ਸੀ. ਬੀ. ਆਈ. ਸੀ. ਨੇ ਬਿਨਾਂ ਬਾਂਡ ਭਰੇ ਦਰਾਮਦ, ਬਰਾਮਦ ਦਿੱਤੀ ਛੋਟ
Saturday, May 08, 2021 - 06:12 PM (IST)
ਨਵੀਂ ਦਿੱਲੀ- ਸੈਂਟਰਲ ਇਨਡਾਇਰੈਕਟ ਟੈਕਸ ਤੇ ਕਸਟਮਸ ਬੋਰਡ (ਸੀ. ਬੀ. ਆਈ. ਸੀ.) ਨੇ ਵਪਾਰੀਆਂ ਨੂੰ ਕਸਟਮ ਡਿਊਟੀ ਅਧਿਕਾਰੀਆਂ ਸਾਹਮਣੇ ਬਾਂਡ ਭਰੇ ਬਿਨਾਂ ਵੀ ਜੂਨ ਤੱਕ ਚੀਜ਼ਾਂ ਦੀ ਦਰਾਮਦ ਦੀ ਛੋਟ ਦੇ ਦਿੱਤੀ ਹੈ।
ਮਹਾਮਾਰੀ ਕਾਰਨ ਵਿਦੇਸ਼ ਤੋਂ ਵਪਾਰ ਪ੍ਰਭਾਵਿਤ ਨਾ ਹੋਵੇ ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਸੀ. ਬੀ. ਆਈ. ਸੀ. ਨੇ ਸ਼ਨੀਵਾਰ ਨੂੰ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਦਰਾਮਦਕਾਰਾਂ ਤੇ ਬਰਾਮਦਕਾਰਾਂ ਨੂੰ 30 ਜੂਨ ਤੱਕ ਬਾਂਡ ਦੇ ਬਦਲੇ ਕਸਟਮ ਡਿਊਟੀ ਅਧਿਕਾਰੀਆਂ ਕੋਲ ਸਿਰਫ਼ ਇਕ ਵਚਨ ਪੱਤਰ ਜਮ੍ਹਾ ਕਰਾਉਣਾ ਹੋਵੇਗਾ।
ਬੋਰਡ ਨੇ ਕਿਹਾ ਕਿ ਵਪਾਰੀਆਂ ਨੇ ਵੱਖ-ਵੱਖ ਖੇਤਰਾਂ ਵਿਚ ਲਾਗੂ ਤਾਲਾਬੰਦੀ ਜਾਂ ਪਾਬੰਦੀਆਂ ਦੇ ਮੱਦੇਨਜ਼ਰ ਹੋਣ ਵਾਲੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕਸਟਮ ਦੇ ਕੁਝ ਮਾਮਲਿਆਂ ਵਿਚ ਬਾਂਡ ਦੇ ਬਦਲੇ ਵਚਨ ਪੱਤਰ ਸਵੀਕਾਰਨ ਕਰਨ ਦੀ ਬੇਨਤੀ ਕੀਤੀ ਸੀ। ਸੀ. ਬੀ. ਆਈ. ਸੀ. ਨੇ ਕਿਹਾ ਕਿ ਮਾਲ ਦੀ ਨਿਕਾਸੀ ਵਿਚ ਤੇਜ਼ੀ ਲਿਆਉਣ ਅਤੇ ਕਸਟਮ ਡਿਊਟੀ ਕੰਟਰੋਲ ਤੇ ਸਹੀ ਵਪਾਰ ਦੀ ਸਹੂਲਤ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਉਸ ਨੇ ਬਾਂਡ ਜਮ੍ਹਾ ਕਰਨ ਤੋਂ ਛੋਟ ਨੂੰ ਮਨਜ਼ੂਰੀ ਦਿੱਤੀ ਹੈ। ਨੋਟਿਸ ਵਿਚ ਕਿਹਾ ਗਿਆ, ''ਬੋਰਡ ਨੇ 30 ਜੂਨ 2021 ਤੱਕ ਬਾਂਡ ਦੇ ਬਦਲੇ ਵਚਨ ਪੱਤਰ ਲੈਣ ਦੀ ਸੁਵਿਧਾ ਨੂੰ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ।" ਸੀ. ਬੀ. ਆਈ. ਸੀ. ਨੇ ਪਿਛਲੇ ਸਾਲ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਵੀ ਇਹ ਸੁਵਿਧਾ ਦਿੱਤੀ ਸੀ।