ਸਾਉਣੀ ਫ਼ਸਲਾਂ ਦੇ ਰਕਬੇ 'ਚ ਸੁਧਾਰ ਪਰ ਕਈ ਜਗ੍ਹਾ ਬਾਰਸ਼ ਨੇ ਵਧਾਈ ਚਿੰਤਾ!
Saturday, Aug 07, 2021 - 01:04 PM (IST)
ਨਵੀਂ ਦਿੱਲੀ- ਮੱਧ, ਪੱਛਮੀ ਅਤੇ ਉੱਤਰੀ ਖੇਤਰਾਂ ਵਿਚ ਦੱਖਣ-ਪੱਛਮੀ ਮਾਨਸੂਨ ਦੀ ਲਗਾਤਾਰ ਚੰਗੀ ਬਾਰਸ਼ ਨਾਲ ਬਿਜਾਈ ਵਧੀ ਹੈ। ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਦੇ ਰਕਬੇ ਵਿਚ 6 ਅਗਸਤ ਤੱਕ ਦੇ ਅੰਕੜਿਆਂ ਵਿਚ ਥੋੜ੍ਹਾ ਹੋਰ ਸੁਧਾਰ ਹੋਇਆ ਹੈ ਪਰ ਕਈ ਜਗ੍ਹਾ ਬਾਰਸ਼ ਹੋਣ ਅਤੇ ਨਾ ਹੋਣ ਨਾਲ ਕਿਸਾਨਾਂ ਦੀ ਚਿੰਤਾ ਵੀ ਖੜ੍ਹੀ ਹੋਈ ਹੈ। ਪਿਛਲੇ ਹਫ਼ਤੇ ਅਤੇ ਇਸ ਹਫ਼ਤੇ ਵਿਚਕਾਰ ਸਾਉਣੀ ਦੇ ਰਕਬੇ ਵਿਚ ਗਿਰਾਵਟ ਘੱਟ ਹੋ ਕੇ 4.71 ਫ਼ੀਸਦੀ (30 ਜੁਲਾਈ ਨੂੰ) ਤੋਂ 2.26 ਫ਼ੀਸਦੀ (6 ਅਗਸਤ ਨੂੰ) ਰਹਿ ਗਈ ਹੈ।
ਹਾਲਾਂਕਿ, ਜੇਕਰ ਆਮ ਰਕਬੇ ਨਾਲ ਤੁਲਨਾ ਕੀਤੀ ਜਾਵੇ ਤਾਂ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਹੇਠਲਾ ਰਕਬਾ 6 ਅਗਸਤ ਨੂੰ ਖ਼ਤਮ ਹੋਏ ਹਫਤੇ ਵਿਚ ਲਗਭਗ 15 ਫ਼ੀਸਦ ਘੱਟ ਹੋਇਆ ਹੈ। ਆਮ ਰਕਬਾ ਪਿਛਲੇ 5 ਸਾਲਾਂ ਦੌਰਾਨ ਸਾਉਣੀ ਫਸਲਾਂ ਦੀ ਬਿਜਾਈ ਦਾ ਔਸਤ ਹੁੰਦਾ ਹੈ।
ਲਗਾਤਾਰ ਹੋ ਰਹੀ ਬਾਰਸ਼ ਕਾਰਨ ਇਕ ਨਵੀਂ ਤਰ੍ਹਾਂ ਦੀ ਸਮੱਸਿਆ ਹੁਣ ਉਤਪਾਦਕਾਂ ਸਾਹਮਣੇ ਖੜ੍ਹੀ ਹੋ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਥਾਵਾਂ 'ਤੇ ਫਸਲਾਂ ਖੜ੍ਹੀਆਂ ਹਨ। ਕਾਰੋਬਾਰੀ ਸੂਤਰਾਂ ਨੇ ਦੱਸਿਆ ਕਿ ਰਾਜਸਥਾਨ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਵਿਚ ਦਾਲਾਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ।
ਗੁਜਰਾਤ, ਓਡੀਸ਼ਾ 'ਚ ਘੱਟ ਬਾਰਸ਼ ਬਣੀ ਚਿੰਤਾ-
ਉੱਥੇ ਹੀ, ਕ੍ਰਿਸਿਲ ਰਿਸਰਚ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਜਿੱਥੇ ਕੁੱਲ ਮਿਲਾ ਕੇ ਮਾਨਸੂਨ ਦੀ ਵਾਪਸੀ ਹੋਈ ਹੈ, ਉੱਥੇ ਹੀ ਕਈ ਜਗ੍ਹਾ ਬਾਰਸ਼ ਨੇ ਕਿਸਾਨਾਂ ਦੀ ਚਿੰਤਾ ਵਧਾਈ ਹੈ। ਖ਼ਾਸਕਰ ਗੁਜਰਾਤ (ਜਿੱਥੇ ਦੇਸ਼ ਦੇ ਕੁੱਲ ਰਕਬੇ ਦਾ 40 ਫ਼ੀਸਦੀ ਮੂੰਗਫਲੀ ਤੇ 20 ਫ਼ੀਸਦੀ ਕਪਾਹ ਦਾ ਰਕਬਾ ਹੈ) ਵਿਚ ਕਿਸਾਨਾਂ ਦੀ ਚਿੰਤਾ ਵਧੀ ਹੈ, ਜਿੱਥੇ ਮਾਨਸੂਨੀ ਬਾਰਸ਼ 40 ਫ਼ੀਸਦ ਘੱਟ ਸੀ ਅਤੇ ਓਡੀਸ਼ਾ (ਜਿਸ ਦਾ ਕੁੱਲ ਝੋਨਾ ਉਤਪਾਦਨ ਵਿਚ ਹਿੱਸਾ 8 ਫ਼ੀਸਦੀ ਹੈ) ਵਿਚ 5 ਅਗਸਤ ਤੱਕ 25 ਫ਼ੀਸਦੀ ਘੱਟ ਬਾਰਸ਼ ਹੋਈ ਹੈ।
ਮਹਾਰਾਸ਼ਟਰ 'ਚ ਭਾਰੀ ਬਾਰਸ਼ ਨਾਲ ਨੁਕਸਾਨ-
ਰਿਪੋਰਟ ਵਿਚ ਕਿਹਾ ਗਿਆ ਹੈ, "ਇਹ ਸੰਭਵ ਹੈ ਕਿ ਗੁਜਰਾਤ ਦੇ ਕਿਸਾਨ ਮੂੰਗਫਲੀ ਅਤੇ ਕਪਾਹ ਤੋਂ ਅਰੰਡੀ ਦੀ ਖੇਤੀ ਦਾ ਰੁਖ਼ ਕਰ ਲੈਣ, ਜੋ ਘੱਟ ਬਾਰਸ਼ ਵਿਚ ਵੀ ਹੋ ਸਕਦੀ ਹੈ।" ਦੂਜੇ ਪਾਸੇ, ਮਹਾਰਾਸ਼ਟਰ ਵਿਚ ਹਾਲ ਹੀ ਵਿਚ ਬਹੁਤ ਭਾਰੀ ਬਾਰਸ਼ ਹੋਈ ਹੈ, ਜਿਸ ਕਾਰਨ ਮੁਢਲੇ ਅਨੁਮਾਨਾਂ ਅਨੁਸਾਰ 1 ਲੱਖ ਹੈਕਟੇਅਰ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਖ਼ਾਸ ਕਰਕੇ ਮੱਧ ਮਹਾਰਾਸ਼ਟਰ ਦੇ ਕੋਲਹਾਪੁਰ, ਸਾਂਗਲੀ ਅਤੇ ਸਤਾਰਾ ਜ਼ਿਲ੍ਹਿਆਂ ਵਿਚ ਗੰਨਾ, ਝੋਨਾ ਅਤੇ ਸੋਇਆਬੀਨ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ। ਕ੍ਰਿਸਿਲ ਨੇ ਕਿਹਾ ਕਿ ਕੁੱਲ ਮਿਲਾ ਕੇ ਮਾਨਸੂਨ ਬਹਾਲੀ ਦੇ ਪੜਾਅ ਵਿਚ, ਜੋ 13 ਜੁਲਾਈ ਤੋਂ ਸ਼ੁਰੂ ਹੋਇਆ, 5 ਅਗਸਤ ਤੱਕ 2 ਫ਼ੀਸਦੀ ਜ਼ਿਆਦਾ ਬਾਰਸ਼ ਹੋਈ ਹੈ।