ਭਾਰਤ ਦੇ ਸਿਰਫ 61 ਲੋਕਾਂ ਨੇ 100 ਕਰੋੜ ਤੋਂ ਜ਼ਿਆਦਾ ਦੀ ਆਮਦਨ ਦੱਸੀ
Saturday, Feb 09, 2019 - 09:57 AM (IST)
ਨਵੀਂ ਦਿੱਲੀ — ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਅਣਗਿਣਤੀ ਅਰਬਪਤੀਆਂ ਵਾਲੇ ਦੇਸ਼ ਭਾਰਤ 'ਚ ਮੁਲਾਂਕਣ ਸਾਲ 2017-18 'ਚ ਸਿਰਫ 61 ਲੋਕਾਂ ਨੇ ਆਪਣੀ ਆਮਦਨ 100 ਕਰੋੜ ਤੋਂ ਜ਼ਿਆਦਾ ਹੋਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਹ ਸੰਖਿਆ ਇਸ ਤੋਂ ਪਿਛਲੇ ਸਾਲ ਦੀ ਤੁਲਨਾ ਵਿਚ ਜ਼ਿਆਦਾ ਹੈ, ਕਿਉਂਕਿ ਉਸ ਸਮੇਂ ਸਿਰਫ 38 ਲੋਕਾਂ ਨੇ ਹੀ ਆਪਣੀ ਆਮਦਨ 100 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਸੀ। ਇਹ ਜਾਣਕਾਰੀ ਕੇਂਦਰੀ ਵਿੱਤੀ ਰਾਜ ਮੰਤਰੀ ਪੋਨ ਰਾਧਾਕ੍ਰਿਸ਼ਨਨ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਦਿੱਤੀ।
ਆਮਦਨ ਟੈਕਸ ਮੁਲਾਂਕਣ ਸਾਲ 2014-15 ਦੌਰਾਨ ਆਪਣੇ ਆਮਦਨ ਟੈਕਸ ਰਿਟਰਨ 'ਚ 24 ਲੋਕਾਂ ਨੇ ਸਾਲਾਨਾ ਆਮਦਨ 100 ਕਰੋੜ ਤੋਂ ਵਧ ਦੱਸੀ ਸੀ। ਉਸ ਸਮੇਂ ਤੋਂ ਇਸ ਦੀ ਸੰਖਿਆ ਵਿਚ ਲਗਾਤਾਰ ਵਾਧਾ ਜਾਰੀ ਹੈ। ਮੰਤਰੀ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਅਰਬਪਤੀ ਦੀ ਸ਼੍ਰੇਣੀ 'ਚ ਰੱਖਣ ਦੀ ਕੋਈ ਅਧਿਕਾਰਤ ਪਰਿਭਾਸ਼ਾ ਨਹੀਂ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੇਨਾਮੀ ਜਾਇਦਾਦ ਲੈਣ-ਦੇਣ ਐਕਟ ਦੇ ਤਹਿਤ ਕਾਰਵਾਈ ਕਰ ਰਹੀ ਹੈ ਅਤੇ ਏਜੰਸੀਆਂ ਵਲੋਂ ਹੁਣ ਤੱਕ 6,900 ਕਰੋੜ ਰੁਪਏ ਦੀ ਜਾਇਦਾਦ ਨੂੰ ਕੁਰਕ ਕੀਤਾ ਗਿਆ ਹੈ।
ਮੰਤਰੀ ਨੇ ਕਿਹਾ,'ਆਮਦਨ ਟੈਕਸ ਅਧਿਕਾਰੀ ਦਸੰਬਰ 2018 ਤੱਕ 2,000 ਤੋਂ ਜ਼ਿਆਦਾ ਬੇਨਾਮੇ ਲੈਣ-ਦੇਣ ਦੀ ਪਛਾਣ ਕਰ ਚੁੱਕੀ ਹੈ ਅਤੇ ਇਨ੍ਹਾਂ ਵਿਚ ਖਾਤੇ, ਜ਼ਮੀਨਾਂ, ਫਲੈਟ ਅਤੇ ਗਹਿਣੇ ਸ਼ਾਮਲ ਹਨ।' ਉਨ੍ਹਾਂ ਨੇ ਕਿਹਾ ਕਿ 1,800 ਤੋਂ ਜ਼ਿਆਦਾ ਮਾਮਲਿਆਂ ਵਿਚ ਜਾਇਦਾਦ ਦੀ ਸ਼ੁਰੂਆਤੀ ਕੁਰਕੀ ਕੀਤੀ ਜਾ ਚੁੱਕੀ ਹੈ।