ਧਾਗਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ
Friday, Mar 29, 2024 - 01:51 PM (IST)

ਮਾਛੀਵਾੜਾ ਸਾਹਿਬ (ਟੱਕਰ) : ਕੁਹਾੜਾ ਰੋਡ ’ਤੇ ਸਥਿਤ ਪਿੰਡ ਕੂੰਮ ਖੁਰਦ ਵਿਖੇ ਅੱਜ ਤੜਕੇ ਧਾਗੇ ਦੀ ਵਿੰਨੀਗ ਇੰਡਸਟਰੀ ਵਿਚ ਭਿਆਨਕ ਅੱਗ ਲੱਗ ਗਈ ਜਿਸ ਨਾਲ ਭਾਰੀ ਆਰਥਿਕ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇੰਡਸਟਰੀ ਦੇ ਮਾਲਕ ਕੁਨਾਲ ਅਰੋੜਾ ਤੇ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਅੱਜ ਤੜਕੇ 4 ਵਜੇ ਮਿੱਲ ਵਿਚ ਤਾਇਨਾਤ ਸਕਿਓਰਿਟੀ ਗਾਰਡ ਨੇ ਗੁਦਾਮ ’ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉੱਥੇ ਅੱਗ ਲੱਗੀ ਹੋਈ ਸੀ। ਇਸ ਅੱਗ ਲੱਗਣ ’ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਲੁਧਿਆਣਾ, ਸਮਰਾਲਾ, ਦੋਰਾਹਾ ਤੇ ਖੰਨਾ ਤੋਂ ਕਰੀਬ 11 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ’ਤੇ ਲੱਗੀਆਂ ਰਹੀਆਂ ਜਿਨ੍ਹਾਂ ਬੜੀ ਮੁਸ਼ੱਕਤ ਨਾਲ ਇਸ ਉੱਪਰ ਕਾਬੂ ਪਾਇਆ।
ਫੈਕਟਰੀ ਮਾਲਕਾਂ ਅਨੁਸਾਰ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਭਾਰੀ ਆਰਥਿਕ ਨੁਕਸਾਨ ਜ਼ਰੂਰ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਮਿੱਲ ਵਿਚ ਪਿਆ ਧਾਗਾ, ਰੂੰ ਦੀਆਂ ਗੱਠਾਂ ਅਤੇ ਗੁਦਾਮ ਦਾ ਸ਼ੈੱਡ ਬੁਰੀ ਤਰ੍ਹਾਂ ਨੁਕਸਾਨੇ ਗਏ। ਮੁੱਢਲੀ ਜਾਂਚ ਦੌਰਾਨ ਲੱਗ ਰਿਹਾ ਹੈ ਕਿ ਇਹ ਹਾਦਸਾ ਸ਼ਾਰਟ ਸ਼ਰਕਟ ਕਾਰਨ ਵਾਪਰਿਆ। ਫੈਕਟਰੀ ਮਾਲਕਾਂ ਨੇ ਦੱਸਿਆ ਕਿ ਅਜੇ ਅੱਗ ਲੱਗਣ ਨਾਲ ਜੋ ਨੁਕਸਾਨ ਹੋਇਆ ਹੈ ਉਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਇਹ ਵੱਡਾ ਆਰਥਿਕ ਘਾਟਾ ਹੈ।