1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ, 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਕੰਮ

Wednesday, Mar 17, 2021 - 11:30 AM (IST)

1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ, 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਕੰਮ

ਨਵੀਂ ਦਿੱਲੀ- 31 ਮਾਰਚ ਨੂੰ ਵਿੱਤੀ ਸਾਲ 2020-21 ਸਮਾਪਤ ਹੋ ਜਾਵੇਗਾ ਅਤੇ ਪਹਿਲੀ ਅਪ੍ਰੈਲ ਤੋਂ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਹੋਵੇਗੀ। ਇਸ ਦੇ ਨਾਲ ਪਹਿਲੀ ਅਪ੍ਰੈਲ ਤੋਂ ਇਨਕਮ ਟੈਕਸ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ। ਇਸ ਲਈ ਟੈਕਸਦਾਤਾਵਾਂ ਨੂੰ ਟੈਕਸ ਸਬੰਧੀ ਸਾਰੇ ਕੰਮ 31 ਮਾਰਚ 2021 ਤੋਂ ਪਹਿਲਾਂ ਪੂਰੇ ਕਰਨ ਦੀ ਜ਼ਰੂਰਤ ਹੋਵੇਗੀ। ਜੁਰਮਾਨੇ ਤੋਂ ਬਚਣ ਲਈ ਇਸੇ ਮਹੀਨੇ ਕੁਝ ਕੰਮ ਖ਼ਤਮ ਕਰਨੇ ਹੋਣਗੇ।

ਪੈਨ-ਆਧਾਰ ਲਿੰਕਿੰਗ
ਪੈਨ-ਆਧਾਰ ਲਿੰਕ ਕਰਨ ਦੀ ਅੰਤਿਮ ਤਾਰੀਖ਼ 31 ਮਾਰਚ ਨੂੰ ਸਮਾਪਤ ਹੋਣ ਵਾਲੀ ਹੈ। ਲਿੰਕਿੰਗ ਨਾ ਹੋਣ ਦੀ ਸੂਰਤ ਵਿਚ ਪੈਨ ਰੱਦ ਕੀਤਾ ਜਾ ਸਕਦਾ ਹੈ। ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਪੈਸਿਆਂ ਦੇ ਕਈ ਲੈਣ-ਦੇਣ ਦੇ ਮਾਮਲਿਆਂ ਵਿਚ ਪੈਨ ਜ਼ਰੂਰੀ ਹੈ ਅਤੇ ਅਜਿਹੇ ਵਿਚ ਇਕ ਰੱਦ ਪੈਨ ਦੀ ਵਰਤੋਂ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਆਈ. ਟੀ. ਐਕਟ ਦੀ ਧਾਰਾ 272-ਬੀ ਤਹਿਤ 10,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।

ਇਨਕਮ ਟੈਕਸ 'ਚ ਛੋਟ ਲਈ ਨਿਵੇਸ਼
ਜੇਕਰ ਤੁਸੀਂ ਇਨਕਮ ਟੈਕਸ ਛੋਟ ਦਾ ਫਾਇਦਾ ਲੈਣ ਲਈ ਕਿਸੇ ਪਾਲਿਸੀ ਨੂੰ ਖ਼ੀਰਦਣ ਜਾ ਰਹੇ ਹੋ ਤਾਂ ਤੁਹਾਨੂੰ ਇਹ 31 ਮਾਰਚ ਤੋਂ ਪਹਿਲਾਂ ਖ਼ਰੀਦਣੀ ਹੋਵੇਗੀ। ਇਨਕਮ ਟੈਕਸ ਦੀ ਧਾਰਾ 80ਸੀ ਅਤੇ 80ਡੀ ਤਹਿਤ ਕੀਤੇ ਗਏ ਨਿਵੇਸ਼ 'ਤੇ ਇਨਕਮ ਟੈਕਸ ਵਿਚ ਛੋਟ ਦਾ ਫਾਇਦਾ ਮਿਲਦਾ ਹੈ।

ਪੀ. ਐੱਫ. ਲਈ ਟੈਕਸ ਨਿਯਮ-
ਨੌਕਰੀਪੇਸ਼ਾ ਲੋਕਾਂ ਨੂੰ ਈ. ਪੀ. ਐੱਫ. 'ਤੇ ਮਿਲਣ ਵਾਲੇ ਵਿਆਜ ਲਈ ਅਗਲੇ ਮਹੀਨੇ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਬਜਟ ਵਿਚ ਪੀ. ਐੱਫ. 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲਾਉਣ ਦੀ ਘੋਸ਼ਣਾ ਕੀਤੀ ਸੀ। ਹੁਣ ਇਕ ਵਿੱਤੀ ਸਾਲ ਵਿਚ 2.5 ਲੱਖ ਰੁਪਏ ਤੱਕ ਈ. ਪੀ. ਐੱਫ. ਵਿਚ ਨਿਵੇਸ਼ ਕਰਨ 'ਤੇ ਵਿਆਜ ਟੈਕਸ ਮੁਕਤ ਹੋਵੇਗਾ, ਜਦੋਂ ਕਿ ਢਾਈ ਲੱਖ ਤੋਂ ਵੱਧ ਨਿਵੇਸ਼ 'ਤੇ ਵਿਆਜ ਤੋਂ ਹੋਣ ਵਾਲੀ ਕਮਾਈ 'ਤੇ ਟੈਕਸ ਲੱਗੇਗਾ। ਹਾਲਾਂਕਿ, ਮਹੀਨਾਵਾਰ 2 ਲੱਖ ਰੁਪਏ ਤੱਕ ਦੀ ਤਨਖ਼ਾਹ ਵਾਲਿਆਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ।

ਟੀ. ਸੀ. ਐੱਸ. ਵਾਊਚਰ ਯੋਜਨਾ
ਪਿਛਲੇ ਸਾਲ ਵਿੱਤ ਮੰਤਰੀ ਨੇ ਯਾਤਰਾ ਛੁੱਟੀ ਭੱਤੇ (ਐੱਲ. ਟੀ. ਸੀ.) ਯੋਜਨਾ ਦੀ ਘੋਸ਼ਣਾ ਕੀਤੀ ਸੀ, ਜੋ ਅਗਲੇ ਮਹੀਨੇ ਲਾਗੂ ਹੋ ਜਾਵੇਗੀ। ਇਹ ਸਕੀਮ ਉਨ੍ਹਾਂ ਕਰਮਚਾਰੀਆਂ ਲਈ ਲਾਂਚ ਕੀਤੀ ਗਈ ਹੈ ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਦੀ ਵਜ੍ਹਾ ਨਾਲ ਐੱਲ. ਟੀ. ਸੀ. ਦਾ ਫਾਇਦਾ ਨਹੀਂ ਲਿਆ ਸੀ। ਇਸ ਯੋਜਨਾ ਤਹਿਤ ਸਰਕਾਰੀ ਮੁਲਾਜ਼ਮਾਂ ਨੂੰ ਨਕਦ ਵਾਊਚਰ ਮਿਲੇਗਾ, ਜਿਸ ਨੂੰ ਉਹ ਸਰਕਾਰ ਦੇ ਬਣਾਏ ਨਿਯਮਾਂ ਮੁਤਾਬਕ ਖ਼ਰਚ ਕਰ ਸਕਣਗੇ।

ਇਹ ਵੀ ਪੜ੍ਹੋ- ਨਜ਼ਾਰਾ ਟੈਕਨਾਲੋਜੀਜ਼ ਦਾ ਆਈ. ਪੀ. ਓ. ਖੁੱਲ੍ਹਾ, ਹੋ ਸਕਦੀ ਹੈ ਬੰਪਰ ਕਮਾਈ!

ਇਨਕਮ ਟੈਕਸ ਨਾ ਭਰਨ 'ਤੇ ਦੁੱਗਣਾ TDS
ਜਿਨ੍ਹਾਂ ਟੈਕਸਦਾਤਾਵਾਂ ਨੇ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਸਮੇਂ 'ਤੇ ਨਹੀਂ ਭਰੀ ਉਨ੍ਹਾਂ ਲਈ ਨਿਯਮ ਹੁਣ ਸਖ਼ਤ ਹੋ ਗਏ ਹਨ। ਸਰਕਾਰ ਨੇ ਇਨਕਮ ਟੈਕਸ ਕਾਨੂੰਨ ਵਿਚ ਸੈਕਸ਼ਨ 206AB ਜੋੜ ਦਿੱਤਾ ਹੈ। ਆਈ. ਟੀ. ਆਰ. ਨਾ ਭਰਨ 'ਤੇ ਪਹਿਲੀ ਅਪ੍ਰੈਲ 2021 ਤੋਂ ਤੁਹਾਨੂੰ ਦੁੱਗਣਾ ਟੀ. ਡੀ. ਐੱਸ. ਦੇਣਾ ਹੋਵੇਗਾ।

ਜਿਨ੍ਹਾਂ ਲੋਕਾਂ ਨੇ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕੀਤੀ ਹੈ, ਉਨ੍ਹਾਂ 'ਤੇ ਟੈਕਸ ਕੁਲੈਕਸ਼ਨ ਐਟ ਸੋਰਸ (ਟੀ. ਸੀ. ਐੱਸ.) ਵੀ ਜ਼ਿਆਦਾ ਲੱਗੇਗਾ। ਇਕ ਜੁਲਾਈ 2021 ਤੋਂ ਪੀਨਲ ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ਦਰਾਂ 20 ਫ਼ੀਸਦੀ ਹੋ ਜਾਣਗੀਆਂ, ਜੋ ਆਮ ਤੌਰ 'ਤੇ 10 ਫ਼ੀਸਦੀ ਹੁੰਦੀਆਂ ਹਨ।

ਇਹ ਵੀ ਪੜ੍ਹੋ- ਸਰਕਾਰ ਨੇ ਲੋਕ ਸਭਾ 'ਚ ਕਿਹਾ, 2 ਸਾਲਾਂ ਤੋਂ ਨਹੀਂ ਛਾਪੇ ਗਏ ਦੋ ਹਜ਼ਾਰ ਦੇ ਨੋਟ

ਸੁਪਰ ਸੀਨੀਅਰ ਸਿਟੀਜ਼ਨਸ ਨੂੰ ITR ਭਰਨ ਤੋਂ ਛੋਟ
1 ਅਪ੍ਰੈਲ 2021 ਤੋਂ 75 ਸਾਲ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਆਈ. ਟੀ. ਆਰ. ਫਾਈਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਹ ਛੋਟ ਉਨ੍ਹਾਂ ਸੁਪਰ ਸੀਨੀਅਰ ਸਿਟੀਜ਼ਨਸ ਨੂੰ ਦਿੱਤੀ ਗਈ ਹੈ ਜੋ ਪੈਨਸ਼ਨ ਜਾਂ ਫਿਰ ਸਿਰਫ਼ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਮਿਲਣ ਵਾਲੇ ਵਿਆਜ ਦੀ ਕਮਾਈ 'ਤੇ ਨਿਰਭਰ ਹਨ।
 


author

Sanjeev

Content Editor

Related News