ਲੁਧਿਆਣਾ ਵਿਚ ਬੰਦਾ ਮਾਰਨ ਜਾ ਰਹੇ ਖ਼ਤਰਨਾਕ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ
Tuesday, Nov 25, 2025 - 06:38 PM (IST)
ਫਰੀਦਕੋਟ (ਰਾਜਨ) : ਇੰਟੈਲੀਜੈਂਸ ਆਧਾਰਿਤ ਆਪ੍ਰੇਸ਼ਨ ਦੌਰਾਨ ਫਰੀਦਕੋਟ ਪੁਲਸ ਨੇ 2 ਟਾਰਗੈੱਟ ਕਿਲਿੰਗ ਮਾਡਿਊਲਾਂ ਦਾ ਪਰਦਾਫਾਸ਼ ਕਰ ਕੇ ਇਸ ’ਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐੱਸ. ਐੱਸ. ਪੀ. ਫਰੀਦਕੋਟ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਸ ਪਾਰਟੀ ਚੈਕਿੰਗ ਦੇ ਸਬੰਧ ’ਚ ਤਲਵੰਡੀ ਰੋਡ ਫਰੀਦਕੋਟ ਤੋਂ ਸਰਹਿੰਦ ਨਹਿਰ ਦੇ ਨਾਲ-ਨਾਲ ਕੱਚੀ ਪਹੀ ਰਾਹੀਂ ਪਿੰਡ ਭੋਲੂਵਾਲਾ ਵੱਲ ਜਾ ਰਹੀ ਸੀ। ਇਸ ਦੌਰਾਨ ਪੁਲਸ ਪਾਰਟੀ ਨੂੰ ਕੱਚੀ ਪਹੀ ’ਤੇ ਇਕ ਕਾਰ ਖੜ੍ਹੀ ਦਿਖਾਈ ਦਿੱਤੀ। ਸ਼ੱਕ ਦੇ ਆਧਾਰ ’ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮਾਂ ਕੋਲੋਂ 1 ਪਿਸਤੌਲ .30 ਬੋਰ, 1 ਪਿਸਤੌਲ .30 ਬੋਰ (ਬਰੇਟਾ) ਅਤੇ 15 ਰੌਂਦ ਬਰਾਮਦ ਕੀਤੇ ਗਏ।
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਜਤਿੰਦਰ ਸਿੰਘ ਉਰਫ ਸੋਨੂ (ਵਾਸੀ ਪੱਤੀ ਰੋਡ, ਜ਼ਿਲਾ ਬਰਨਾਲਾ), ਜਸ਼ਨਜੋਤ ਸਿੰਘ ਉਰਫ ਜੱਸਾ (ਵਾਸੀ ਪਿੰਡ ਹਰੀ ਨੌਂ, ਜ਼ਿਲਾ ਫਰੀਦਕੋਟ) ਅਤੇ ਮਨਪ੍ਰੀਤ ਸਿੰਘ ਉਰਫ ਅਰਮਾਨ (ਵਾਸੀ ਪਿੰਡ ਮੋੜ, ਜ਼ਿਲਾ ਫਰੀਦਕੋਟ) ਵਜੋਂ ਹੋਈ ਹੈ। ਪੁਲਸ ਵੱਲੋਂ ਮੌਕੇ ’ਤੇ ਕਾਰ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ।
ਸ਼ੁਰੂਆਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਦੋਸ਼ੀਆਂ ਵੱਲੋਂ ਲੁਧਿਆਣਾ ਵਿਖੇ ਇਕ ਵਿਅਕਤੀ ਦੀ ਟਾਰਗੇਟ ਕਿਲਿੰਗ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ, ਜਿਸ ਸਬੰਧੀ ਕੁਝ ਦਿਨ ਪਹਿਲਾਂ ਵੀ ਇਕ ਨਾਕਾਮ ਕੋਸ਼ਿਸ਼ ਕੀਤੀ ਜਾ ਚੁੱਕੀ ਸੀ। ਫਰੀਦਕੋਟ ਪੁਲਸ ਵੱਲੋਂ ਇਸ ਮਾਮਲੇ ਵਿਚ ਬੈਕਵਰਡ ਅਤੇ ਫਾਰਵਰਡ ਲਿੰਕਾਂ ਨੂੰ ਜੋੜਨ ਲਈ ਹੋਰ ਜਾਂਚ ਜਾਰੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਥਾਣਾ ਸਿਟੀ ਫਰੀਦਕੋਟ ਵਿੱਖੇ ਮੁਕੱਦਮਾ ਨੰਬਰ 484 ਅਧੀਨ ਧਾਰਾ 25(6)(7)/54/59 ਅਸਲਾ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।
