ਏਅਰ ਡੈੱਕਨ ਦੀ ਛੋਟੇ ਸ਼ਹਿਰਾਂ ''ਤੇ ਨਜ਼ਰ
Sunday, Dec 24, 2017 - 12:07 AM (IST)
ਮੁੰਬਈ (ਭਾਸ਼ਾ)-ਹਵਾਈ ਸੇਵਾ ਦੇਣ ਵਾਲੀ ਕੰਪਨੀ ਏਅਰ ਡੈੱਕਨ ਦੀ ਨਜ਼ਰ ਹੁਣ ਛੋਟੇ ਸ਼ਹਿਰਾਂ 'ਤੇ ਹੈ। ਉਹ ਦੇਸ਼ 'ਚ ਆਰਥਿਕ ਤੇਜ਼ੀ ਦਰਮਿਆਨ ਵੱਡੇ ਸ਼ਹਿਰਾਂ ਦੀ ਬਜਾਏ ਅਜਿਹੇ ਛੋਟੇ ਸ਼ਹਿਰਾਂ 'ਚ ਹਵਾਈ ਯਾਤਰਾ ਦੀ ਮੰਗ ਦਾ ਫਾਇਦਾ ਚੁੱਕਣ ਦੀ ਤਿਆਰੀ 'ਚ ਹੈ, ਜਿੱਥੇ ਵੱਡੇ ਆਪ੍ਰੇਟਰ ਨਹੀਂ ਜਾਣਾ ਚਾਹੁੰਦੇ। ਏਅਰ ਡੈੱਕਨ ਦੇ ਸੰਸਥਾਪਕ ਜੀ. ਆਰ. ਗੋਪੀਨਾਥ ਨੇ ਅੱਜ ਇੱਥੇ ਖੇਤਰੀ ਹਵਾਈ ਸੰਪਰਕ ਯੋਜਨਾ ਤਹਿਤ ਇਸ ਏਅਰਲਾਈਨ ਦੀ ਪਹਿਲੀ ਉਡਾਣ ਦੇ ਉਦਘਾਟਨ ਮੌਕੇ ਇਹ ਗੱਲ ਕਹੀ।
ਏਅਰ ਡੈੱਕਨ ਨੇ ਅੱਜ ਮੁੰਬਈ-ਜਲਗਾਓਂ ਰਸਤੇ ਵਿਚਾਲੇ ਸੇਵਾ ਸ਼ੁਰੂ ਕੀਤੀ। ਗੋਪੀਨਾਥ ਨੇ ਦੱਸਿਆ, ''ਸਾਡਾ ਇਕ ਸੁਪਨਾ ਵੱਡਾ ਹੈ। ਅਸੀਂ ਉਨ੍ਹਾਂ ਖੇਤਰਾਂ ਦਾ ਰੁਖ਼ ਕਰ ਰਹੇ ਹਾਂ, ਜਿੱਥੇ ਵੱਡੇ ਖਿਡਾਰੀ ਜਾਣ ਦੇ ਚਾਹਵਾਨ ਨਹੀਂ ਹਨ ਜਾਂ ਫਿਰ ਉਨ੍ਹਾਂ ਬਾਜ਼ਾਰਾਂ ਲਈ ਉਨ੍ਹਾਂ ਦੇ ਕੋਲ ਕੋਈ ਰਣਨੀਤੀ ਨਹੀਂ ਹੈ। ਅਸੀਂ ਵੱਖਰੇ ਬਾਜ਼ਾਰ ਵੱਲ ਵੇਖ ਰਹੇ ਹਾਂ ਅਤੇ ਉਨ੍ਹਾਂ ਦੀ ਨਜ਼ਰ ਕਿਸੇ ਹੋਰ ਬਾਜ਼ਾਰ 'ਤੇ ਹੈ।'' ਜੂਨ 2008 'ਚ ਜਦੋਂ ਏਅਰ ਡੈੱਕਨ ਦਾ ਕਿੰਗਫਿਸ਼ਰ ਏਅਰਲਾਈਨਜ਼ ਨਾਲ ਰਲੇਵਾਂ ਹੋਇਆ ਸੀ ਤਾਂ ਇਹ ਘਰੇਲੂ ਖੇਤਰ ਦੀ ਸਭ ਤੋਂ ਵੱਡੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਸੀ। ਇਹ ਕੰਪਨੀ 76 ਤੋਂ ਜ਼ਿਆਦਾ ਸਥਾਨਾਂ 'ਚ ਆਪਣੀ ਸੇਵਾ ਦਿੰਦੀ ਸੀ, ਜਿਸ 'ਚ 30 ਛੋਟੇ ਸ਼ਹਿਰ ਸ਼ਾਮਲ ਸਨ।
