ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਮਾਰਿਆ ਛਾਪਾ, ਬੰਦੀ ਬਣਾਏ 25 ਮਰੀਜ਼ ਕਰਵਾਏ ਰਿਹਾਅ

Tuesday, Nov 25, 2025 - 08:55 AM (IST)

ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਮਾਰਿਆ ਛਾਪਾ, ਬੰਦੀ ਬਣਾਏ 25 ਮਰੀਜ਼ ਕਰਵਾਏ ਰਿਹਾਅ

ਮੁੱਲਾਂਪੁਰ ਦਾਖਾ (ਕਾਲੀਆ) : ਪਿੰਡ ਦਾਖਾ ’ਚ ਸ਼ਹੀਦਾਂ ਦੀ ਜਗ੍ਹਾ ਕੋਲ ਸਰਕਾਰੀ ਸਕੂਲ ਦੀ ਇਮਾਰਤ ’ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਪੁਲਸ ਅਤੇ ਸਿਹਤ ਵਿਭਾਗ ਨੇ ਅਚਨਚੇਤ ਛਾਪੇਮਾਰੀ ਕਰ ਕੇ ਬੰਦੀ ਬਣਾਏ 25 ਮਰੀਜ਼ਾਂ ਨੂੰ ਰਿਹਾਅ ਕਰਵਾ ਕੇ ਇਲਾਜ ਲਈ ਸਿਵਲ ਹਸਪਤਾਲ ਜਗਰਾਓਂ ਵਿਖੇ ਦਾਖਲ ਕਰਵਾਇਆ ਹੈ।

ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸਾਨੂੰ ਮਿਲੀ ਇਕ ਦਰਖਾਸਤ ਦੇ ਆਧਾਰ ’ਤੇ ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਦੀ ਰਹਿਨੁਮਾਈ ਹੇਠ ਸਿਵਲ ਸਰਜਨ ਲੁਧਿਆਣਾ ਨਾਲ ਤਾਲਮੇਲ ਕਰ ਕੇ ਇਕ ਕਮੇਟੀ ਗਠਿਤ ਕੀਤੀ ਗਈ, ਜਿਸ ’ਚ ਡਾ. ਹਰਕਮਲ ਕੌਰ, ਡਾ. ਵਿਸ਼ਾਲ ਕੁਮਾਰ ਅਤੇ ਦਵਿੰਦਰ ਸਿੰਘ ਫਾਰਮਾਸਿਸਟ ਸ਼ਾਮਲ ਸੀ। ਪੁਲਸ ਪਾਰਟੀ ਦਾਖਾ ਨਾਲ ਮਿਲ ਕੇ ਗੁਰਦੁਆਰਾ ਸ਼ਹੀਦ ਬਾਬਾ ਨੱਥੂ ਦੇ ਨੇੜੇ ਅਣ-ਅਧਿਕਾਰਿਤ ਰੀਹੈਬ ਸੈਂਟਰ ਦੀ ਚੈਕਿੰਗ ਕੀਤੀ ਗਈ, ਜਿੱਥੇ ਇਕ ਕਮਰੇ ’ਚ ਬੰਦੀ ਬਣਾਏ 25 ਮਰੀਜ਼ ਪਾਏ ਗਏ, ਜਿਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਨੂੰ ਰਿਹਾਅ ਕਰਵਾ ਕੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜਗਰਾਓਂ ਵਿਖੇ ਇਲਾਜ ਲਈ ਭੇਜਿਆ ਗਿਆ।

ਇਹ ਵੀ ਪੜ੍ਹੋ : ਦਿੱਲੀ ਕ੍ਰਾਈਮ ਬ੍ਰਾਂਚ ਨੇ ਫੜ ਲਏ ਪੰਜਾਬ ਦੇ ਬੰਦੇ! ਵਿਦੇਸ਼ਾਂ ਦੀ ਪੁਲਸ ਜਿੰਨੇ ਐਡਵਾਂਸਡ ਹਥਿਆਰ ਬਰਾਮਦ, ਹੋਏ ਵੱਡੇ ਖ਼ੁਲਾਸੇ

ਡੀ. ਐੱਸ. ਪੀ. ਖੋਸਾ ਨੇ ਦੱਸਿਆ ਕਿ ਗਠਿਤ ਮੈਡੀਕਲ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਗੈਰ-ਕਾਨੂੰਨੀ ਢੰਗ ਨਾਲ ਚਲਾਉਣ ਵਾਲੇ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ਹਰਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਚੱਕ ਕਲਾਂ ਅਤੇ ਜਗਵਿੰਦਰ ਸਿੰਘ ਵਾਸੀ ਪਿੰਡ ਦਾਖਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਦੋਵੇਂ ਪ੍ਰਬੰਧਕਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹੀ ਗੈਰ-ਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਹੈ ਤਾਂ ਪੁਲਸ ਨੂੰ ਸੂਚਿਤ ਕਰਨ ’ਤੇ ਉਸ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਡੀ. ਐੱਸ. ਪੀ. ਖੋਸਾ ਨੇ ਕਿਹਾ ਕਿ ਜੇ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਸਰਕਾਰੀ ਜਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਰੀਹੈਬ ਸੈਂਟਰ ’ਚ ਦਾਖਲ ਕਰਵਾਓ। ਇਸ ਮੌਕੇ ਏ. ਐੱਸ. ਆਈ. ਇੰਦਰਜੀਤ ਸਿੰਘ, ਅਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ ਪੀ. ਐੱਚ. ਸੀ. ਹਾਜ਼ਰ ਸਨ।

ਬੰਦੀ ਮਰੀਜ਼ਾਂ ਨੂੰ ਤਾਲਾ ਤੋੜ ਕੇ ਕੱਢਿਆ ਬਾਹਰ : ਖੋਸਾ

ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦਾ ਇਕੋ ਹੀ ਹਾਲ ਸੀ, ਜਿਸ ’ਚ 25 ਮਰੀਜ਼ਾਂ ਨੂੰ ਪਸ਼ੂਆਂ ਵਾਂਗ ਤਾੜਿਆ ਹੋਇਆ ਸੀ ਅਤੇ ਉਸ ’ਚ ਨਾ ਤਾਂ ਕੋਈ ਸਫਾਈ ਦਾ ਪ੍ਰਬੰਧ ਸੀ ਅਤੇ ਨਾ ਹੀ ਖਾਣੇ ਦਾ, ਕਈ ਮਰੀਜ਼ਾਂ ਦੇ ਜ਼ਖਮ ਵੀ ਹੋਏ ਸਨ ਪਰ ਕੋਈ ਵੀ ਦਵਾਈ ਨਹੀਂ ਲਾਈ ਜਾ ਰਹੀ ਸੀ। ਇਨ੍ਹਾਂ ਮਰੀਜ਼ਾਂ ਨੂੰ ਪੁਲਸ ਪ੍ਰਸ਼ਾਸਨ ਨੇ ਕਮਰੇ ਦਾ ਜਿੰਦਰਾ ਤੋੜ ਕੇ ਬਾਹਰ ਕੱਢਿਆ।


author

Sandeep Kumar

Content Editor

Related News