ਜ਼ਿਆਦਾ ਮੁਨਾਫ਼ੇ ਦਾ ਲਾਲਚ ਦੇ ਕੇ ਸਹੇਲੀ ਨੇ ਸਹੇਲੀ ਨੂੰ ਹੀ ਲਾਇਆ ਰਗੜਾ
Monday, Nov 11, 2024 - 06:29 AM (IST)
ਖਰੜ (ਰਣਬੀਰ) : ਜ਼ਿਲ੍ਹਾ ਪੁਲਸ ਮੁਖੀ ਦੀਆਂ ਹਦਾਇਤਾਂ 'ਤੇ ਹੋਟਲ ਕਾਰੋਬਾਰ ’ਚ ਪਾਰਟਨਰਸ਼ਿਪ ਰਾਹੀਂ ਵਧੀਆ ਮੁਨਾਫ਼ਾ ਕਮਾਉਣ ਦਾ ਲਾਲਚ ਦੇ ਕੇ ਆਪਣੀ ਹੀ ਸਹੇਲੀ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਵਾਲੀ ਇਕ ਔਰਤ ਖ਼ਿਲਾਫ਼ ਸਦਰ ਥਾਣਾ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਆਪਣੀ ਸ਼ਿਕਾਇਤ ’ਚ ਸੰਨੀ ਇਨਕਲੇਵ ਦੀ ਕੁਸੁਮ ਵਰਮਾ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਦੀ ਗੁਆਂਢਣ ਮੇਘਾ ਤਲਵਾੜ ਉਸ ਦੀ ਬਹੁਤ ਚੰਗੀ ਦੋਸਤ ਸੀ। ਉਸ ਨੂੰ ਦੱਸਿਆ ਸੀ ਕਿ ਉਸ ਨੇ ਸਿਮਸਾ, ਕਲਿਆਲ ਰੋਡ 'ਤੇ ਵ੍ਹਾਈਟ ਹਿੱਲ ਨਾਂ ਦਾ ਹੋਟਲ ਲੀਜ਼ 'ਤੇ ਲਿਆ ਹੋਇਆ ਹੈ ਜਿੱਥੋਂ ਉਸ ਨੂੰ ਵਧੀਆ ਕਮਾਈ ਹੁੰਦੀ ਹੈ। ਉਸ ਨੇ ਕੁਸੁਮ ਵਰਮਾ ਨੂੰ ਲਾਲਚ ਦਿੱਤਾ ਕਿ ਜੇਕਰ ਦੋਵੇਂ ਸਹੇਲੀਆਂ ਮਿਲ ਕੇ ਇਕ ਹੋਰ ਹੋਟਲ ਲੀਜ਼ ’ਤੇ ਲੈਂਦੀਆਂ ਹਨ ਤਾਂ ਮੁਨਾਫਾ ਵਧੀਆ ਹੋਵੇਗਾ।
ਇਹ ਵੀ ਪੜ੍ਹੋ : ਸਟੀਵ ਜਿਰਵਾ ਨੇ ਜਿੱਤੀ 'ਇੰਡੀਆਜ਼ ਬੈਸਟ ਡਾਂਸਰ' ਦੀ ਟਰਾਫੀ, ਇਨਾਮ 'ਚ ਮਿਲੇ ਲੱਖਾਂ ਰੁਪਏ ਤੇ ਲਗਜ਼ਰੀ ਕਾਰ
ਇਸ ਤਰ੍ਹਾਂ 60-40% ਦੀ ਪਾਰਟਨਰਸ਼ਿਪ ਦੇ ਹਿਸਾਬ ਨਾਲ ਇਕ ਹੋਟਲ ਦੇਖਣ ਲਈ ਕੁਸੁਮ ਵਰਮਾ ਨੂੰ ਮਨਾਲੀ ’ਚ ਬੁਲਾਇਆ ਗਿਆ। ਉੱਥੇ ਉਸ ਨੂੰ ਨੇਚਰ ਇਨ ਹੋਟਲ ਵਿਖਾਇਆ ਗਿਆ ਜੋ ਅਜੇ ਤਿਆਰ ਹੋ ਰਿਹਾ ਸੀ। ਇਸ ਹੋਟਲ ਨੂੰ ਲੀਜ਼ 'ਤੇ ਲੈਣ ਦੇ ਨਾਂ ’ਤੇ ਦੋ ਸਾਲ ਪਹਿਲਾਂ ਉਕਤ ਔਰਤ ਨੇ ਆਪਣੇ ਖਾਤੇ ’ਚ 3.60 ਲੱਖ ਰੁਪਏ ਟਰਾਂਸਫਰ ਕਰਵਾ ਲਏ। ਇਸ ਤੋਂ ਇਲਾਵਾ ਹੋਰ ਖ਼ਰਚਿਆਂ ਦੇ ਨਾਂ ’ਤੇ ਉਸ ਤੋਂ ਹੋਰ 40,000 ਰੁਪਏ ਵੀ ਵਸੂਲ ਕਰ ਲਏ।
ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਉਕਤ ਦੀ ਔਰਤ ਨੇ ਉਸ ਨੂੰ ਕਾਰੋਬਾਰ ’ਚ ਸ਼ਾਮਲ ਨਹੀਂ ਕੀਤਾ। ਵਾਰ-ਵਾਰ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਕੋਈ ਹੋਰ ਹੋਟਲ ਲੱਭ ਰਹੀ ਹੈ। ਜਦ ਮਿਲੇਗਾ ਤਾਂ ਲੀਜ਼ ’ਤੇ ਲੈ ਲਵਾਂਗੇ। ਤਦ ਤੱਕ ਉਸਨੇ ਮਾਮੂਲੀ ਪ੍ਰੋਫਿਟ ਦੇਣ ਦਾ ਵਾਅਦਾ ਕੀਤਾ, ਪਰ ਇਸ ਤੋਂ ਬਾਅਦ ਦੋਸ਼ੀ ਔਰਤ ਮੇਘਾ ਤਲਵਾੜ ਨੇ ਨਾ ਤਾਂ ਕੁਸੁਮ ਵਰਮਾ ਨੂੰ ਬਿਜ਼ਨਸ ’ਚ ਹਿੱਸੇਦਾਰ ਬਣਾਇਆ ਤੇ ਉਸ ਦੀ ਰਕਮ ਹੀ ਉਸ ਨੂੰ ਵਾਪਸ ਕੀਤੀ, ਉਲਟਾ ਉਸ ਦਾ ਫੋਨ ਤੱਕ ਚੁੱਕਣਾ ਬੰਦ ਕਰ ਦਿੱਤਾ। ਇਸ ਤਰ੍ਹਾਂ ਖੁਦ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ਦੀ ਮੁਕੰਮਲ ਜਾਂਚ ਤੋਂ ਬਾਅਦ ਉਕਤ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸਦਰ ਪੁਲਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8