ਲੰਘੀਂ ਰਾਤ ਕਰਿਆਨੇ ਦੀ ਦੁਕਾਨ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

04/05/2024 4:29:20 PM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਕਸਬਾ ਸ਼ੇਰਪੁਰ ਵਿਖੇ 4-5 ਅਪ੍ਰੈਲ ਦੀ ਦਰਮਿਆਨੀ ਰਾਤ ਇਕ ਕਰਿਆਨੇ ਦੀ ਦੁਕਾਨ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਹੀਰਾ ਲਾਲ ਪੁੱਤਰ ਬਿੱਲੂ ਰਾਮ ਆੜਤੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਸ਼ੇਰਪੁਰ ਦੇ ਥਾਣਾ ਰੋਡ ਉੱਪਰ ਪੈਂਦੀ ਹੈ ਜਿਸ ਵਿਚ ਲੰਘੀਂ ਰਾਤ ਅਚਨਚੇਤ ਅੱਗ ਲੱਗ ਜਾਣ ਦਾ ਜਦੋਂ ਉਨ੍ਹਾਂ ਨੂੰ 11 ਵਜੇ ਦੇ ਕਰੀਬ ਪਤਾ ਲੱਗਿਆ ਤਾਂ ਦੁਕਾਨ ਦਾ ਸ਼ਟਰ ਖੋਲਿਆ ਤੇ ਦੇਖਿਆ ਕਿ ਦੁਕਾਨ ਅੰਦਰ ਅੱਗ ਦੀਆਂ ਲਾਟਾਂ ਮੱਚ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਦੇਖਦੇ ਹੀ ਦੇਖਦੇ ਇਹ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਇਸ 'ਤੇ ਕਾਬੂ ਪਾਉਣਾ ਵੀ ਮੁਸ਼ਕਿਲ ਹੋ ਗਿਆ। ਇਸ ਸਬੰਧੀ ਜਦੋਂ ਨਸ਼ਾ ਛੁਡਾਊ ਕਮੇਟੀ ਸ਼ੇਰਪੁਰ ਦੇ ਨੌਜਵਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਮਿੰਨੀ ਫਾਇਰ ਬ੍ਰਿਗੇਡ ਲਿਆ ਕੇ ਇਸ ਅੱਗ 'ਤੇ ਕਾਬੂ ਪਾਉਣ ਦਾ ਯਤਨ ਕੀਤਾ ਪ੍ਰੰਤੂ ਅੱਗ ਇੰਨੀ ਭਿਆਨਕ ਸੀ ਕਿ ਤਿੰਨ ਚਾਰ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।  

ਇਸ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ । ਇਸ ਘਟਨਾ ਵਿਚ ਦੁਕਾਨਦਾਰ ਦੇ ਦੱਸਣ ਅਨੁਸਾਰ ਲਗਭਗ 40 ਤੋਂ 50 ਲੱਖ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਅੱਗ ਦੀ ਲਪੇਟ ਵਿਚ ਆਉਣ ਕਾਰਨ ਕਰਿਆਨੇ ਦਾ ਲੱਖਾਂ ਰੁਪਏ ਦਾ ਸਮਾਨ, ਏ.ਸੀ, ਫਰਨੀਚਰ, ਫੀਟਿੰਗ ਆਦਿ ਸੜ ਗਿਆ। ਇਸਦੇ ਨਾਲ ਹੀ ਇੱਕ ਦੋ ਤੋਲੇ ਸੋਨੇ ਦੀ ਹੀਰੇ ਜੜੀ ਮੁੰਦਰੀ ਅਤੇ ਲਗਭਗ 4 ਲੱਖ ਦੇ ਕਰੀਬ ਨਗਦੀ ਸੜ ਕੇ ਸਵਾਹ ਹੋ ਗਈ ਹੈ। ਇਸ ਤੋਂ ਇਲਾਵਾ ਦੁਕਾਨ ਵਿੱਚ ਪਿਆ ਸਾਰਾ ਸਮਾਨ ਅੱਗ ਦੀ ਭੇਟ ਚੜਨ ਕਾਰਨ ਖਰਾਬ ਹੋ ਗਿਆ ਹੈ।  ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਦੇ ਅੰਦਰੋਂ 12 ਤੋਂ 15 ਫੁੱਟ ਲੰਮੀਆਂ ਅੱਗ ਦੀਆਂ ਲਾਟਾਂ ਬਾਹਰ ਨਿਕਲ ਰਹੀਆਂ ਸਨ। 
 


Gurminder Singh

Content Editor

Related News