ਤੁਰੰਤ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਰਹੀ ਸੜਕ ਸੁਰੱਖਿਆ ਫ਼ੋਰਸ, ਬੱਚ ਰਹੀਆਂ ਕੀਮਤੀ ਜਾਨਾਂ
Monday, Sep 16, 2024 - 04:16 PM (IST)

ਜਲੰਧਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ। SSF ਪੰਜਾਬ ਦੀਆਂ ਸੜਕਾਂ 'ਤੇ ਹਾਦਸਾ ਪੀੜਤਾਂ ਨੂੰ ਫੌਰੀ ਮਦਦ ਪ੍ਰਦਾਨ ਕਰ ਕੇ ਮੌਤਾਂ ਨੂੰ ਘਟਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਸਦਕਾ ਹੀ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 45 ਫ਼ੀਸਦੀ ਕਮੀ ਆਈ ਹੈ।
ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ 5500 ਕਿਲੋਮੀਟਰ ਸੜਕਾਂ ਦੀ ਨਿਗਰਾਨੀ ਕਰ ਰਹੀ ਹੈ। ਸੜਕ ਸੁਰੱਖਿਆ ਫੋਰਸ ਨੂੰ ਸੜਕਾਂ ਦੀ ਕੁਸ਼ਲਤਾ ਨਾਲ ਨਿਗਰਾਨੀ ਕਰਨ ਲਈ ਪਹਿਲੇ ਪੜਾਅ ਵਿਚ 144 ਅਤਿ ਆਧੁਨਿਕ ਵਾਹਨ ਦਿੱਤੇ ਗਏ ਹਨ। ਇਹ ਉਹੀ ਵਾਹਨ ਹਨ ਜਿਨ੍ਹਾਂ ਦੀ ਵਰਤੋਂ ਦੁਬਈ ਦੀ ਪੁਲਸ ਵੱਲੋਂ ਵੀ ਕੀਤੀ ਜਾਂਦੀ ਹੈ। ਇਨ੍ਹਾਂ ਵਾਹਨਾਂ ਵਿਚ 116 ਟੋਇਟਾ ਹਿਲਕਸ ਅਤੇ 28 ਮਹਿੰਦਰਾ ਸਕਾਰਪੀਓ ਸ਼ਾਮਲ ਹਨ ਅਤੇ ਸੜਕਾਂ ਦੀ ਨਿਗਰਾਨੀ ਲਈ ਇਹ ਵਾਹਨ ਹਰ 30 ਕਿਲੋਮੀਟਰ ਦੇ ਵਕਫ਼ੇ ਨਾਲ ਤਾਇਨਾਤ ਕੀਤੇ ਗਏ ਹਨ।
ਸੜਕ ਸੁਰੱਖਿਆ ਫ਼ੋਰਸ ਦੀ ਸ਼ੁਰੂਆਤ ਤੋਂ ਪਹਿਲਾਂ ਹਰ ਦਿਨ 17 ਤੋਂ 18 ਲੋਕਾਂ ਦੀ ਸੜਕ ਹਾਦਸੇ ਵਿਚ ਮੌਕੇ 'ਤੇ ਹੀ ਮੌਤ ਹੋ ਜਾਂਦੀ ਸੀ। ਹਰ ਸਾਲ ਤਕਰੀਬਨ 7 ਹਜ਼ਾਰ ਲੋਕ ਸੜਕ ਹਾਦਸਿਆਂ ਵਿਚ ਜਾਨ ਗੁਆ ਦਿੰਦੇ ਸਨ। ਇਸ ਗਿਣਤੀ ਨੂੰ ਘਟਾਉਣ ਲਈ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ। ਆਧੁਨਿਕ ਵਾਹਨਾਂ ਦੇ ਨਾਲ ਲੈਸ ਇਸ ਫੋਰਸ ਕੋਲ ਗੈਸ ਕਟਰ, ਫਸਟ ਏਡ ਕਿਟ, ਟੋਚਨ ਸਮੇਤ ਹੋਰ ਸਾਰਾ ਲੋੜੀਂਦਾ ਸਾਮਾਨ ਮੌਜੂਦ ਹੈ। ਫ਼ੋਰਸ ਦੇ ਮੁਲਾਜ਼ਮ ਹਾਦਸੇ ਵਾਲੀ ਜਗ੍ਹਾ ਤੋਂ ਸਭ ਤੋਂ ਨੇੜਲੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਦੇ ਸੰਪਰਕ ਵਿਚ ਰਹਿੰਦੇ ਹਨ ਤੇ ਹਾਦਸਾ ਪੀੜਤਾਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਜਾਂਦਾ ਹੈ।
ਇਸ ਸਬੰਧੀ ਗੁਰਾਇਆ ਦੇ ਰਹਿਣ ਵਾਲੇ ਗੁਰਪ੍ਰੀਤ ਰਾਮ ਨੇ ਦੱਸਿਆ ਕਿ ਉਸ ਦਾ ਆਪਣੇ ਪਿੰਡ ਵੱਲ ਜਾਂਦੇ ਹਾਦਸਾ ਹੋ ਗਿਆ ਸੀ। ਸੜਕ ਸੁਰੱਖਿਆ ਫ਼ੋਰਸ ਨੇ ਤੁਰੰਤ ਮੌਕੇ 'ਤੇ ਆ ਕੇ ਉਸ ਦੀ ਜਾਨ ਬਚਾਈ। ਫੋਰਸ ਵਾਲੇ ਉਸ ਨੂੰ ਹਸਪਤਾਲ ਲੈ ਗਏ ਤੇ ਇਲਾਜ ਕਰਵਾਇਆ। ਉਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਤੋਂ ਬਾਅਦ ਦੁਬਾਰਾ ਵੀ ਟੀਮ ਭੇਜ ਕੇ ਉਸ ਦਾ ਹਾਲ ਚਾਲ ਪੁੱਛਿਆ ਗਿਆ। ਗੁਰਪ੍ਰੀਤ ਰਾਮ ਨੇ ਇਸ ਸਭ ਲਈ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ ਤੇ ਸਰਕਾਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਹਰ ਸਾਲ ਤਕਰੀਬਨ 7 ਹਜ਼ਾਰ ਲੋਕ ਸੜਕ ਹਾਦਸੇ ਵਿਚ ਜਾਨ ਗੁਆ ਦਿੰਦੇ ਸਨ। ਜੇ ਸੜਕ ਸੁਰੱਖਿਆ ਫ਼ੋਰਸ ਰਾਹੀਂ ਹਰ ਸਾਲ ਜੇ 50 ਫ਼ੀਸਦੀ ਮੌਤਾਂ ਵੀ ਘਟਦੀਆਂ ਹਨ ਤਾਂ ਇਸ ਨਾਲ 3500 ਜ਼ਿੰਦਗੀਆਂ ਬੱਚ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੋ ਸਕਦਾ।