ਕੁੜੀ ਦੀ ਕੋਰਟ ਮੈਰਿਜ ਤੋਂ ਖ਼ਫ਼ਾ ਪਰਿਵਾਰ ਨੇ ਮੁੰਡੇ ਦੇ ਘਰੋਂ 2 ਨੌਜਵਾਨਾਂ ਨੂੰ ਕੀਤਾ ਅਗਵਾ

Monday, Nov 18, 2024 - 10:28 AM (IST)

ਕੁੜੀ ਦੀ ਕੋਰਟ ਮੈਰਿਜ ਤੋਂ ਖ਼ਫ਼ਾ ਪਰਿਵਾਰ ਨੇ ਮੁੰਡੇ ਦੇ ਘਰੋਂ 2 ਨੌਜਵਾਨਾਂ ਨੂੰ ਕੀਤਾ ਅਗਵਾ

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ) : ਪਰਿਵਾਰ ਦੀ ਕੁੜੀ ਵੱਲੋਂ ਆਪਣੀ ਮਰਜ਼ੀ ਨਾਲ ਕੋਰਟ ਮੈਰਿਜ ਕਰਵਾਏ ਜਾਣ ਤੋਂ ਖ਼ਫ਼ਾ ਪਰਿਵਾਰ ਵਾਲਿਆਂ ਨੇ ਮੁੰਡੇ ਦੇ ਪਰਿਵਾਰ ਦੇ ਦੋ ਨੌਜਵਾਨਾਂ ਨੂੰ ਅਗਵਾ ਕਰ ਲਿਆ। ਮਾਮਲਾ ਪਿੰਡ ਸੂਬਾ ਕਾਹਨ ਚੰਦ ਵਾਲਾ ਦਾ ਹੈ। ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਚੰਨਾ ਨੇ ਦੱਸਿਆ ਕਿ ਉਸ ਦੇ ਛੋਟੇ ਪੁੱਤਰ ਸੌਰਵ ਨੇ ਪਿੰਡ ਗੰਧੂ ਕਿਲਚਾ ਉਤਾੜ ਦੀ ਰਹਿਣ ਵਾਲੀ ਇਕ ਕੁੜੀ ਦੇ ਨਾਲ ਕੋਰਟ ਮੈਰਿਜ ਕਰਵਾਈ ਹੈ।

ਇਸ ਵਿਆਹ ਤੋਂ ਪਹਿਲਾਂ ਵੀ ਉਕਤ ਕੁੜੀ ਕਈ ਵਾਰ ਸੌਰਵ ਦੇ ਨਾਲ ਉਨ੍ਹਾਂ ਦੇ ਘਰ ਆਉਂਦੀ ਰਹੀ। ਜਿਸ ਨੂੰ ਉਹ ਸਮਝਾ ਕੇ ਵਾਪਸ ਭੇਜ ਦਿੰਦੇ ਸਨ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਦੋਹਾਂ ਵੱਲੋਂ ਕੋਰਟ ਮੈਰਿਜ ਕਰਵਾਏ ਜਾਣ ਤੋਂ ਖ਼ਫ਼ਾ ਕੁੜੀ ਦੇ ਪਰਿਵਾਰਕ ਦੇ ਮੈਂਬਰ ਅਵਤਾਰ ਸਿੰਘ, ਸੁਖਵੰਤ ਕੌਰ, ਲਵਪ੍ਰੀਤ ਸਿੰਘ, ਜਸਕਰਨ ਸਿੰਘ ਅਤੇ ਇੱਕ ਅਣਪਛਾਤ ਵਿਅਕਤੀ ਸ਼ਨੀਵਾਰ ਤੜਕੇ 3 ਵਜੇ ਉਨ੍ਹਾਂ ਦੇ ਘਰ ਆ ਗਏ ਅਤੇ ਉਸ ਦੇ ਵੱਡੇ ਪੁੱਤਰ ਪ੍ਰਿੰਸ ਅਤੇ ਜੋਬਨ ਨੂੰ ਹਥਿਆਰਾਂ ਦੇ ਜ਼ੋਰ ’ਤੇ ਅਗਵਾ ਕਰ ਕੇ ਲੈ ਗਏ ਅਤੇ ਧਮਕੀਆਂ ਦੇ ਕੇ ਗਏ ਕਿ ਉਨ੍ਹਾਂ ਦੀ ਕੁੜੀ ਵਾਪਸ ਕਰਨ ’ਤੇ ਹੀ ਉਹ ਮੁੰਡਿਆਂ ਨੂੰ ਛੱਡਣਗੇ। ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਪੰਜਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News