ਟੈਕਸ ਚੋਰੀ ''ਤੇ ਲਗਾਮ, GST ਦੇ ਦਾਇਰੇ ''ਚ ਆਵੇਗਾ ਰੀਅਲ ਅਸਟੇਟ

Thursday, Oct 12, 2017 - 03:14 PM (IST)

ਨਿਊਯਾਰਕ— ਅਗਲੇ ਮਹੀਨੇ ਹੋਣ ਵਾਲੀ ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ 'ਚ ਰੀਅਲ ਅਸਟੇਟ ਕਾਰੋਬਾਰ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਂਦਾ ਜਾ ਸਕਦਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਰੀਅਲ ਅਸਟੇਟ ਇਕ ਅਜਿਹਾ ਸੈਕਟਰ ਹੈ, ਜਿੱਥੇ ਸਭ ਤੋਂ ਵੱਧ ਟੈਕਸ ਚੋਰੀ ਹੁੰਦਾ ਹੈ। ਇਸ ਲਈ ਇਸ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਉਣ ਦਾ ਮਜ਼ਬੂਤ ਆਧਾਰ ਹੈ। ਜੇਤਲੀ ਨੇ ਹਾਰਵਰਡ ਯੂਨੀਵਰਸਿਟੀ 'ਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਇਸ 'ਤੇ ਗੁਹਾਟੀ 'ਚ 9 ਨਵੰਬਰ ਨੂੰ ਹੋਣ ਵਾਲੀ ਜੀ. ਐੱਸ. ਟੀ. ਦੀ ਅਗਲੀ ਬੈਠਕ 'ਚ ਚਰਚਾ ਕੀਤੀ ਜਾਵੇਗੀ। 

ਵਿੱਤ ਮੰਤਰੀ ਨੇ ਕਿਹਾ ਕਿ ਭਾਰਤ 'ਚ ਇਕ ਸੁਸਤ ਟੈਕਸ ਸਿਸਟਮ ਹੈ। ਅਸੀਂ ਇਸ 'ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਟੈਕਸ ਬੇਸ ਨੂੰ ਵਧਾ ਰਹੇ ਹਾਂ, ਅਜੇ ਨਕਦ ਲੈਣ-ਦੇਣ ਇਕ ਵੱਡੀ ਸਮੱਸਿਆ ਹੈ। ਲੋਕਾਂ ਨੇ ਨੋਟਬੰਦੀ ਨੂੰ ਠੀਕ ਤਰ੍ਹਾਂ ਨਾਲ ਨਹੀਂ ਸਮਝਿਆ। ਬੈਂਕਾਂ 'ਚ ਪੂਰਾ ਪੈਸਾ ਆ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਪੂਰਾ ਪੈਸਾ ਸਾਫ ਹੀ ਹੋਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਟੈਕਸ ਭਰਨ ਦੀ ਪ੍ਰਕਿਰਿਆ ਨੂੰ ਵੀ ਆਸਾਨ ਕਰ ਰਹੇ ਹਾਂ। ਜੇਤਲੀ ਨੇ ਕਿਹਾ ਕਿ ਭਾਰਤ 'ਚ ਸਿਰਫ 55 ਲੱਖ ਲੋਕਾਂ ਨੇ ਹੀ ਜੀ. ਐੱਸ. ਟੀ. ਤਹਿਤ ਟੈਕਸ ਭਰਿਆ ਹੈ। ਉਨ੍ਹਾਂ 'ਚੋਂ ਵੀ 40 ਫੀਸਦੀ ਲੋਕਾਂ ਨੇ ਜ਼ੀਰੋ ਟੈਕਸ ਦਿੱਤਾ ਹੈ। ਨੋਟਬੰਦੀ 'ਤੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਇਸ ਦਾ ਮਕਸਦ ਪੈਸਾ ਜ਼ਬਤ ਕਰਨਾ ਨਹੀਂ ਸੀ ਸਗੋਂ ਪੈਸੇ ਦੇ ਮਾਲਕ ਦੀ ਪਛਾਣ ਕਰਨਾ ਸੀ। ਜੇਤਲੀ ਨੇ ਕਿਹਾ ਕਿ ਸਰਕਾਰ ਉਨ੍ਹਾਂ 18 ਲੱਖ ਲੋਕਾਂ ਦੀ ਜਾਂਚ ਕਰਨ 'ਚ ਸਮਰੱਥ ਹੈ, ਜਿਨ੍ਹਾਂ ਦੀ ਜਮ੍ਹਾ ਰਕਮ ਉਨ੍ਹਾਂ ਦੀ ਆਮਦਨ ਨਾਲ ਮੇਲ ਨਹੀਂ ਖਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜੇਤਲੀ ਅਮਰੀਕਾ ਦੀ ਹਫਤੇ ਭਰ ਦੀ ਯਾਤਰਾ 'ਤੇ ਹਨ। ਇੱਥੇ ਉਹ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਦੀ ਸਾਲਾਨਾ ਬੈਠਕ 'ਚ ਹਿੱਸਾ ਲੈਣ ਆਏ ਹਨ।


Related News