ਕਰਜ਼ੇ ਦੇ ਬੋਝ ਥੱਲ੍ਹੇ ਦੱਬੀ VodaFone-Idea 'ਤੇ ਲੱਗਾ ਲੱਖਾਂ ਰੁਪਏ ਦਾ ਜੁਰਮਾਨਾ

Saturday, Sep 11, 2021 - 06:19 PM (IST)

ਨਵੀਂ ਦਿੱਲੀ - ਪਹਿਲਾਂ ਤੋਂ ਹੀ ਭਾਰੀ ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਰਾਜਸਥਾਨ ਵਿੱਚ ਆਈ.ਟੀ.(ਸੂਚਨਾ ਤਕਨਾਲੋਜੀ) ਵਿਭਾਗ ਨੇ ਵੋਡਾਫੋਨ-ਆਈਡੀਆ ਨੂੰ ਇੱਕ ਮਾਮਲੇ ਵਿੱਚ ਆਪਣੇ ਇੱਕ ਗਾਹਕ ਨੂੰ 27.5 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ। ਇਸ ਵਿੱਚ 2.31 ਲੱਖ ਰੁਪਏ ਦਾ ਵਿਆਜ ਸ਼ਾਮਲ ਹੈ। ਜੇ ਕੰਪਨੀ ਇੱਕ ਮਹੀਨੇ ਦੇ ਅੰਦਰ ਭੁਗਤਾਨ ਨਹੀਂ ਕਰਦੀ, ਤਾਂ ਇਸ 'ਤੇ 10 ਪ੍ਰਤੀਸ਼ਤ ਵਿਆਜ ਲਗਾਇਆ ਜਾਵੇਗਾ। ਇਹ ਕੇਸ ਡੁਪਲੀਕੇਟ ਸਿਮ ਨਾਲ ਸਬੰਧਤ ਹੈ।

ਟਾਈਮਸ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕੰਪਨੀ ਨੇ ਬਿਨਾਂ ਗਾਹਕ ਦੀ ਪਛਾਣ ਕੀਤੇ ਡੁਪਲੀਕੇਟ ਸਿਮ ਜਾਰੀ ਕੀਤਾ। ਇਸ ਸਿਮ ਦਾ ਇਸਤੇਮਾਲ ਕਰਦੇ ਹੋਏ ਧੋਖੇਬਾਜ਼(ਠੱਗ) ਨੇ ਪੀੜਤ ਦੇ ਖ਼ਾਤੇ ਵਿਚੋਂ 68.5 ਲੱਖ ਰੁਪਏ ਚੋਰੀ ਕਰ ਲਏ। ਕੰਪਨੀ ਨੇ ਭਾਨੂ ਪ੍ਰਤਾਪ ਨਾਮ ਦੇ ਵਿਅਕਤੀ ਨੂੰ ਡੁਪਲੀਕੇਟ ਸਿਮ ਜਾਰੀ ਕੀਤਾ ਜੋ ਕਿਸੇ ਹੋਰ ਵਿਅਕਤੀ ਦਾ ਸੀ। ਉਸਨੇ ਗਾਹਕ ਦੇ ਆਈ.ਡੀ.ਬੀ.ਆਈ. ਬੈਂਕ ਵਿਚੋਂ 68.5 ਲੱਖ ਰਪੁਏ ਅਤੇ ਆਪਣੇ ਖ਼ਾਤੇ ਵਿਚ ਟਰਾਂਸਫਰ ਕਰ ਲਏ। ਬਾਅਦ ਵਿਚ ਉਸਨੇ 44 ਲੱਖ ਰੁਪਏ ਪੀੜਤ ਵਿਅਕਤੀ ਨੂੰ ਵਾਪਸ ਕਰ ਦਿੱਤੇ ਪਰ ਉਸਨੂੰ ਬਾਕੀ ਰਾਸ਼ੀ ਨਹੀਂ ਮਿਲੀ।

ਇਹ ਵੀ ਪੜ੍ਹੋ : ‘ਦੱਖਣ ਕੋਰੀਆ ਨੇ ਐੱਪਲ ਅਤੇ ਗੂਗਲ ’ਤੇ ਕੱਸਿਆ ਸ਼ਿਕੰਜਾ, ਪਾਸ ਕੀਤਾ ‘ਐਂਟੀ-ਗੂਗਲ ਲਾਅ’

ਜਾਣੋ ਕੀ ਹੈ ਮਾਮਲਾ

ਕ੍ਰਿਸ਼ਨਾ ਲਾਲ ਨੈਨ ਦੇ ਵੋਡਾਫੋਨ ਆਈਡੀਆ ਦੇ ਮੋਬਾਈਲ ਨੰਬਰ ਨੇ 25 ਮਈ, 2017 ਨੂੰ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ ਹਨੂਮਾਨਗੜ੍ਹ ਵਿੱਚ ਕੰਪਨੀ ਦੇ ਸਟੋਰ ਵਿੱਚ ਗਿਆ ਅਤੇ ਉੱਥੇ ਇਸ ਬਾਰੇ ਸ਼ਿਕਾਇਤ ਕੀਤੀ। ਉਨ੍ਹਾਂ ਨੂੰ ਨਵਾਂ ਨੰਬਰ ਮਿਲਿਆ ਪਰ ਕਈ ਵਾਰ ਸ਼ਿਕਾਇਤ ਕਰਨ ਦੇ ਬਾਅਦ ਵੀ ਇਹ ਕਿਰਿਆਸ਼ੀਲ ਨਹੀਂ ਹੋਇਆ। ਫਿਰ ਉਹ ਜੈਪੁਰ ਵਿੱਚ ਇੱਕ ਕੰਪਨੀ ਦੇ ਸਟੋਰ ਵਿੱਚ ਗਿਆ ਅਤੇ ਅਗਲੇ ਦਿਨ ਉਸ ਦੀ ਸਿਮ ਐਕਟੀਵੇਟ ਹੋ ਗਈ ਪਰ ਉਦੋਂ ਤੱਕ ਠੱਗਾਂ ਨੇ ਉਸਦੇ ਆਈ.ਡੀ.ਬੀ.ਆਈ. ਖਾਤੇ ਵਿੱਚੋਂ 68.5 ਲੱਖ ਰੁਪਏ ਕੱਢ ਲਏ ਸਨ। ਇਸਦੇ ਲਈ ਉਸਨੇ ਓ.ਟੀ.ਪੀ. ਦੀ ਵਰਤੋਂ ਕੀਤੀ ਸੀ।

ਵੋਡਾਫੋਨ-ਆਈਡਿਆ ਨੇ ਪਛਾਣ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਵੈਰੀਫਿਕੇਸ਼ਨ ਨਹੀਂ ਕੀਤੀ ਅਤੇ ਡੁਪਲੀਕੇਟ ਸਿਮ ਜਾਰੀ ਕਰ ਦਿੱਤਾ। ਇਸ ਤੋਂ ਇਲਾਵਾ ਨਵਾਂ ਸਿਮ ਜਾਰੀ ਕਰਨ ਵਿਚ ਵੀ ਦੇਰ ਕੀਤੀ। ਇਸ ਸਮੇਂ ਦੌਰਾਨ ਠੱਗ ਨੇ ਆਪਣਾ ਕੰਮ ਕਰ ਲਿਆ। ਇਹ ਹੀ ਕਾਰਨ ਹੈ ਕਿ ਕੰਪਨੀ ਦੀ ਇਸ ਲਾਪਰਵਾਹੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਰਾਜਸਥਾਨ ਦੇ ਆਈ.ਟੀ. ਵਿਭਾਗ ਨੇ ਕੰਪਨੀ ਨੂੰ ਗਾਹਕ ਨੂੰ 27.5 ਲੱਖ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : ਮੋਬਾਇਲ ਨੰਬਰ ਪੋਰਟ ਕਰਵਾਉਣ ਵਾਲਿਆਂ 'ਤੇ TRAI ਨੇ ਕੱਸਿਆ ਸ਼ਿਕੰਜਾ, ਹੁਣ ਨਹੀਂ ਮਿਲਣਗੇ ਵਾਧੂ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News