇ ਬਣਾਏ ਜਾ ਰਹੇ ਹਨ 14 ਹਜ਼ਾਰ ਬੰਕਰ
2018 ਵਿੱਚ, ਕੇਂਦਰ ਸਰਕਾਰ ਨੇ LOC ਅਤੇ ਅੰਤਰਰਾਸ਼ਟਰੀ ਸਰਹੱਦ 'ਤੇ 14460 ਨਿੱਜੀ ਅਤੇ ਕਮਿਊਨਿਟੀ ਬੰਕਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਸੀ। 413 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਤਹਿਤ 10 ਹਜ਼ਾਰ ਬੰਕਰ ਬਣ ਚੁੱਕੇ ਹਨ।