ਪੈਟਰੋਲ, ਡੀਜ਼ਲ ਕੀਮਤਾਂ 'ਚ 83 ਦਿਨਾਂ ਪਿੱਛੋਂ ਵਾਧਾ, ਹੁਣ ਰੋਜ਼ਾਨਾ ਬਦਲਣਗੇ ਰੇਟ

Sunday, Jun 07, 2020 - 09:09 PM (IST)

ਪੈਟਰੋਲ, ਡੀਜ਼ਲ ਕੀਮਤਾਂ 'ਚ 83 ਦਿਨਾਂ ਪਿੱਛੋਂ ਵਾਧਾ, ਹੁਣ ਰੋਜ਼ਾਨਾ ਬਦਲਣਗੇ ਰੇਟ

ਨਵੀਂ ਦਿੱਲੀ— ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਐਤਵਾਰ ਨੂੰ 83 ਦਿਨਾਂ ਪਿੱਛੋਂ 60 ਪੈਸੇ ਪ੍ਰਤੀ ਲਿਟਰ ਤੱਕ ਦਾ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰੀ ਤੇਲ ਕੰਪਨੀਆਂ ਨੇ ਕੀਮਤਾਂ 'ਚ ਰੋਜ਼ਾਨਾ ਬਦਲਾਅ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਦਿੱਲੀ 'ਚ ਪੈਟਰੋਲ ਦੀ ਕੀਮਤ 71.26 ਰੁਪਏ ਤੋਂ ਵੱਧ ਕੇ 71.86 ਰੁਪਏ ਪ੍ਰਤੀ ਲਿਟਰ ਹੋ ਗਈ। ਇਸੇ ਤਰ੍ਹਾਂ ਰਾਜਧਾਨੀ ਦਿੱਲੀ 'ਚ ਡੀਜ਼ਲ ਦੀ ਕੀਮਤ 69.39 ਰੁਪਏ ਤੋਂ ਵੱਧ ਕੇ 69.99 ਰੁਪਏ ਪ੍ਰਤੀ ਲਿਟਰ ਹੋ ਗਈ।

ਇਕ ਅਧਿਕਾਰੀ ਨੇ ਕਿਹਾ ਕਿ ਪੈਟਰੋਲ, ਡੀਜ਼ਲ ਕੀਮਤਾਂ 'ਚ ਰੋਜ਼ਾਨਾ ਬਦਲਾਅ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ। ਜਹਾਜ਼ ਈਂਧਣ ਅਤੇ ਘਰੇਲੂ ਰਸੋਈ ਗੈਸ (ਐੱਲ. ਪੀ. ਜੀ.) ਕੀਮਤਾਂ 'ਚ ਪਹਿਲਾਂ ਦੀ ਤਰ੍ਹਾਂ ਬਦਲਾਅ ਹੋ ਰਿਹਾ ਸੀ ਪਰ 16 ਮਾਰਚ ਤੋਂ ਪੈਟਰੋਲ ਤੇ ਡੀਜ਼ਲ ਕੀਮਤਾਂ ਸਥਿਰ ਸਨ। ਇਸ ਦਾ ਕਾਰਨ ਕੌਮਾਂਤਰੀ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਭਾਰੀ ਉਥਲ-ਪੁਥਲ ਹੋਣਾ ਰਿਹਾ।

ਕੌਮਾਂਤਰੀ ਬਾਜ਼ਾਰ 'ਚ ਤੇਲ ਕੀਮਤਾਂ ਡਿੱਗਣ 'ਤੇ ਸਰਕਾਰ ਨੇ ਐਕਸਾਈਜ਼ ਡਿਊਟੀ 3 ਰੁਪਏ ਪ੍ਰਤੀ ਲਿਟਰ ਵਧਾ ਦਿੱਤੀ ਸੀ ਅਤੇ ਇਸ ਦੇ ਤੁਰੰਤ ਮਗਰੋਂ ਪੈਟਰੋਲ-ਡੀਜ਼ਲ ਕੀਮਤਾਂ ਸਥਿਰ ਹੋ ਗਈਆਂ ਸਨ। 6 ਮਈ ਨੂੰ ਸਰਕਾਰ ਨੇ ਇਕ ਵਾਰ ਫਿਰ ਪੈਟਰੋਲ 'ਤੇ 10 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਵਧਾ ਦਿੱਤੀ ਸੀ। ਹਾਲਾਂਕਿ, ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਰਿਕਾਰਡ ਗਿਰਾਵਟ ਕਾਰਨ ਤੇਲ ਕੰਪਨੀਆਂ ਨੇ ਇਸ ਦਾ ਬੋਝ ਗਾਹਕਾਂ 'ਤੇ ਨਹੀਂ ਪਾਇਆ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਪੈਟਰੋਲ 'ਤੇ ਐਕਸਾਈਜ਼ ਡਿਊਟੀ 32.98 ਰੁਪਏ ਪ੍ਰਤੀ ਲਿਟਰ ਹੈ, ਜਦੋਂ ਕਿ ਡੀਜ਼ਲ 'ਤੇ 31.83 ਰੁਪਏ ਪ੍ਰਤੀ ਲਿਟਰ ਹੈ।


author

Sanjeev

Content Editor

Related News