CTU ਦੀਆਂ ਬੱਸਾਂ ਹੋਣਗੀਆਂ ਬੰਦ! 19 ਨਵੰਬਰ ਤੋਂ ਸੜਕਾਂ ਤੋਂ ਹਟਾ ਲਈਆਂ ਜਾਣਗੀਆਂ

Tuesday, Nov 18, 2025 - 11:38 AM (IST)

CTU ਦੀਆਂ ਬੱਸਾਂ ਹੋਣਗੀਆਂ ਬੰਦ! 19 ਨਵੰਬਰ ਤੋਂ ਸੜਕਾਂ ਤੋਂ ਹਟਾ ਲਈਆਂ ਜਾਣਗੀਆਂ

ਚੰਡੀਗੜ੍ਹ (ਸ਼ੀਨਾ) : ਜਨਤਕ ਆਵਾਜਾਈ ਪ੍ਰਣਾਲੀ ਨੂੰ ਸੁਰੱਖਿਅਤ, ਵਾਤਾਵਰਣ ਅਨੁਕੂਲਤ ਤੇ ਆਧੁਨਿਕ ਬਣਾਉਣ ਵੱਲ ਇਕ ਵੱਡਾ ਕਦਮ ਚੁੱਕਦਿਆਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਨੇ ਐਲਾਨ ਕੀਤਾ ਕਿ 2010 ’ਚ ਜੇ. ਐੱਨ. ਐੱਨ. ਯੂ. ਆਰ. ਐੱਮ-ਆਈ. ਸਕੀਮ ਅਧੀਨ ਖ਼ਰੀਦੀਆਂ 100 ਬੱਸਾਂ ’ਚੋਂ 85 ਬੱਸਾਂ ਜਿਨ੍ਹਾਂ ਨੇ ਨਿਰਧਾਰਿਤ 15 ਸਾਲ ਦਾ ਸਮਾਂ ਪੂਰਾ ਕਰ ਲਿਆ ਹੈ, ਨੂੰ 19 ਨਵੰਬਰ 2025 ਤੋਂ ਸੜਕਾਂ ਤੋਂ ਪੜਾਅਵਾਰ ਹਟਾ ਦਿੱਤਾ ਜਾਵੇਗਾ। ਇਹ ਕਦਮ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਨਿਰਦੇਸ਼ਾਂ ਦੇ ਅਨੁਸਾਰ ਹੈ। ਸੀ. ਟੀ. ਯੂ. ਨੇ ਦੱਸਿਆ ਕਿ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ 100 ਨਵੀਆਂ ਇਲੈਕਟ੍ਰਿਕ ਬੱਸਾਂ ਲਈ ਪ੍ਰਵਾਨਗੀ ਪਹਿਲਾਂ ਹੀ ਮਿਲ ਚੁੱਕੀ ਹੈ। ਇਸ ਦੀ ਨਾ ਸਿਰਫ਼ ਪ੍ਰਵਾਨਗੀ ਦਿੱਤੀ ਗਈ ਹੈ, ਸਗੋਂ ਆਪਰੇਟਰ ਨਾਲ ਇਕਰਾਰਨਾਮੇ ‘ਤੇ ਵੀ ਦਸਤਖ਼ਤ ਕੀਤੇ ਗਏ ਹਨ। ਵਰਤਮਾਨ ’ਚ ਪ੍ਰੋਟੋਟਾਈਪ ਇਲੈਕਟ੍ਰਿਕ ਬੱਸ ਦੀ ਜਾਂਚ ਤੇ ਰੇਂਜ ਟੈਸਟਿੰਗ ਚੱਲ ਰਹੀ ਹੈ।
ਡਿਲੀਵਰੀ ਸਮਾਂ-ਸੀਮਾ ਇਸ ਤਰ੍ਹਾਂ ਹੈ-
 ਨਵੰਬਰ 2025 ਦੇ ਅੰਤ ਤੱਕ : 25 ਇਲੈਕਟ੍ਰਿਕ ਬੱਸਾਂ
ਦਸੰਬਰ 2025 ਦੇ ਅੰਤ ਤੱਕ: 25 ਹੋਰ ਇਲੈਕਟ੍ਰਿਕ ਬੱਸਾਂ
ਜਨਵਰੀ-ਫਰਵਰੀ 2026 : ਬਾਕੀ 50 ਈ-ਬੱਸਾਂ
ਇਨ੍ਹਾਂ ਇਲੈਕਟ੍ਰਿਕ ਬੱਸਾਂ ਦਾ ਆਉਣਾ ਚੰਡੀਗੜ੍ਹ ਦੇ ਬੱਸ ਸਿਸਟਮ ਨੂੰ ਇਕ ਨਵੀਂ ਦਿਸ਼ਾ ’ਚ ਲੈ ਜਾਵੇਗਾ, ਜੋ ਅਤਿ-ਆਧੁਨਿਕ ਤਕਨਾਲੋਜੀ, ਪ੍ਰਦੂਸ਼ਣ ਘਟਾਉਣ ਤੇ ਬਿਹਤਰ ਯਾਤਰੀ ਆਰਾਮ ਦੀ ਪੇਸ਼ਕਸ਼ ਕਰੇਗਾ। ਸੀ. ਟੀ. ਯੂ. ਨੇ ਪੁਰਾਣੀਆਂ ਬੱਸਾਂ ਦੇ ਪੜਾਅਵਾਰ ਬੰਦ ਹੋਣ ਦੌਰਾਨ ਯਾਤਰੀਆਂ ਨੂੰ ਅਸੁਵਿਧਾ ਨਾ ਹੋਵੇ ਇਹ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਲਾਗੂ ਕੀਤੇ ਹਨ। ਇਨ੍ਹਾਂ ਪ੍ਰਬੰਧਾਂ ’ਚ ਸ਼ਾਮਲ ਹਨ  ਟ੍ਰਾਈਸਿਟੀ ’ਚ ਸਿਟੀ ਬੱਸ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲੰਬੇ ਰੂਟਾਂ ‘ਤੇ ਚੱਲਣ ਵਾਲੀਆਂ ਗ਼ੈਰ-ਏ.ਸੀ. ਬੱਸਾਂ ਦੇ ਰੂਟਾਂ ਨੂੰ ਮੁੜ-ਰੂਟ ਕੀਤਾ ਗਿਆ ਹੈ।
ਲੰਬੇ ਰੂਟਾਂ ’ਤੇ ਸੰਪਰਕ ਬਣਾਈ ਰੱਖਣ ਲਈ ਨੇੜਲੇ ਸਟੇਟ ਟਰਾਂਸਪੋਰਟ ਅੰਡਰਟੇਕਿੰਗਜ਼ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਗਈ ਹੈ। ਇਹ ਬਦਲਾਅ ਟ੍ਰਾਈਸਿਟੀ ਖੇਤਰ ਦੇ ਕਿਸੇ ਵੀ ਰੂਟ ‘ਤੇ ਸੀ. ਟੀ. ਯੂ. ਦੀਆਂ ਨਿਯਮਿਤ ਸਿਟੀ ਬੱਸ ਸੇਵਾਵਾਂ ਨੂੰ ਪ੍ਰਭਾਵਤ ਨਹੀਂ ਕਰਨਗੇ। ਸੀ. ਟੀ. ਯੂ. ਨੇ ਸਪੱਸ਼ਟ ਕੀਤਾ ਹੈ ਕਿ ਇਹ ਪੂਰਾ ਪਰਿਵਰਤਨ ਪੜਾਅਵਾਰ, ਯੋਜਨਾਬੱਧ ਤੇ ਯਾਤਰੀ-ਕੇਂਦ੍ਰਿਤ ਢੰਗ ਨਾਲ ਪੂਰਾ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਸੀ.ਟੀ.ਯੂ. ਦੇ ਡਾਇਰੈਕਟਰ ਪ੍ਰਦੁਮਨ ਸਿੰਘ ਨੇ ਕਿਹਾ ਕਿ ਯਾਤਰੀ ਸਹੂਲਤ ਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹਨ। ‘ਇਹ ਅੰਤਰਿਮ ਉਪਾਅ ਟ੍ਰਾਈ-ਸਿਟੀ ਖੇਤਰ ’ਚ ਲੱਖਾਂ ਰੋਜ਼ਾਨਾ ਯਾਤਰੀਆਂ ਲਈ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੁਰਾਣੀਆਂ ਬੱਸਾਂ ਨੂੰ ਹਟਾਉਣ ਦੇ ਬਾਵਜੂਦ ਕੋਈ ਵੀ ਰੂਟ ਪ੍ਰਭਾਵਿਤ ਨਹੀਂ ਹੋਵੇਗਾ।
 


author

Babita

Content Editor

Related News