ਜਲੰਧਰ ''ਚ 200 ਘਰਾਂ ਨੂੰ ਨੋਟਿਸ ਜਾਰੀ, ਹੋਣਗੇ ਚਲਾਨ ਤੇ ਦੇਣਾ ਪਵੇਗਾ ਜੁਰਮਾਨਾ, ਜਾਣੋ ਕਿਉਂ
Thursday, Sep 12, 2024 - 04:19 PM (IST)
ਜਲੰਧਰ (ਖੁਰਾਣਾ)–ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੂੜੇ ਦੇ ਮਾਮਲੇ ਵਿਚ ਜਲੰਧਰ ਨਗਰ ਨਿਗਮ ’ਤੇ ਕਰੋੜਾਂ ਦਾ ਵਾਤਾਵਰਣ ਜੁਰਮਾਨਾ ਠੋਕ ਰੱਖਿਆ ਹੈ ਅਤੇ ਇਸ ਮਾਮਲੇ ਵਿਚ ਐੱਨ. ਜੀ. ਟੀ. ਦੇ ਸਾਫ਼ ਨਿਰਦੇਸ਼ ਹਨ ਕਿ ਹੁਣ ਵੀ ਜੇਕਰ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਵਿਚ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਨੂੰ ਲਾਗੂ ਨਾ ਕੀਤਾ ਤਾਂ ਜਲੰਧਰ ਨਿਗਮ ਦੇ ਵੱਡੇ ਅਧਿਕਾਰੀਆਂ ’ਤੇ ਕ੍ਰਿਮੀਨਲ ਕੇਸ ਦਰਜ ਕਰਵਾਏ ਜਾਣਗੇ। ਐੱਨ. ਜੀ. ਟੀ. ਦੀ ਇਸ ਸਖ਼ਤੀ ਤੋਂ ਬਾਅਦ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ਅਤੇ ਕੂੜੇ ਦੀ ਪ੍ਰੋਸੈਸਿੰਗ ਆਦਿ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਸਖ਼ਤੀ ਕੀਤੀ ਗਈ ਅਤੇ ਲਗਭਗ 200 ਅਜਿਹੇ ਘਰਾਂ ਨੂੰ ਨੋਟਿਸ ਜਾਰੀ ਕੀਤੇ ਗਏ, ਜੋ ਆਪਣੇ ਘਰ ਦਾ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਨਹੀਂ ਦੇ ਰਹੇ ਸਨ।
ਇਹ ਨੋਟਿਸ ਰਾਮਾ ਮੰਡੀ ਇਲਾਕੇ, ਆਬਾਦਪੁਰਾ, ਮਾਡਲ ਟਾਊਨ, ਗੌਤਮ ਨਗਰ ਅਤੇ ਹੋਰ ਇਲਾਕਿਆਂ ਵਿਚ ਕੱਟੇ ਗਏ। ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤਹਿਤ ਆਉਂਦੇ ਵਾਰਡ ਨੰਬਰ 76 ਅਤੇ 77 ਦੇ 48 ਘਰਾਂ ਨੂੰ ਅਜਿਹੇ ਨੋਟਿਸ ਜਾਰੀ ਕੀਤੇ ਗਏ। ਜਿੱਥੇ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ, ਸੈਨੇਟਰੀ ਸੁਪਰਵਾਈਜ਼ਰ ਅਮਿਤ ਗਿੱਲ, ਸਤੀਸ਼ ਪਦਮ, ਮੋਟੀਵੇਟਰ ਯੋਗੇਸ਼ ਅਤੇ ਰੋਹਿਤ ਨੇ ਗੌਤਮ ਨਗਰ ਅਤੇ ਚੂਨਾ ਭੱਠੀ ਰੋਡ ਦੇ ਕਈ ਘਰਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੂੰ ਚਿਤਾਵਨੀ ਵਜੋਂ ਨੋਟਿਸ ਜਾਰੀ ਕੀਤੇ। ਸ਼੍ਰੀ ਭੀਲ ਨੇ ਸਾਰੇ ਘਰਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਡਸਟਬਿਨ ਰੱਖਣ।
ਇਹ ਵੀ ਪੜ੍ਹੋ- ਸਾਵਧਾਨ ! ਪੰਜਾਬ 'ਚ ਲਗਾਤਾਰ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਕਰੋ ਬਚਾਅ
ਅਗਲੀ ਵਾਰ ਚਲਾਨ ਕੱਟਣਗੇ, ਭਰਨਾ ਹੋਵੇਗਾ ਜੁਰਮਾਨਾ
ਨਗਰ ਨਿਗਮ ਦੇ ਹੈਲਥ ਆਫਿਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਐੱਨ. ਜੀ. ਟੀ. ਦੀਆਂ ਗਾਈਡਲਾਈਨਜ਼ ਮੁਤਾਬਕ ਸ਼ਹਿਰ ਦੇ ਸਾਰੇ ਘਰਾਂ, ਵਪਾਰਕ ਅਤੇ ਕਮਰਸ਼ੀਅਲ ਸੰਸਥਾਵਾਂ ਨੂੰ ਆਪਣਾ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਨਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਅਜਿਹੇ ਘਰਾਂ ਨੂੰ ਚਿਤਾਵਨੀ ਵਜੋਂ ਨੋਟਿਸ ਜਾਰੀ ਕੀਤੇ ਗਏ ਹਨ। ਹੁਣ ਅਗਲੀ ਵਾਰ ਜੇਕਰ ਉਨ੍ਹਾਂ ਘਰਾਂ ਵਿਚ ਮਿਕਸ ਕੂੜਾ ਪਾਇਆ ਗਿਆ ਤਾਂ ਚਲਾਨ ਕੱਟੇ ਜਾਣਗੇ, ਜਿਸ ਦਾ ਜੁਰਮਾਨਾ ਉਨ੍ਹਾਂ ਨੂੰ ਭਰਨਾ ਹੋਵੇਗਾ।
ਡਾ. ਸ਼੍ਰੀਕ੍ਰਿਸ਼ਨ ਨੇ ਕਿਹਾ ਕਿ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਨਿਰਦੇਸ਼ਾਂ ’ਤੇ ਹੁਣ ਸਾਰੇ ਢਾਬਾ, ਰੈਸਟੋਰੈਂਟ ਅਤੇ ਹੋਟਲ ਸੰਚਾਲਕਾਂ ਨੂੰ ਵੀ ਖੁਦ ਆਪਣਾ ਕੂਡ਼ਾ ਪ੍ਰੋਸੈੱਸ ਕਰਨਾ ਹੋਵੇਗਾ ਅਤੇ ਜਿਨ੍ਹਾਂ ਦੇ ਕੰਪਲੈਕਸਾਂ ਵਿਚੋਂ 50 ਕਿਲੋ ਤੋਂ ਜ਼ਿਆਦਾ ਕੂੜਾ ਨਿਕਲਦਾ ਹੈ, ਉਨ੍ਹਾਂ ਨੂੰ ਬਲਕ ਵੇਸਟ ਜੈਨਰੇਟਰ ਦੀ ਸ਼੍ਰੇਣੀ ਵਿਚ ਰੱਖ ਕੇ ਨਿਗਮ ਉਨ੍ਹਾਂ ਦਾ ਕੂੜਾ ਚੁੱਕਣ ਤੋਂ ਇਨਕਾਰ ਕਰ ਸਕਦਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਆਪਣੇ ਕੰਪਲੈਕਸ ਵਿਚ ਹੀ ਆਪਣਾ ਕੂੜਾ ਮੈਨੇਜ ਕਰਨਾ ਹੋਵੇਗਾ।
ਇਹ ਵੀ ਪੜ੍ਹੋ-PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼
ਸੋਢਲ ਮੇਲੇ ’ਤੇ ਰਹੇਗਾ ਵਿਸ਼ੇਸ਼ ਫੋਕਸ
ਇਸ ਵਾਰ ਨਗਰ ਨਿਗਮ ਦੀਆਂ ਟੀਮਾਂ ਕੁਝ ਹੀ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਹੇ ਸੋਢਲ ਮੇਲੇ ’ਤੇ ਵਿਸ਼ੇਸ਼ ਫੋਕਸ ਕਰਨਗੀਆਂ ਤਾਂ ਕਿ ਉਥੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾ ਸਕੇ ਅਤੇ ਮੇਲੇ ਨੂੰ ਪਾਲੀਥੀਨ ਫ੍ਰੀ ਬਣਾਇਆ ਜਾ ਸਕੇ। ਇਸਦੇ ਲਈ ਤਹਿਬਾਜ਼ਾਰੀ ਅਤੇ ਹੈਲਥ ਵਿਭਾਗ ਦੀਆਂ ਟੀਮਾਂ ਹਰ ਦੁਕਾਨ ’ਤੇ ਜਾ ਕੇ ਪਲਾਸਟਿਕ ਦੇ ਲਿਫ਼ਾਫ਼ਿਆਂ ਸਬੰਧੀ ਚੈਕਿੰਗ ਕਰ ਰਹੀਆਂ ਹਨ ਅਤੇ ਅੱਜ ਵੀ ਕਈ ਥਾਵਾਂ ਤੋਂ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ਕੀਤੇ ਗਏ। ਆਉਣ ਵਾਲੇ ਦਿਨਾਂ ਵਿਚ ਵੀ ਇਹ ਚੈਕਿੰਗ ਜਾਰੀ ਰਹੇਗੀ। ਲੰਗਰ ਸੰਸਥਾਵਾਂ ’ਤੇ ਵੀ ਸਖ਼ਤੀ ਕੀਤੀ ਜਾ ਸਕਦੀ ਹੈ ਤਾਂ ਜੋ ਉਹ ਵੀ ਪਾਬੰਦੀਸ਼ੁਦਾ ਕ੍ਰਾਕਰੀ ਅਤੇ ਡਿਸਪੋਜ਼ੇਬਲ ਆਈਟਮਾਂ ਦੀ ਵਰਤੋਂ ਨਾ ਕਰਨ।
ਇਹ ਵੀ ਪੜ੍ਹੋ-ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ