ਪੰਜਾਬ ''ਚ ਬੱਬਰ ਖ਼ਾਲਸਾ ਦੇ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਮਗਰੋਂ ਪੁਲਸ ਦੀ ਲੋਕਾਂ ਨੂੰ ਅਪੀਲ

Wednesday, Nov 06, 2024 - 01:51 PM (IST)

ਪੰਜਾਬ ''ਚ ਬੱਬਰ ਖ਼ਾਲਸਾ ਦੇ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਮਗਰੋਂ ਪੁਲਸ ਦੀ ਲੋਕਾਂ ਨੂੰ ਅਪੀਲ

ਲੁਧਿਆਣਾ (ਰਾਜ): ਸ਼ਿਵਸੈਨਾ ਆਗੂ ਯੋਗੇਸ਼ ਬਖਸ਼ੀ ਅਤੇ ਹਰਕੀਰਤ ਸਿੰਘ ਖੁਰਾਣਾ ’ਤੇ ਹਮਲਾ ਵਿਦੇਸ਼ ’ਚ ਬੈਠੇ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਂਡਲਰ ਹਰਜੀਤ ਸਿੰਘ ਉਰਫ ਲਾਡੀ ਅਤੇ ਸਾਬੀ ਨੇ ਕਰਵਾਇਆ ਹੈ। ਹਮਲੇ ਲਈ ਉਸ ਨੇ ਨਵਾਂਸ਼ਹਿਰ ਦੇ ਰਹਿਣ ਵਾਲੇ 5 ਨੌਜਵਾਨਾਂ ਨੂੰ ਵਰਤਿਆ ਸੀ। ਪੁਲਸ ਨੇ 4 ਮੁਲਜ਼ਮਾਂ ਨੂੰ ਫੜ ਲਿਆ ਹੈ। ਉਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਇਹ ਸਾਰਾ ਖੁਲਾਸਾ ਹੋਇਆ ਹੈ। ਇਸ ਮਗਰੋਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਨਫ਼ਰਤ ਭਰਿਆ ਕੰਟੈਂਟ ਸਾਂਝਾ ਨਾ ਕਰਨ ਅਤੇ ਹੇਟ ਸਪੀਚ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਮੈਦਾਨ 'ਚ ਗਈ ਅਥਲੀਟ ਦੀ ਜਾਨ, Live Video ਆਈ ਸਾਹਮਣੇ

ਲੁਧਿਆਣਾ ਦੇ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸ਼ਿਵਸੈਨਾ ਨੇਤਾਵਾਂ ’ਤੇ ਹੋਏ ਹਮਲੇ ਦਾ ਕਾਰਨ ਕੁਝ ਹੋਰ ਨਹੀਂ, ਸਗੋਂ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੇਟ ਸਪੀਚ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ’ਤੇ ਅਜਿਹਾ ਕੋਈ ਕੰਟੈਂਟ ਸ਼ੇਅਰ ਨਾ ਕਰਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਹੇਟ ਸਪੀਚ ਦੇਣ, ਜਿਸ ਕਾਰਨ ਮਾਹੌਲ ਖਰਾਬ ਹੋਵੇ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਸ ਵੱਲੋਂ ਪਹਿਲਾਂ ਵੀ ਸੋਸ਼ਲ ਮੀਡੀਆ ’ਤੇ ਹੇਟ ਸਪੀਚ ਦੇਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਸੀ, ਜਿਸ ਦੇ ਤਹਿਤ 6 ਤੋਂ 7 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਸਨ। ਅੱਗੇ ਵੀ ਇਹ ਕਾਰਵਾਈ ਜਾਰੀ ਰਹੇਗੀ।

ਇੰਝ ਕਾਬੂ ਕੀਤੇ ਗਏ ਮੁਲਜ਼ਮ

ਪੁਲਸ ਵੱਲੋਂ ਉਕਤ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਜੇ ਇਨ੍ਹਾਂ ਦਾ 5ਵਾਂ ਸਾਥੀ ਲਵਪ੍ਰੀਤ ਸਿੰਘ ਉਰਫ ਮੋਨੂ ਬਾਬਾ ਫੜਿਆ ਜਾਣਾ ਬਾਕੀ ਹੈ। ਉਸ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ 15 ਦਿਨਾਂ ਦੇ ਵਕਫੇ ’ਚ ਦੋਵੇਂ ਵਾਰਦਾਤਾਂ ਕੀਤੀਆਂ ਸਨ। ਪਹਿਲੀ ਵਾਰਦਾਤ ਸਮੇਂ ਪੁਲਸ ਦੇ ਹੱਥ ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਲੱਗੀ ਸੀ, ਜਦੋਂਕਿ ਇਕ ਮੁਲਜ਼ਮ ਦਾ ਚਿਹਰਾ ਵੀ ਸਾਫ ਨਜ਼ਰ ਆ ਰਿਹਾ ਸੀ। ਫੁਟੇਜ ਦਾ ਪਿੱਛਾ ਕਰਦੇ ਹੋਏ ਪੁਲਸ ਰਾਹੋਂ ਰੋਡ ’ਤੇ ਪੁੱਜ ਗਈ ਸੀ।

ਅੱਗੇ ਸੀ. ਸੀ. ਟੀ. ਵੀ. ਕੈਮਰੇ ਨਾ ਹੋਣ ਕਾਰਨ ਪੁਲਸ ਦੀ ਜਾਂਚ ਉਥੇ ਹੀ ਰੁਕ ਗਈ ਸੀ ਪਰ ਜਦੋਂ ਮੁਲਜ਼ਮਾਂ ਨੇ ਗੁਰਕੀਰਤ ਸਿੰਘ ਖੁਰਾਣਾ ਦੇ ਘਰ ’ਤੇ ਪੈਟ੍ਰੋਲ ਬੰਬ ਸੁੱਟ ਕੇ ਦੂਜੀ ਵਾਰਦਾਤ ਕੀਤੀ ਤਾਂ ਪੁਲਸ ਦੀ ਜਾਂਚ ਅੱਗੇ ਵਧੀ ਕਿਉਂਕਿ ਮੁਲਜ਼ਮਾਂ ਨੇ ਦੋਵੇਂ ਹੀ ਵਾਰਦਾਤਾਂ ’ਚ ਇਕ ਹੀ ਬਾਈਕ ਵਰਤਿਆ, ਜਿਸ ਤੋਂ ਪੁਲਸ ਨੂੰ ਇਹ ਸਾਫ ਹੋ ਗਿਆ ਸੀ ਕਿ ਦੋਵੇਂ ਪਾਸੇ ਹਮਲਾ ਇਕ ਹੀ ਗਿਰੋਹ ਨੇ ਕੀਤਾ ਹੈ। ਡਲ ਟਾਊਨ ’ਚ ਹੋਏ ਹਮਲੇ ਤੋਂ ਬਾਅਦ ਪੁਲਸ ਨੇ ਸੀ. ਸੀ. ਟੀ. ਵੀ. ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਪਹਿਲੇ ਹਮਲੇ ’ਚ ਮੁਲਜ਼ਮ ਜਲੰਧਰ ਬਾਈਪਾਸ ਤੋਂ ਹੁੰਦੇ ਹੋਏ ਰਾਹੋਂ ਰੋਡ ਤੱਕ ਗਏ ਸਨ, ਜਦੋਂਕਿ ਦੂਜੇ ਹਮਲੇ ’ਚ ਫੁਟੇਜ ਦੇਖਣ ਤੋਂ ਪਤਾ ਲੱਗਾ ਕਿ ਮੁਲਜ਼ਮ ਲਾਡੋਵਾਲ ਟੋਲ ਪਲਾਜ਼ਾ ਤੋਂ ਹੁੰਦੇ ਹੋਏ ਪਹਿਲਾਂ ਫਿਲੌਰ, ਫਿਰ ਨਗਰ ਤੋਂ ਹੁੰਦੇ ਹੋਏ ਨਵਾਂਸ਼ਹਿਰ ਵੱਲ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਡਿਬਰੂਗੜ੍ਹ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ

ਇਸ ਰੂਟ ਦੀ ਜਾਂਚ ਦੌਰਾਨ ਮੁਲਜ਼ਮਾਂ ਦੇ ਬਾਈਕ ਦਾ ਨੰਬਰ (ਪੀ. ਬੀ. 32 ਏ. ਸੀ. 3770) ਪੁਲਸ ਦੇ ਹੱਥ ਲੱਗ ਗਿਆ, ਜਿਸ ਤੋਂ ਪੁਲਸ ਦੀ ਜਾਂਚ ਅੱਗੇ ਵਧੀ ਅਤੇ ਪੁਲਸ ਮੁਲਜ਼ਮਾਂ ਦੀ ਭਾਲ ਕਰਦੇ ਹੋਏ ਨਵਾਂਸ਼ਹਿਰ ਦੇ ਰਾਹੋਂ ਤੱਕ ਪੁੱਜ ਗਈ, ਜਿਥੋਂ ਮੁਲਜ਼ਮਾਂ ਦੀ ਪਛਾਣ ਹੋਈ ਅਤੇ ਇਕ ਤੋਂ ਬਾਅਦ ਇਕ ਪੁਲਸ ਨੇ 4 ਮੁਲਜ਼ਮਾਂ ਨੂੰ ਦਬੋਚ ਲਿਆ।

ਵਿਦੇਸ਼ ’ਚ ਬੈਠਾ ਇਨਾਮੀ ਅੱਤਵਾਦੀ ਹਰਜੀਤ ਸਿੰਘ ਲਾਡੀ ਹਮਲੇ ਦਾ ਮਾਸਟਰ ਮਾਈਂਡ

ਸੀ. ਪੀ. ਚਾਹਲ ਮੁਤਾਬਕ ਇਹ ਹਮਲਾ ਵਿਦੇਸ਼ ’ਚ ਬੈਠੇ ਬੱਬਰ ਖਾਲਸਾ ਦੇ ਹੈਂਡਲਰ ਹਰਜੀਤ ਸਿੰਘ ਲਾਡੀ ਅਤੇ ਸਾਬੀ ਦੇ ਇਸ਼ਾਰੇ ’ਤੇ ਹੋਇਆ ਸੀ, ਜੋ ਕਿ ਲਾਡੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦਾ ਲੋੜੀਂਦਾ ਅਪਰਾਧੀ ਵੀ ਹੈ। ਐੱਨ. ਆਈ. ਏ. ਨੇ ਮੁਲਜ਼ਮ ਲਾਡੀ ’ਤੇ 10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਹੈ। ਮੁਲਜ਼ਮ ਲਾਡੀ ਨੰਗਲ ਵਿਚ ਹੋਏ ਹਿੰਦੂ ਨੇਤਾ ਵਿਕਾਸ ਪ੍ਰਭਾਕਰ ਦੇ ਕਤਲ ’ਚ ਵੀ ਸ਼ਾਮਲ ਸੀ। ਲਾਡੀ ਨੇ ਮਨੀਸ਼ ਦੇ ਜ਼ਰੀਏ ਬਾਕੀ ਮੁਲਜ਼ਮਾਂ ਨੂੰ ਹਾਇਰ ਕੀਤਾ ਸੀ। ਉਨ੍ਹਾਂ ਨੂੰ ਮਾਮੂਲੀ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਇਹ ਹਮਲਾ ਕਰਵਾਇਆ ਸੀ।

ਦੋਵੇਂ ਹਮਲਿਆਂ ’ਚ 2 ਮੁਲਜ਼ਮ ਰਹੇ ਕਾਮਨ, ਤੀਜੇ ਨੂੰ ਬਦਲਿਆ ਸੀ

ਸੀ. ਪੀ. ਚਾਹਲ ਨੇ ਦੱਸਿਆ ਕਿ ਯੋਗੇਸ਼ ਬਖਸ਼ੀ ਦੇ ਘਰ ਹੋਏ ਪਹਿਲੇ ਹਮਲੇ ’ਚ ਰਵਿੰਦਰਪਾਲ ਸਿੰਘ ਅਤੇ ਅਨਿਲ ਸ਼ਾਮਲ ਸਨ। ਜਦੋਂਕਿ ਉਨ੍ਹਾਂ ਨਾਲ ਜਸਵਿੰਦਰ ਸਿੰਘ ਵੀ ਸੀ ਪਰ ਉਸ ਨੂੰ ਗਲੀ ਦੇ ਬਾਹਰ ਖੜ੍ਹਾ ਕਰ ਕੇ ਬਾਕੀ ਦੋਵੇਂ ਮੁਲਜ਼ਮਾਂ ਨੇ ਆ ਕੇ ਪੈਟ੍ਰੋਲ ਬੰਬ ਬਖਸ਼ੀ ਦੇ ਘਰ ਦੇ ਬਾਹਰ ਸੁੱਟਿਆ ਸੀ, ਜਦੋਂਕਿ ਹਰਕੀਰਤ ਖੁਰਾਣਾ ਦੇ ਘਰ ’ਤੇ ਹੋਏ ਦੂਜੇ ਹਮਲੇ ’ਚ ਰਵਿੰਦਰਪਾਲ ਸਿੰਘ ਅਤੇ ਅਨਿਲ ਨਾਲ ਲਵਪ੍ਰੀਤ ਸਿੰਘ ਵੀ ਸ਼ਾਮਲ ਸੀ। ਉਸ ਹਮਲੇ ’ਚ ਜਸਵਿੰਦਰ ਨਾਲ ਨਹੀਂ ਸੀ।

ਮੁਲਜ਼ਮ ਮਨੀਸ਼ ਸਾਹਿਦ, ਵਿਦੇਸ਼ ’ਚ ਬੈਠੇ ਲਾਡੀ ਅਤੇ ਸਾਬੀ ਦੇ ਸੰਪਰਕ ’ਚ ਸੀ

ਪੁਲਸ ਦਾ ਕਹਿਣਾ ਹੈ ਕਿ ਫੜਿਆ ਗਿਆ ਮੁਲਜ਼ਮ ਮਨੀਸ਼ ਸਾਹਿਦ ਉਰਫ ਸੰਜੂ ਵਿਦੇਸ਼ ਬੈਠੇ ਹਰਜੀਤ ਸਿੰਘ ਲਾਡੀ ਅਤੇ ਸਾਬੀ ਦੇ ਨਾਲ ਸਿੱਧਾ ਸੰਪਰਕ ’ਚ ਸੀ, ਕਿਉਂਕਿ ਲਾਡੀ ਅਤੇ ਸਾਬੀ ਵੀ ਦੋਵੇਂ ਨਵਾਂਸ਼ਹਿਰ ਦੇ ਰਹਿਣ ਵਾਲੇ ਹਨ। ਇਸ ਲਈ ਉਹ ਪਹਿਲਾਂ ਹੀ ਇਕ-ਦੂਜੇ ਨੂੰ ਜਾਣਦੇ ਸਨ। ਲਾਡੀ ਦੇ ਕਹਿਣ ’ਤੇ ਮਨੀਸ਼ ਨੇ ਪੈਸਿਆਂ ਦਾ ਲਾਲਚ ਦੇ ਕੇ ਰਵਿੰਦਰ, ਲਵਪ੍ਰੀਤ ਅਤੇ ਅਨਿਲ ਨੂੰ ਆਪਣੇ ਨਾਲ ਮਿਲਵਾਇਆ ਸੀ, ਜਦੋਂਕਿ ਰਵਿੰਦਰ ਨੂੰ ਜਸਵਿੰਦਰ ਇਕ ਵਿਆਹ ਸਮਾਗਮ ’ਚ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ’ਚ ਦੋਸਤੀ ਹੋ ਗਈ ਸੀ ਅਤੇ ਪਹਿਲੀ ਵਾਰਦਾਤ ਸਮੇਂ ਉਹ ਜਸਵਿੰਦਰ ਨੂੰ ਵੀ ਆਪਣੇ ਨਾਲ ਲੈ ਗਏ ਸਨ। ਰਵਿੰਦਰਪਾਲ ਅਤੇ ਅਨਿਲ ਕੁਮਾਰ ਖਿਲਾਫ ਨਵਾਂਸ਼ਹਿਰ ’ਚ ਪਹਲਿਾਂ ਵੀ 2-2 ਕੇਸ ਦਰਜ ਹਨ। ਉਨ੍ਹਾਂ ਕੇਸਾਂ ’ਚੋਂ ਦੋਵੇਂ ਮੁਲਜ਼ਮ 3 ਮਹੀਨੇ ਪਹਿਲਾਂ ਹੀ ਜੇਲ ’ਚੋਂ ਜ਼ਮਾਨਤ ’ਤੇ ਬਾਹਰ ਆਏ ਸਨ।

ਇਹ ਖ਼ਬਰ ਵੀ ਪੜ੍ਹੋ - ਸੁਪਰੀਮ ਕੋਰਟ 'ਚ ਪੁੱਜਾ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦਾ ਮਾਮਲਾ

ਇਨ੍ਹਾਂ ਅਧਿਕਾਰੀਆਂ ਨੇ ਸੁਲਝਾਇਆ ਹਾਈ-ਪ੍ਰੋਫਾਈਲ ਕੇਸ

ਪੁਲਸ ਕਮਿਸ਼ਨਰ ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ ਡੀ. ਸੀ. ਪੀ. ਕ੍ਰਾਈਮ ਸ਼ੁਭਮ ਅਗਰਵਾਲ ਅਤੇ ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਸਿਮਰਤਪਾਲ ਸਿੰਘ ਢੀਂਡਸਾ ਦੀ ਦੇਖ-ਰੇਖ ’ਚ ਵੱਖ-ਵੱਖ ਟੀਮਾਂ ਬਣਾਈਆਂ ਸਨ, ਜਿਸ ਵਿਚ ਏ. ਡੀ. ਸੀ. ਪੀ. ਅਮਨਦੀਪ ਸਿੰਘ ਬਰਾੜ, ਏ. ਡੀ. ਸੀ. ਪੀ. ਰਮਨਦੀਪ ਸਿੰਘ ਭੁੱਲਰ, ਏ. ਸੀ. ਪੀ. ਆਕਰਸ਼ਿਤ ਜੈਨ, ਏ. ਸੀ. ਪੀ. ਗੁਰਦੇਵ ਸਿੰਘ, ਸੀ. ਆਈ. ਏ. ਦੀਆਂ ਟੀਮਾਂ ਅਤੇ ਥਾਣਾ ਮਾਡਲ ਟਾਊਨ ਅਤੇ ਪੀ. ਏ. ਯੂ. ਦੇ ਮੈਂਬਰ ਸ਼ਾਮਲ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News