ਜਾਣੋ ਸਾਈਬਰ ਬੀਮਾ ਕਿਉਂ ਹੈ ਜ਼ਰੂਰੀ, ਕਿੰਨੀ ਲਾਗਤ ਨਾਲ ਖਰੀਦਿਆ ਜਾ ਸਕਦੈ ਇਸਨੂੰ

02/20/2020 1:48:48 PM

ਨਵੀਂ ਦਿੱਲੀ — ਦੇਸ਼ ਤੇਜ਼ ਗਤੀ ਨਾਲ ਡਿਜੀਟਲਾਈਜੇਸ਼ਨ ਵੱਲ ਵਧ ਰਿਹਾ ਹੈ ਇਸ ਦੇ ਨਾਲ ਹੀ ਸਾਈਬਰ ਧੋਖਾਧੜੀ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਆਮ ਲੋਕਾਂ ਦੇ ਨਾਲ-ਨਾਲ ਕਾਰਪੋਰੇਟ ਜਗਤ ਵੀ ਪਿਛਲੇ ਕੁਝ ਸਾਲਾਂ ਵਿਚ ਇਸਦਾ ਸ਼ਿਕਾਰ ਹੋ ਰਿਹਾ ਹੈ। ਅੱਜ ਆਪਣੀ ਮਿਹਨਤ ਦੀ ਕਮਾਈ ਨੂੰ ਧੋਖੇਬਾਜ਼ਾਂ ਤੋਂ ਬਚਾਉਣਾ ਇਕ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਨਾ ਸਿਰਫ ਆਪਣੇ ਕੰਪਿਊਟਰਾਂ ਅਤੇ ਸਮਾਰਟਫੋਨ ਰਾਹੀਂ ਵਿੱਤੀ ਲੈਣ-ਦੇਣ ਕਰਦੇ ਹਨ ਸਗੋਂ ਜ਼ਰੂਰਤ ਪੈਣ 'ਤੇ ਦਫਤਰ ਦੇ ਕੰਪਿਊਟਰ ਅਤੇ ਜਨਤਕ ਵਾਈਫਾਈ ਰਾਹੀਂ ਵੀ ਟਰਾਂਜੈਕਸ਼ਨ ਕਰ ਲੈਂਦੇ ਹਨ। ਵੱਖੋ-ਵੱਖਰੀਆਂ ਡਿਵਾਈਸਾਂ ਤੋਂ ਨਿਜੀ ਜਾਣਕਾਰੀ ਤੱਕ ਪਹੁੰਚ ਬਣ ਜਾਣ ਨਾਲ, ਅਸੀਂ ਕਈ ਕਿਸਮ ਦੇ ਜੋਖਮਾਂ ਦੇ ਸੰਪਰਕ 'ਚ ਆ ਜਾਂਦੇ ਹਾਂ। ਸੁਰੱਖਿਆ ਦੇ ਕਈ ਸਾਰੇ ਉਪਾਵਾਂ ਦੇ ਬਾਵਜੂਦ ਹੈਕਰ ਸਾਈਬਰ ਧੋਖਾਧੜੀ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਇਸ ਦੇ ਮੱਦੇਨਜ਼ਰ ਸਾਈਬਰ ਬੀਮੇ ਦੀ ਮਹੱਤਤਾ ਵੱਧ ਗਈ ਹੈ, ਜਿਸ ਨੂੰ ਵੱਡੀਆਂ ਕੰਪਨੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਲੈਣਾ ਚਾਹੀਦਾ ਹੈ।

ਜੋਖਮਾਂ ਤੋਂ ਮਿਲਦੀ ਹੈ ਸੁਰੱਖਿਆ  

ਸਾਈਬਰ ਬੀਮਾ ਕਈ ਕਿਸਮ ਦੇ ਸਾਈਬਰ ਜੋਖਮ ਤੋਂ ਬਚਾਉਂਦਾ ਹੈ। ਇਨ੍ਹਾਂ ਵਿਚ ਪਛਾਣ(identity) ਚੋਰੀ, ਸੋਸ਼ਲ ਮੀਡੀਆ ਲਾਇਬਿਲਟੀ, ਸਾਈਬਰ ਸਟਾਕਿੰਗ, ਮਾਲਵੇਅਰ ਹਮਲੇ, ਆਈ.ਟੀ. ਚੋਰੀ ਤੋਂ ਹੋਇਆ ਨੁਕਸਾਨ ਅਤੇ ਸਾਈਬਰ ਚੋਰੀ ਆਦਿ ਸ਼ਾਮਲ ਹਨ। ਇਹ ਈ-ਮੇਲ ਸਪੂਫਿੰਗ ਅਤੇ ਫਿਸ਼ਿੰਗ ਤੋਂ ਹੋਏ ਨੁਕਸਾਨ ਨੂੰ ਵੀ ਕਵਰ ਕਰਦਾ ਹੈ। ਕੁਝ ਕੰਪਨੀਆਂ ਦਾ ਮੰਨਣਾ ਹੈ ਕਿ ਸਾਈਬਰ ਬੀਮਾ ਮਹਿੰਗਾ ਹੋ ਸਕਦਾ ਹੈ, ਪਰ ਇਸ ਦੀਆਂ ਪ੍ਰੀਮੀਅਮ ਦਰਾਂ ਬਹੁਤ ਪ੍ਰਤੀਯੋਗੀ ਹਨ। ਤੁਹਾਨੂੰ 1 ਲੱਖ ਰੁਪਏ ਦਾ ਸਾਈਬਰ ਬੀਮਾ ਲੈਣ ਲਈ ਸਾਲਾਨਾ 600-800 ਰੁਪਏ ਖਰਚ ਕਰਨੇ ਪੈ ਸਕਦੇ ਹਨ।

ਮਿਲਦੇ ਹਨ ਇਹ ਕਵਰ

  • ਈ-ਮੇਲ ਸਪੂਫਿੰਗ ਅਤੇ ਫਿਸ਼ਿੰਗ ਨਾਲ ਵਿੱਤੀ ਨੁਕਸਾਨ
  • ਬੈਂਕ ਖਾਤੇ, ਡੈਬਿਟ-ਕ੍ਰੈਡਿਟ ਕਾਰਡ ਜਾਂ ਈ-ਵਾਲੇਟ 'ਚ ਆਨ ਲਾਈਨ ਭੁਗਤਾਨ 'ਚ ਧੋਖਾਧੜੀ
  • ਗੁਪਤਤਾ 'ਤੇ ਹਮਲੇ ਨਾਲ ਸਨਮਾਨ ਨੂੰ ਪਹੁੰਚਿਆ ਨੁਕਸਾਨ
  • ਮਾਲਵੇਅਰ ਤੋਂ ਡਾਟਾ ਜਾਂ ਕੰਪਿਊਟਰ ਪ੍ਰੋਗਰਾਮ ਨੂੰ ਪਹੁੰਚੇ ਨੁਕਸਾਨ ਦੇ ਬਾਅਦ ਇਨ੍ਹਾਂ ਨੂੰ ਵਾਪਸ ਇੰਸਟਾਲ ਕਰਨ 'ਤੇ ਹੋਣ ਵਾਲਾ ਖਰਚ
  • ਸਲਾਹ ਸੇਵਾਵਾਂ ਅਤੇ ਕੋਰਟ ਵਿਚ ਸੁਣਵਾਈ ਦੇ ਦੌਰਾਨ ਪਹੁੰਚਣ ਦਾ ਖਰਚ

ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

  • ਪਰਸਨਲ ਡਿਵਾਈਸ ਤੇ ਐਪ ਵਿਚ ਸੰਵੇਦਨਸ਼ੀਲ ਡੇਟਾ ਰੱਖਦੇ ਹੋਏ ਇਹ ਜ਼ਰੂਰ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਸੁਰੱਖਿਆ ਉਪਕਰਣ ਹੈ ਜੋ ਮਾਲਵੇਅਰ, ਰੈਨਸਮਵੇਅਰ ਜਾਂ ਸਾਈਬਰ ਅਪਰਾਧ ਦਾ ਪਤਾ ਲਗਾ ਸਕੇ।
  • ਅਣਜਾਣ ਸਰੋਤ ਦੀ ਈਮੇਲ ਜਾਂ ਵੈਬਸਾਈਟ ਦੀ ਅਚਾਨਕ ਖੁੱਲੀ ਪੌਪ-ਅਪ ਵਿੰਡੋ ਵਿਚ ਦਿੱਤੇ ਲਿੰਕ ਨੂੰ ਕਦੇ ਕਲਿੱਕ ਨਾ ਕਰੋ।
  • ਅਣਜਾਣ ਵੈਬਸਾਈਟ ਤੇ ਈ-ਮੇਲ ਰਜਿਸਟਰਡ ਕਰਨ ਤੋਂ ਪਰਹੇਜ਼ ਕਰੋ।
  • ਸਹੀ ਵੈਬਸਾਈਟ ਦੀ ਪੁਸ਼ਟੀ ਕਰਨ ਲਈ ਵੈਬਸਾਈਟ ਦੇ ਨਾਮ ਅੱਗੇ ਇਹ ਵੇਖੋ ਕਿ http: // ਲੱਗਾ ਹੈ ਜਾਂ ਨਹੀਂ।
  • ਇਕ ਮਜ਼ਬੂਤ ​​ਪਾਸਵਰਡ ਬਣਾਓ। ਵੱਖਰੇ ਖਾਤਿਆਂ 'ਤੇ ਇਕ ਹੀ ਪਾਸਵਰਡ ਦੀ ਵਰਤੋ ਨਾ ਕਰੋ।

1.42 ਲੱਖ ਕਰੋੜ ਦਾ ਹੋਵੇਗਾ ਸਾਈਬਰ ਬੀਮਾ ਬਾਜ਼ਾਰ

ਗਲੋਬਲ ਪੱਧਰ 'ਤੇ ਸਾਈਬਰ ਬੀਮਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਵਿਚ ਕੁਝ ਕੰਪਨੀਆਂ ਸਾਈਬਰ ਬੀਮਾ ਮੁਹੱਈਆ ਕਰਵਾ ਰਹੀਆਂ ਹਨ। ਹਾਲਾਂਕਿ ਅਜਿਹੇ ਧੋਖਾਧੜੀ ਦੇ ਮਾਮਲੇ ਵਧਣ ਦੇ ਬਾਵਜੂਦ ਭਾਰਤ ਦੀਆਂ ਕੁਝ ਕੰਪਨੀਆਂ ਨੇ ਹੀ ਸਾਈਬਰ ਬੀਮਾ ਲਿਆ ਹੈ ਉਹ ਵੀ ਘੱਟ ਬੀਮਾ ਪ੍ਰੀਮੀਅਮ ਵਾਲਾ। ਇਸ 'ਚ ਹਰੇਕ ਤਰ੍ਹਾਂ ਦੀ ਸਾਈਬਰ ਧੋਖਾਧੜੀ ਕਵਰ ਨਹੀਂ ਹੁੰਦੀ ਹੈ, ਜਿਸ ਕਾਰਨ ਵਿੱਤੀ ਮੋਰਚੇ 'ਤੇ ਕੰਪਨੀਆਂ ਲਈ ਖਤਰਾ ਬਣਿਆ ਰਹਿੰਦਾ ਹੈ।

ਇਨ੍ਹਾਂ ਇਲਾਕਿਆਂ 'ਚ ਸਭ ਤੋਂ ਵਧ ਖਤਰਾ

2019 ਲਈ ਜਾਰੀ ਕੀਤੀ ਗਈ ਕੁਇੱਕ ਹੀਲ ਦੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਮਹਾਰਾਸ਼ਟਰ, ਦਿੱਲੀ-ਐਨਸੀਆਰ, ਪੱਛਮੀ ਬੰਗਾਲ ਅਤੇ ਗੁਜਰਾਤ ਅਜਿਹੇ ਸੂਬੇ ਹਨ ਜਿਥੇ ਸਾਈਬਰ ਧੋਖਾਧੜੀ ਦਾ ਖਤਰਾ ਸਭ ਤੋਂ ਵੱਧ ਹੈ। ਰਿਪੋਰਟ ਅਨੁਸਾਰ ਮਹਾਰਾਸ਼ਟਰ ਅਤੇ ਦਿੱਲੀ-ਐਨਸੀਆਰ ਵਿਚ ਖਪਤਕਾਰਾਂ ਸਭ ਤੋਂ ਜ਼ਿਆਦਾ ਕ੍ਰਮਵਾਰ 3.8 ਕਰੋੜ ਅਤੇ 2.5 ਕਰੋੜ ਵਾਰ ਨਿਸ਼ਾਨਾ ਬਣਾਇਆ ਗਿਆ।


Related News