ਜਲੰਧਰ ''ਚ 32 Hotspots ‘ਤੇ ਚੱਲਿਆ ਆਪ੍ਰੇਸ਼ਨ CASO, ਬਰਲਟਨ ਪਾਰਕ ਤੇ ਭਾਰਗੋ ਕੈਂਪ ਸਣੇ ਕਈ ਜਗ੍ਹਾ ਚੈਕਿੰਗ

Tuesday, Nov 18, 2025 - 06:48 PM (IST)

ਜਲੰਧਰ ''ਚ 32 Hotspots ‘ਤੇ ਚੱਲਿਆ ਆਪ੍ਰੇਸ਼ਨ CASO, ਬਰਲਟਨ ਪਾਰਕ ਤੇ ਭਾਰਗੋ ਕੈਂਪ ਸਣੇ ਕਈ ਜਗ੍ਹਾ ਚੈਕਿੰਗ

ਜਲੰਧਰ (ਪੰਕਜ/ਕੁੰਦਨ): ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਅੱਜ  “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਨਸ਼ੇ ਨਾਲ ਸਬੰਧਿਤ ਗਤੀਵਿਧੀਆਂ ‘ਤੇ ਨਕੇਲ ਕੱਸਣ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਸ਼ਹਿਰ ਦੇ 32 ਹਾਟਸਪੋਟਸ ‘ਤੇ ਵਿਸ਼ੇਸ਼ ਕਾਸੋ (Cordon and Search Operation) ਚਲਾਇਆ ਗਿਆ। ਇਸ ਦੌਰਾਨ ਪੁਲਸ ਕਮਿਸ਼ਨਰ ਧਨਪ੍ਰੀਤ ਕੋਰ ਵੱਲੋਂ ਖੁਦ ਬਰਲਟਨ ਪਾਰਕ ਵਿਖੇ ਪਹੁੰਚ ਕੇ ਕਾਰਵਾਈ ਦੀ ਮੌਕੇ ‘ਤੇ ਸਮੀਖਿਆ ਕੀਤੀ ਗਈ।

ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਤੋਂ ਮਿਲੀਆਂ ਸ਼ਿਕਾਇਤਾਂ ਅਤੇ ਵੱਖ-ਵੱਖ ਜਾਂਚਾਂ ਦੌਰਾਨ ਪ੍ਰਾਪਤ ਇਨਪੁਟਾਂ ਦੇ ਆਧਾਰ ‘ਤੇ ਬਰਲਟਨ ਪਾਰਕ, ਧੰਕੀਆ ਮੋਹਲਾ, ਅਬਾਦਪੂਰਾ, ਭਾਰਗੋ ਕੈਂਪ, ਮੰਗੂ ਬਸਤੀ ਅਤੇ ਹੋਰ ਇਲਾਕਿਆਂ ਸਮੇਤ ਕੁੱਲ 32 ਥਾਵਾਂ ਨੂੰ ਟਾਰਗੇਟ ਕੀਤਾ ਗਿਆ। ਇਨ੍ਹਾਂ ਥਾਵਾਂ ‘ਤੇ ਨਸ਼ੇ ਨਾਲ ਜੁੜੀਆਂ ਗਤੀਵਿਧੀਆਂ ਹੋਣ ਦਾ ਸ਼ੱਕ ਸੀ, ਉਨ੍ਹਾਂ ਨੂੰ ਇਸ ਕਾਰਵਾਈ ਲਈ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ।

ਇਸ ਆਪਰੇਸ਼ਨ ਲਈ ਕਰੀਬ 300 ਪੁਲਸ ਅਧਿਕਾਰੀਆਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਅਤੇ ਹਰ ਹਾਟਸਪੋਟ ਤੇ ਕਾਸੋ ਉਪਰੇਸ਼ਨ ਦੀ ਅਗਵਾਈ ਜੀਓ-ਰੈਂਕ ਦੇ ਅਫਸਰਾਂ ਵੱਲੋਂ ਕੀਤੀ ਗਈ। ਆਪਰੇਸ਼ਨ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ, ਵਾਹਨਾਂ ਦੀ ਚੈਕਿੰਗ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਖਾਸ ਨਿਗਰਾਨੀ ਕੀਤੀ ਗਈ। ਉਨ੍ਹਾਂ ਨੇ ਅਗੇ ਦੱਸਿਆ ਕਿ ਅੱਜ ਦੇ ਆਪਰੇਸ਼ਨ ਦੌਰਾਨ ਹੁਣ ਤੱਕ NDPS Act ਤਹਿਤ ਕੁੱਲ 11 ਮੁੱਕਦਮੇ ਦਰਜ਼ ਕੀਤੇ ਜਾ ਚੁੱਕੇ ਹਨ। ਹੋਰ ਰਿਕਵਰੀਆਂ ਅਤੇ ਬਾਕੀ ਕਾਰਵਾਈਆਂ ਬਾਰੇ ਵਿਸਥਾਰਿਤ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ।

ਆਪਰੇਸ਼ਨ ਦੇ ਉਦੇਸ਼ ਬਾਰੇ ਉਜਾਗਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਇਸ ਕਾਸੋ ਦਾ ਮੁੱਖ ਮਕਸਦ ਅਪਰਾਧੀ ਤੱਤਾਂ ‘ਤੇ ਨਿਗਰਾਨੀ ਰੱਖਣਾ, ਨਸ਼ਾ-ਸੰਬੰਧੀ ਗਤੀਵਿਧੀਆਂ ‘ਤੇ ਰੋਕ ਲਾਉਣਾ ਅਤੇ ਜਨਤਾ ਵਿਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲੰਧਰ ਪੁਲਿਸ ਅਗਾਂਹ ਵੀ ਇਸੇ ਤਰ੍ਹਾਂ ਦੇ ਸੰਗਠਿਤ ਅਤੇ ਪ੍ਰਭਾਵਸ਼ਾਲੀ ਸਰਚ ਓਪਰੇਸ਼ਨ ਜਾਰੀ ਰੱਖੇਗੀ।


author

Anmol Tagra

Content Editor

Related News