ਲੁਧਿਆਣਾ ਵਿਚ ''ਆਪ੍ਰੇਸ਼ਨ ਪ੍ਰਹਾਰ'' ਫੇਲ੍ਹ! ਹੈਬੋਵਾਲ ਵਿਚ ਦੋ ਸ਼ੋਅਰੂਮਾਂ ਦੇ ਤਾਲੇ ਟੁੱਟੇ, ਲੱਖਾਂ ਦੀ ਚੋਰੀ ਤੋਂ ਭੜਕੇ ਦੁਕਾਨਦਾਰ

Wednesday, Feb 11, 2026 - 12:53 PM (IST)

ਲੁਧਿਆਣਾ ਵਿਚ ''ਆਪ੍ਰੇਸ਼ਨ ਪ੍ਰਹਾਰ'' ਫੇਲ੍ਹ! ਹੈਬੋਵਾਲ ਵਿਚ ਦੋ ਸ਼ੋਅਰੂਮਾਂ ਦੇ ਤਾਲੇ ਟੁੱਟੇ, ਲੱਖਾਂ ਦੀ ਚੋਰੀ ਤੋਂ ਭੜਕੇ ਦੁਕਾਨਦਾਰ

ਲੁਧਿਆਣਾ (ਰਾਜ): ਮਹਾਨਗਰ ਵਿਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਪੁਲਸ ਦਾ 'ਆਪ੍ਰੇਸ਼ਨ ਪ੍ਰਹਾਰ' ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਬੀਤੀ ਰਾਤ ਚੋਰਾਂ ਨੇ ਥਾਣਾ ਹੈਬੋਵਾਲ ਦੇ ਅਧੀਨ ਆਉਂਦੇ ਮੇਨ ਰੋਡ 'ਤੇ ਸਥਿਤ ਦੋ ਵੱਡੇ ਰੈਡੀਮੇਡ ਗਾਰਮੈਂਟ ਸ਼ੋਅਰੂਮਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੁਲਸ ਦੀ ਗਸ਼ਤ ਅਤੇ ਸੁਰੱਖਿਆ ਦਾਅਵਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ।

ਜਾਣਕਾਰੀ ਅਨੁਸਾਰ, ਸ਼ਾਤਰ ਚੋਰਾਂ ਨੇ ਹੈਬੋਵਾਲ ਮੇਨ ਰੋਡ 'ਤੇ ਸਥਿਤ 'ਸੰਤ ਗਾਰਮੈਂਟ' ਅਤੇ 'ਸਟਾਈਲਅੱਪ' ਸ਼ੋਅਰੂਮ ਦੇ ਤਾਲੇ ਤੋੜੇ ਅਤੇ ਅੰਦਰ ਦਾਖ਼ਲ ਹੋ ਗਏ। ਚੋਰਾਂ ਨੇ ਬੜੇ ਆਰਾਮ ਨਾਲ ਸ਼ੋਅਰੂਮ ਵਿਚ ਹੱਥ ਸਾਫ਼ ਕੀਤਾ ਅਤੇ ਉੱਥੋਂ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਕੱਪੜੇ ਲੈ ਕੇ ਰਫ਼ੂ-ਚੱਕਰ ਹੋ ਗਏ। ਸਵੇਰੇ ਜਦੋਂ ਦੁਕਾਨਦਾਰਾਂ ਨੇ ਸ਼ਟਰ ਟੁੱਟੇ ਦੇਖੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹੈਬੋਵਾਲ ਇਲਾਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ, ਪਰ ਦੋਸ਼ ਹੈ ਕਿ ਪੁਲਸ ਆਪਣਾ 'ਕ੍ਰਾਈਮ ਗ੍ਰਾਫ਼' ਘੱਟ ਦਿਖਾਉਣ ਦੇ ਚੱਕਰ ਵਿਚ ਮਾਮਲਿਆਂ ਨੂੰ ਦਬਾ ਰਹੀ ਹੈ। ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੁਲਸ ਐੱਫ.ਆਈ.ਆਰ. (FIR) ਦਰਜ ਕਰਨ ਵਿਚ ਆਨਾਕਾਨੀ ਕਰ ਰਹੀ ਹੈ, ਜਿਸ ਨਾਲ ਅਪਰਾਧੀਆਂ ਦੇ ਹੌਸਲੇ ਹੋਰ ਵਧ ਰਹੇ ਹਨ।

ਦੁਕਾਨਦਾਰ ਬੋਲੇ- 'ਪੁਲਸ ਨਾਕਿਆਂ 'ਤੇ ਚਲਾਨ ਕੱਟਣ 'ਚ ਰੁੱਝੀ, ਸ਼ਰੇਆਮ ਹੋ ਰਹੀਆਂ ਲੁਟਾਂ'

'ਆਪ੍ਰੇਸ਼ਨ ਪ੍ਰਹਾਰ' ਦੇ ਦਾਅਵਿਆਂ ਵਿਚਕਾਰ ਹੋਈਆਂ ਇਨ੍ਹਾਂ ਵੱਡੀਆਂ ਚੋਰੀਆਂ ਨੇ ਇਲਾਕੇ ਦੇ ਵਪਾਰੀਆਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਭੜਕੇ ਹੋਏ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ "ਜੇਕਰ ਮੇਨ ਰੋਡ 'ਤੇ ਸ਼ੋਅਰੂਮ ਸੁਰੱਖਿਅਤ ਨਹੀਂ ਹਨ, ਤਾਂ ਆਮ ਜਨਤਾ ਦਾ ਕੀ ਹੋਵੇਗਾ? ਪੁਲਸ ਸਿਰਫ਼ ਨਾਕਿਆਂ 'ਤੇ ਚਲਾਨ ਕੱਟਣ ਵਿਚ ਰੁੱਝੀ ਹੋਈ ਹੈ, ਜਦਕਿ ਚੋਰ ਸ਼ਰੇਆਮ ਸ਼ਹਿਰ ਨੂੰ ਲੁੱਟ ਰਹੇ ਹਨ।" ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਸ ਵਾਰਦਾਤ ਤੋਂ ਬਾਅਦ ਪੁਲਸ ਕੁੰਭਕਰਨੀ ਨੀਂਦ ਤੋਂ ਜਾਗਦੀ ਹੈ ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਮਾਮਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਜਾਵੇਗਾ।


author

Anmol Tagra

Content Editor

Related News