ਨਵੀਂ ਦੀ ਜਗ੍ਹਾ ਦਿੱਤੀ ਚਲੀ ਹੋਈ ਕਾਰ, ਹੁਣ ਦੇਣਾ ਹੋਵੇਗਾ ਜੁਰਮਾਨਾ

Wednesday, Nov 01, 2017 - 10:50 PM (IST)

ਭਿਲਾਈ(ਇੰਟ.)-ਜ਼ਿਲਾ ਖਪਤਕਾਰ ਫੋਰਮ ਨੇ ਕਾਰ ਏਜੰਸੀ ਤੇ ਚੇਨਈ ਦੇ ਮੈਨੇਜਿੰਗ ਡਾਇਰੈਕਟਰ ਖਿਲਾਫ ਫੈਸਲਾ ਸੁਣਾਇਆ ਹੈ। ਖਪਤਕਾਰ ਵੱਲੋਂ ਨਵੀਂ ਕਾਰ ਖਰੀਦਣ ਦੇ ਕੁਝ ਦਿਨਾਂ ਬਾਅਦ ਹੀ ਕਾਰ 'ਚ ਤਕਨੀਕੀ ਖਰਾਬੀ ਆ ਗਈ। ਪਤਾ ਲੱਗਾ ਹੈ ਕਿ ਉਹ ਕਾਰ ਪੁਰਾਣੀ ਹੈ। ਫੋਰਮ ਨੇ ਕਾਰ ਨੂੰ ਵਾਪਸ ਲੈ ਕੇ ਕੀਮਤ ਦੇਣ ਦਾ ਹੁਕਮ ਦਿੱਤਾ ਹੈ। ਨਾਲ ਹੀ ਮਾਨਸਿਕ ਨੁਕਸਾਨ ਦੇ ਤੌਰ 'ਤੇ 3 ਲੱਖ ਰੁਪਏ ਦਾ ਜੁਰਮਾਨਾ ਦੇਣ ਦਾ ਵੀ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਤਿਰਲੋਕ ਸੋਨੀ ਨਿਵਾਸੀ ਬ੍ਰਾਹਮਣ ਪਾਰਾ ਦੁਰਗ ਨੇ ਸ਼ੋਅਰੂਮ ਤੋਂ 20 ਜੁਲਾਈ 2016 ਨੂੰ ਕਾਰ ਖਰੀਦੀ ਸੀ। ਕਾਰ ਖਰੀਦਣ ਦੇ ਬਾਅਦ ਉਸ ਨੂੰ ਪਤਾ ਲੱਗਾ ਕਿ ਸ਼ੋਅਰੂਮ ਤੋਂ ਲਈ ਗਈ ਕਾਰ 755 ਕਿ. ਮੀ. ਚਲੀ ਹੋਈ ਹੈ। ਇਸ ਦੇ ਨਾਲ ਹੀ ਕਾਰ ਦੇ ਇੰਜਣ 'ਚ ਤਕਨੀਕੀ ਖਰਾਬੀ ਹੈ। ਉਸਨੇ ਆਪਣਾ ਇਤਰਾਜ਼ ਦਰਜ ਕਰਵਾਇਆ। ਇਸ ਇਤਰਾਜ਼ ਦੇ ਬਾਅਦ ਕਾਰ ਨੂੰ ਐਕਸਚੇਂਜ ਕਰ ਕੇ ਉਸ ਤੋਂ ਉੱਚੇ ਮਾਡਲ ਦੀ ਕਾਰ ਡਸਟਰ ਆਰ. ਐਕਸ. ਐੱਲ. ਦੇਣ 'ਤੇ ਸਹਿਮਤੀ ਬਣੀ। ਖਰੀਦਦਾਰ ਨੇ ਜ਼ਿਆਦਾ ਰਾਸ਼ੀ ਦਾ ਭੁਗਤਾਨ ਕਰ ਦਿੱਤਾ। ਇਸ ਦੇ ਬਾਅਦ ਕੁਝ ਰਾਸ਼ੀ ਦਾ ਇਨਵਾਇਸ ਦੇਣ ਤੋਂ ਡੀਲਰ ਨੇ ਮਨਾ ਕਰ ਦਿੱਤਾ ਸੀ। ਕਾਰ ਦੇ ਇੰਸ਼ੋਰੈਂਸ ਸਬੰਧੀ ਦਿੱਤੇ ਗਏ ਦਸਤਾਵੇਜ਼ 'ਚ ਡਸਟਰ,  ਆਰ. ਐਕਸ. ਐੱਲ. ਦੀ ਜਗ੍ਹਾ ਮਾਡਲ ਆਰ. ਐਕਸ. ਈ. ਸੀ। ਇਸਦੇ ਇਲਾਵਾ ਆਰ. ਐਕਸ. ਐੱਲ. ਮਾਡਲ 'ਚ ਕਾਰ ਦੇ ਨਾਲ ਨਿਊ ਫਾਇਰ ਫੌਗ ਲੈਂਪ, 2 ਟੋਨ ਬਾਡੀ ਕਲਰਡ ਫਰੰਟ ਬੰਪਰ ਨਹੀਂ ਲੱਗੇ ਸਨ। ਇਸ ਦੀ ਜਾਣਕਾਰੀ ਦੇਣ 'ਤੇ ਬੀਮਾ 'ਚ ਅੰਕਿਤ ਗਲਤੀ ਨੂੰ ਸੁਧਾਰ ਕਰ ਕੇ ਦੇਣ ਦੇ ਨਾਲ ਦੋਵੇਂ ਫੀਚਰਸ ਲਾ ਕੇ ਦੇਣ ਦਾ ਭਰੋਸਾ ਦਿੱਤਾ ਗਿਆ, ਜਿਸ ਨੂੰ ਪੂਰਾ ਨਹੀਂ ਕੀਤਾ ਗਿਆ।
ਇਹ ਕਿਹਾ ਫੋਰਮ ਨੇ 
ਖਪਤਕਾਰ ਫੋਰਮ ਦੇ ਪ੍ਰਧਾਨ ਮੈਤ੍ਰੇਯੀ ਮਾਥੁਰ ਨੇ ਸ਼ੋਅਰੂਮ ਸੰਚਾਲਕ ਅਤੇ ਵਾਹਨ ਨਿਰਮਾਤਾ ਕੰਪਨੀ ਦੇ ਇਸ ਕੰਮ ਨੂੰ ਸੇਵਾ 'ਚ ਕਮੀ ਮੰਨਿਆ। ਫੋਰਮ ਨੇ ਦੋਵਾਂ ਨੂੰ ਇਕ ਮਹੀਨੇ ਦੀ ਮਿਆਦ 'ਚ ਕਾਰ ਨੂੰ ਵਾਪਸ ਲੈ ਕੇ ਉਸਦੇ ਲਈ ਵਸੂਲ ਕੀਤੀ ਗਈ ਕੀਮਤ 12,46,707 ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਇਲਾਵਾ ਇਸ ਪ੍ਰਕਿਰਿਆ ਨਾਲ ਖਪਤਕਾਰ ਨੂੰ ਹੋਏ ਮਾਨਸਿਕ ਨੁਕਸਾਨ ਦੇ ਰੂਪ 'ਚ 3 ਲੱਖ ਰੁਪਏ ਅਤੇ ਮੁਕੱਦਮਾ ਖਰਚ ਦੇ ਤੌਰ 'ਤੇ 10 ਹਜ਼ਾਰ ਰੁਪਏ ਦੇਣ ਨੂੰ ਕਿਹਾ।


Related News