ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
Saturday, Nov 22, 2025 - 11:56 AM (IST)
ਗੁਰਦਾਸਪੁਰ(ਹਰਮਨ)- ਸ਼ਹਿਰ ਦੇ ਵਿਕਾਸ ਨੂੰ ਤੇਜ਼ ਰਫਤਾਰ ਨਾਲ ਅੱਗੇ ਵਧਾਉਣ ਲਈ ਨਗਰ ਕੌਂਸਲ ਗੁਰਦਾਸਪੁਰ ਦੇ ਹਾਊਸ ਦੀ ਮੀਟਿੰਗ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਅਗਵਾਈ ’ਚ ਮੀਟਿੰਗ ਦਫਤਰ ਦੇ ਹਾਲ ’ਚ ਹੋਈ। ਇਸ ’ਚ ਸ਼ਹਿਰ ਦੇ ਸਮੂਹ ਕੌਂਸਲਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਹਾਊਸ ਵੱਲੋਂ 9 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਐਡਵੋਕੇਟ ਪਾਹੜਾ ਨੇ ਦੱਸਿਆ ਕਿ ਪਾਸ ਕੀਤੇ ਪ੍ਰਸਤਾਵਾਂ ਅਧੀਨ ਸ਼ਹਿਰ ਦੀਆਂ 14.5 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਦਾ ਨਵੀਂ ਤਰ੍ਹਾਂ ਨਿਰਮਾਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ
ਇਨ੍ਹਾਂ ਸੜਕਾਂ ’ਚ ਗੀਤਾ ਭਵਨ ਰੋਡ ਤੋਂ ਹਨੂਮਾਨ ਚੌਕ, ਹਨੂਮਾਨ ਚੌਕ ਤੋਂ ਜਹਾਜ਼ ਚੌਕ, ਸ਼ਹੀਦੀ ਪਾਰਕ ਤੋਂ ਪੰਚਾਇਤ ਘਰ, ਸ਼ਹੀਦੀ ਪਾਰਕ ਤੋਂ ਬੱਸ ਸਟੈਂਡ ਪਿੱਛੇ ਰਸਤਾ, ਪੰਚਾਇਤ ਘਰ ਤੋਂ ਜੇਲ ਰੋਡ, ਡਾਕਖਾਨਾ ਚੌਕ ਤੋਂ ਨਗਰ ਕੌਂਸਲ ਦਫਤਰ, ਡਾਕਖਾਨਾ ਚੌਕ ਤੋਂ ਗੁਰਦੁਆਰਾ ਨਾਨਕ ਪਾਰਕ, ਹਨੂਮਾਨ ਚੌਕ ਤੋਂ ਬਟਾਲਾ ਚੌਕ, ਬਟਾਲਾ ਚੌਕ ਤੋਂ ਮੱਛੀ ਮੰਡੀ, ਹਰਦੋਛੰਨੀ ਰੋਡ ਤੋਂ ਨਬੀਪੁਰ ਕਾਲੋਨੀ, ਸ਼ਿਵ ਮੰਦਰ ਤੋਂ ਬਾਬੋਵਾਲ, ਬਾਬੋਵਾਲ ਤੋਂ ਲਿੱਤਰ, ਲਿੱਤਰ ਤੋਂ ਬਹਿਰਾਮਪੁਰ ਰੋਡ, ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 1 ਬਟਾਲਾ ਰੋਡ, ਸਕੀਮ ਨੰਬਰ 5 ਜੇਲ ਰੋਡ, ਵਾਰਡ ਨੰਬਰ 2 ਪਾਹੜਾ, ਸੰਗਲਪੁਰਾ ਰੋਡ, ਸਹਿਜਾਦਾ ਨੰਗਲ, ਬਾਜਵਾ ਕਾਲੋਨੀ, ਦੁਰਗਾ ਮੰਦਰ ਰੋਡ, ਸੀਵਰੇਜ ਬੋਰਡ ਦਫਤਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਪਾਰਕ, ਮੇਹਰ ਚੰਦ ਰੋਡ ਤੋਂ ਅਬਰੋਲ ਹਸਪਤਾਲ, ਕੈਲਾਸ਼ ਇਨਕਲੇਵ ਅਤੇ ਪਿੰਡ ਔਜਲਾ ਦਾ ਰਸਤਾ ਸ਼ਾਮਲ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਜ਼ਿਲ੍ਹੇ ਅੰਦਰ ਲੱਗੀਆਂ ਕਈ ਪਾਬੰਦੀਆਂ, 19 ਜਨਵਰੀ ਤੱਕ ਹੁਕਮ ਜਾਰੀ
ਪਾਹੜਾ ਨੇ ਦੱਸਿਆ ਕਿ ਸ਼ਹਿਰ ’ਚ ਪਾਣੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ 5 ਨਵੇਂ ਪੰਪ ਲਾਏ ਜਾ ਰਹੇ ਹਨ ਅਤੇ ਕਈ ਇਲਾਕਿਆਂ ’ਚ ਨਵੀਆਂ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਇਸ ਅਧੀਨ 17 ਕਰੋੜ 93 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਬਟਾਲਾ ਰੋਡ ਸ਼ਮਸ਼ਾਨਘਾਟ ਨੇੜੇ ਵਾਟਰ ਸਪਲਾਈ ਲਾਈਨ, ਨਵਾਂ ਪੰਪ ਅਤੇ ਟੈਂਕ, ਨਬੀਪੁਰ, ਬਾਬੋਵਾਲ ਅਤੇ ਰਜਿੰਦਰਾ ਗਾਰਡਨ ’ਚ ਵਾਟਰ ਸਪਲਾਈ ਪ੍ਰਾਜੈਕਟ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਗੋਬਿੰਦ ਨਗਰ, ਰਾਮ ਸ਼ਰਣਮ, ਨਬੀਪੁਰ, ਬੇਗਮਪੁਰਾ ਇਨਕਲੇਵ, ਵੈਰਕਾ ਅਤੇ ਹੋਰ ਇਲਾਕਿਆਂ ’ਚ ਵੀ ਪਾਣੀ ਦੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ 10 ਕਰੋੜ ਰੁਪਏ ਦੀ ਲਾਗਤ ਨਾਲ ਆਈ. ਟੀ. ਆਈ. ਖੇਤਰ ’ਚ ਸੀਵਰੇਜ ਅਤੇ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਅਤੇ ਬਾਜਵਾ ਕਾਲੋਨੀ ’ਚ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਲਾਏ ਜਾ ਰਹੇ ਹਨ। ਇਸ ਪ੍ਰਾਜੈਕਟ ਲਈ ਪਿਛਲੇ ਸਾਲ ਹੀ ਟੈਂਡਰ ਹੋ ਚੁੱਕੇ ਹਨ ਅਤੇ ਕੰਮ ਜਲਦ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੀ ਸੌਗਾਤ, 80 ਕਰੋੜ ਦਾ ਲੱਗੇਗਾ ਇਹ ਨਵਾਂ ਪ੍ਰਾਜੈਕਟ, ਮਿਲੇਗੀ ਖਾਸ ਸਹੂਲਤ
ਪਾਹੜਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ’ਚ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਲਈ 80 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਲਈ 3.21 ਕਰੋੜ ਰੁਪਏ ਦੇ ਖਰਚੇ ਨਾਲ 6 ਏਕੜ ਜ਼ਮੀਨ ਖਰੀਦੀ ਜਾ ਚੁੱਕੀ ਹੈ। ਪਿੰਡ ਔਜਲਾ ’ਚ ਪਹਿਲਾਂ ਸੀਵਰੇਜ ਦੀ ਸਹੂਲਤ ਨਾ ਹੋਣ ਕਰ ਕੇ ਰੁਕਾਵਟ ਸੀ ਪਰ ਹੁਣ ਉਥੋਂ ਵੀ ਸਿੱਧੀ ਪਾਈਪ ਲਾਈਨ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਪਹੁੰਚੇਗੀ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
